ਸੰਘਰਸ਼ ਕਮੇਟੀ ਤੇ ਪ੍ਰਸ਼ਾਸਨ ਦਰਮਿਆਨ ਮੀਟਿੰਗ ਬੇਸਿੱਟਾ ਰਹੀ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵਫਦ ਨਾਲ ਮੀਟਿੰਗ ਕਰਦੇ ਵਧੀਕ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ|

ਗੁਰਬਖਸ਼ਪੁਰੀ
ਤਰਨ ਤਾਰਨ, 12 ਅਗਸਤ
ਅੰਮ੍ਰਿਤਸਰ-ਖੇਮਕਰਨ ਸ਼ਾਹ ਮਾਰਗ ’ਤੇ ਪਿੰਡ ਮੰਨਣ ਵਿਚ ਬਣਾਏ ਜਾਣ ਵਾਲੇ ਟੌਲ ਪਲਾਜ਼ਾ ਨੂੰ ਲੈ ਕੇ ਅੰਦੋਲਨ ਕਰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅਤੇ ਪ੍ਰਸ਼ਾਸਨ ਦਰਮਿਆਨ ਅੱਜਕੀਤੀ ਮੀਟਿੰਗ ਬੇਸਿੱਟਾ ਰਹੀ। ਜਥੇਬੰਦੀ ਨੇ ਇਹ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ 27 ਅਗਸਤ ਨੂੰ ਕੀਤੀ ਜਾਣ ਵਾਲੀ ਮੀਟਿੰਗ ਵਿਚ ਉਠਾਉਣ ਦਾ ਨਿਰਣਾ ਲਿਆ ਹੈ| ਜਥੇਬੰਦੀ ਮਾਮਲੇ ਨੂੰ ਲੈ ਕੇ ਪਹਿਲਾਂ ਹੀ 11 ਜੂਨ ਤੋਂ ਅੰਦੋਲਨ ਦੇ ਰਾਹ ’ਤੇ ਹੈ| ਵਧੀਕ ਡਿਪਟੀ ਕਮਿਸ਼ਨਰ (ਜਰਨਲ) ਸੰਦੀਪ ਰਿਸ਼ੀ ਨਾਲ ਮੀਟਿੰਗ ਕਰਨ ਵਾਲੇ ਵਫਦ ਦੀ ਅਗਵਾਈ ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ ਨੇ ਕੀਤੀ। ਵਫਦ ਵਿਚ ਹਰਪ੍ਰੀਤ ਸਿੰਘ ਸਿਧਵਾਂ, ਜਸਬੀਰ ਸਿੰਘ ਪਿੱਦੀ, ਸੁਖਵਿੰਦਰ ਸਿੰਘ ਸਭਰਾ, ਸਤਨਾਮ ਸਿੰਘ ਮਾਣੋਚਾਹਲ, ਜਗੀਰ ਸਿੰਘ ਚੁਤਾਲਾ, ਸਤਵਿੰਦਰ ਸਿੰਘ ਪੰਡੋਰੀ, ਸਤਨਾਮ ਸਿੰਘ ਖਾਰਾ, ਹਰਜੀਤ ਸਿੰਘ, ਹਰਜਿੰਦਰ ਸਿੰਘ ਮੰਨਣ ਨੇ ਵੀ ਸ਼ਮੂਲੀਅਤ ਕੀਤੀ|
ਸਥਾਨਕ ਐਸਡੀਐਮ ਸੁਰਿੰਦਰ ਸਿੰਘ ਵੀ ਮੀਟਿੰਗ ਹਾਜ਼ਰ ਹੋਏ| ਜਥੇਬੰਦੀ ਨੇ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਕਿ ਇਸ ਮਾਰਗ ’ਤੇ ਦੋ ਪ੍ਰਸਿੱਧ ਧਾਰਮਿਕ ਸਥਾਨ ਹੋਣ ਕਰਕੇ ਇਹ ਟੌਲ ਪਲਾਜ਼ਾ ਸ਼ਰਧਾਲੂਆਂ ਲਈ ਵਾਧੂ ਬੋਝ ਬਣੇਗਾ ਅਤੇ ਇਸ ਖਿਲਾਫ਼ ਇਲਾਕੇ ਦੇ 35 ਪਿੰਡਾਂ ਦੀਆਂ ਪੰਚਾਇਤਾਂ ਨੇ ਵੀ ਪਤੇ ਪਾਸ ਕਰਕੇ ਪ੍ਰਸ਼ਾਸਨ ਨੂੰ ਸੌਂਪੇ ਹਨ| ਮੀਟਿੰਗ ਦੇ ਬੇਸਿੱਟਾ ਰਹਿਣ ’ਤੇ ਜਥੇਬੰਦੀ ਨੇ ਆਪਣਾ ਅੰਦੋਲਨ ਜਾਰੀ ਰੱਖਣ ਦਾ ਵੀ ਐਲਾਨ ਕੀਤਾ ਹੈ|