ਸੰਗੂਰਰ ਵਿੱਚ ਬੇਸਹਾਰਾ ਪਸ਼ੂਆਂ ਕਾਰਨ ਲੋਕ ਪ੍ਰੇਸ਼ਾਨ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 3 ਫਰਵਰੀ
ਸ਼ਹਿਰ ’ਚ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ ਤੇ ਇਸ ਵੱਡੀ ਸਮੱਸਿਆ ਨੂੰ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਨਿੱਤ ਦਿਨ ਸੜਕਾਂ ਉਪਰ ਘੁੰਮਦੇ ਬੇਸਹਾਰਾ ਪਸ਼ੂਆਂ ਕਾਰਨ ਹਾਦਸੇ ਵਾਪਰ ਰਹੇ ਹਨ ਅਤੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਜਿਸ ਤੋਂ ਸ਼ਹਿਰ ਦੇ ਲੋਕ ਬੇਹੱਦ ਪ੍ਰੇਸ਼ਾਨ ਹਨ। ਸ਼ਹਿਰ ਦੀਆਂ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਵਲੋਂ ਕਈ ਵਾਰ ਜ਼ਿਲ੍ਹਾ ਪ੍ਰਸ਼ਾਸਨ ਅੱਗੇ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਦੁਹਾਈ ਪਾਈ ਗਈ ਪਰ ਸਮੱਸਿਆ ਦਾ ਪਰਨਾਲਾ ਉਥੇ ਦਾ ਉਥੇ ਹੀ ਨਹੀਂ ਸਗੋਂ ਹੋਰ ਗੰਭੀਰ ਹੋ ਰਿਹਾ ਹੈ। ਸ਼ਹਿਰ ਵਿਚ ਅਵਾਰਾ ਪਸ਼ੂਆਂ ਦੇ ਵੱਗ ਸ਼ਰੇਆਮ ਬਾਜ਼ਾਰਾਂ ਵਿਚ ਲੋਕਾਂ ਦੀ ਜਾਨ ਦਾ ਖੌਫ਼ ਬਣੇ ਹੋਏ ਹਨ। ਨਿੱਤ ਦਿਨ ਸੜਕ ਹਾਦਸੇ ਵਾਪਰ ਰਹੇ ਹਨ ਅਤੇ ਕਈ ਵਿਅਕਤੀ ਆਪਣੀ ਜਾਨ ਗੁਆ ਚੁੱਕੇ ਹਨ ਅਤੇ ਹੱਡ-ਗੋਡੇ ਭੰਨਾ ਚੁੱਕੇ ਹਨ। ਵਾਪਰ ਰਹੇ ਹਾਦਸਿਆਂ ’ਚ ਲੋਕਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਸ਼ਹਿਰ ਦੇ ਬਜ਼ਾਰਾਂ ’ਚ ਸਾਨ੍ਹਾਂ ਦੇ ਭੇੜ ਅਤੇ ਇੱਕ-ਦੂਜੇ ਪਿੱਛੇ ਅਵਾਰਾ ਢੱਠਿਆਂ ਦੀ ਦੌੜ ਦੇ ਚਲਦਿਆਂ ਪਲਾਂ ’ਚ ਹੀ ਲੋਕਾਂ ਦੀ ਜਾਨ ਮੁੱਠੀ ਵਿਚ ਆ ਜਾਂਦੀ ਹੈ। ਅਵਾਰਾ ਪਸ਼ੂਆਂ ਨੇ ਕਿਸਾਨਾਂ ਦੀ ਨੀਂਦ ਹਰਾਮ ਕਰ ਰੱਖੀ ਹੈ। ਪਸ਼ੂਆਂ ਦੀ ਡਾਰਾਂ ਕਿਸਾਨਾਂ ਦੀ ਫਸਲ ਦਾ ਲਗਾਤਾਰ ਉਜਾੜਾ ਕਰ ਰਹੀਆਂ ਹਨ। ਕਿਸਾਨ ਜਥੇਬੰਦੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਦੇ ਥੱਕ ਚੁੱਕੀਆਂ ਹਨ ਪਰ ਪਰਾਲੀ ਦੀ ਸਮੱਸਿਆ ਵਾਂਗ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਸਰਕਾਰ ਤੇ ਪ੍ਰਸ਼ਾਸਨ ਬੇਵੱਸ ਨਜ਼ਰ ਆ ਰਿਹਾ ਹੈ। ਅਨੇਕਾਂ ਵਾਰ ਪਿੰਡਾਂ ਦੇ ਕਿਸਾਨ ਅਵਾਰਾ ਪਸ਼ੂਆਂ ਦੀਆਂ ਟਰਾਲੀਆਂ ਭਰ ਕੇ ਡੀ.ਸੀ. ਦਫ਼ਤਰ ਪੁੱਜ ਚੁੱਕੇ ਹਨ ਪਰ ਕੋਈ ਹੱਲ ਨਹੀਂ ਹੋਇਆ। ਸ਼ਹਿਰ ਦੇ ਹਰ ਕੋਨੇ ’ਚ ਅਵਾਰਾ ਪਸ਼ੂਆਂ ਦੀਆਂ ਡਾਰਾਂ ਘੁੰਮਦੀਆਂ ਨਜ਼ਰ ਆਉਂਦੀਆਂ ਹਨ ਅਤੇ ਨਿੱਤ ਦਿਨ ਸ਼ਹਿਰ ਦੀ ਟਰੈਫ਼ਿਕ ਲਈ ਵੀ ਅਵਾਰਾ ਪਸ਼ੂ ਵੱਡੀ ਸਮੱਸਿਆ ਬਣਦੇ ਹਨ। ਸ਼ਹਿਰ ਵਾਸੀ ਅਵਾਰਾ ਪਸ਼ੂਆਂ ਕਾਰਨ ਆਪਣੇ ਆਪ ਨੂੰ ਅਣਸੁਰੱਖਿਅਤ ਮਹਿਸੂਸ ਕਰਦੇ ਹਨ। ਆਮ ਲੋਕਾਂ ਦੀ ਜਾਨ ਲਈ ਖੌਫ਼ ਬਣੀ ਅਤੇ ਕਿਸਾਨਾਂ ਦੀਆਂ ਫਸਲਾਂ ਦੇ ਉਜਾੜੇ ਦਾ ਕਾਰਨ ਬਣੀ ਇਹ ਸਮੱਸਿਆ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ ਜਿਸ ਵੱਲ ਸਰਕਾਰਾਂ ਅਤੇ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਲੋੜ ਹੈ।