ਸੰਘਣੀ ਧੁੰਦ ਕਾਰਨ ਜਨ-ਜੀਵਨ ਪ੍ਰਭਾਵਿਤ
ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 2 ਫਰਵਰੀ
ਖੇਤਰ ਵਿੱਚ ਅੱਜ ਸੰਘਣੀ ਧੁੰਦ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਅਨੁਸਾਰ ਅੱਜ ਵੱਡੇ ਤੜਕੇ ਤੋਂ 12 ਤੱਕ ਵਜੇ ਤੱਕ ਸੰਘਣੀ ਧੁੰਦ ਛਾਈ ਰਹੀ ਅਤੇ ਧੁੰਦ ਕਾਰਨ ਆਵਾਜਾਈ ਪ੍ਰਭਾਵਿਤ ਰਹੀ। ਬਾਅਦ ਦੁਪਹਿਰ ਮੌਸਮ ਕੁਝ ਸਾਫ਼ ਹੋਣ ’ਤੇ ਸੂਰਜ ਨਿਕਲਿਆ। ਬੱਦਲਵਾਈ ਅਤੇ ਸੀਤ ਲਹਿਰ ਕਾਰਨ ਲੋਕਾਂ ਨੂੰ ਧੁੱਪ ਤੋਂ ਵੀ ਰਾਹਤ ਨਹੀਂ ਮਿਲ ਸਕੀ। ਇਸ ਦੌਰਾਨ ਡਾ. ਅਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਬੱਚਿਆਂ, ਦਿਲ ਤੇ ਸਾਹ ਦੇ ਮਰੀਜ਼ਾਂ ਨੂੰ ਤੜਕੇ-ਆਥਣੇ ਠੰਢ ਦੌਰਾਨ ਘਰਾਂ ਤੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਬਿਮਾਰ ਅਤੇ ਉਮਰ ਦਰਾਜ਼ ਲੋਕਾਂ ਨੂੰ ਸਵੇਰੇ ਸੈਰ ਕਰਨ ਦੀ ਬਜਾਏ ਧੁੱਪ ਚੜ੍ਹੀ ਤੋਂ ਹੀ ਸੈਰ ਨੂੰ ਜਾਣਾ ਚਾਹੀਦਾ ਹੈ। ਕੋਹਰੇ ਤੇ ਮੁੜ ਪਰਤੀ ਧੁੰਦ ਦਾ ਡਰ ਹੁਣ ਕਿਸਾਨਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਖੇਤੀਬਾੜੀ ਵਿਕਾਸ ਅਫ਼ਸਰ ਕੁਲਬੀਰ ਸਿੰਘ ਦਾ ਕਹਿਣਾ ਕਿ ਕੋਹਰੇ ਤੇ ਠੰਢ ਦੇ ਪ੍ਰਭਾਵ ਕਾਰਨ ਕਈ ਵਾਰ ਪੌਦਿਆਂ ਦੇ ਪੱਤੇ, ਫੁੱਲ ਝੁਲਸਣੇ ਸ਼ੁਰੂ ਹੋ ਜਾਂਦੇ ਹਨ ਅਤੇ ਝੜਨ ਲੱਗ ਜਾਂਦੇ ਹਨ ਅਤੇ ਫਲੀਦਾਰ ਫ਼ਸਲਾਂ (ਮਟਰ,ਛੋਲੇ.ਸਰੋਂ) ਵਿੱਚ ਦਾਣੇ ਵੀ ਪ੍ਰਭਾਵਿਤ ਹੁੰਦੇ ਹਨ, ਜਿਸ ਦਾ ਅਸਰ ਫਲੀਦਾਰ ਫ਼ਸਲਾਂ ਦੇ ਝਾੜ ’ਤੇ ਪੈਂਦਾ ਹੈ। ਇਸ ਲਈ ਫ਼ਸਲਾਂ ਨੂੰ ਠੰਢ ਤੋਂ ਬਚਾਉਣ ਲਈ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਨੂੰ ਹਲਕਾ ਪਾਣੀ ਲਾਉਣਾ ਚਾਹੀਦਾ ਹੈ। ਵੈਟਰਨਰੀ ਡਾਕਟਰ ਅੰਮ੍ਰਿਤ ਸਿੰਘ ਦਾ ਕਹਿਣਾ ਕਿ ਪਸ਼ੂਆਂ ਨੂੰ ਧੁੰਦ ਦੇ ਹਟਣ ਤੋਂ ਬਾਅਦ ਹੀ ਸ਼ੈੱਡ ਤੋਂ ਬਾਹਰ ਕੱਢਿਆ ਜਾਵੇ, ਕੱਟਰੂਆਂ-ਵੱਛਰੂਆਂ ਦਾ ਵਿਸ਼ੇਸ਼ ਖ਼ਿਆਲ ਰੱਖਿਆ ਜਾਵੇ।