ਸੰਗਰੂਰ ਵਿੱਚ ਚੀਨੀ ਡੋਰ ਦੀ ਲਪੇਟ ’ਚ ਆਉਣ ਕਾਰਨ 14 ਜਣੇ ਜ਼ਖ਼ਮੀ
ਗੁਰਦੀਪ ਸਿੰਘ ਲਾਲੀ
ਸੰਗਰੂਰ, 2 ਫਰਵਰੀ
ਭਾਵੇਂ ਸ਼ਹਿਰ ’ਚ ਬਸੰਤ ਪੰਚਮੀ ਉਤਸ਼ਾਹ ਨਾਲ ਮਨਾਈ ਗਈ ਪਰ ਜ਼ਿਲ੍ਹਾ ਸਿਵਲ ਤੇ ਪੁਲੀਸ ਪ੍ਰਸ਼ਾਸਨ ਦੀ ਸਖ਼ਤੀ ਦੇ ਬਾਵਜੂਦ ਸ਼ਹਿਰ ’ਚ ਚੀਨੀ ਡੋਰ ਦੀ ਸ਼ਰੇਆਮ ਵਰਤੋਂ ਹੋਣ ਕਾਰਨ ਲੋਕਾਂ ਵਿਚ ਖੌਫ਼ ਰਿਹਾ। ਚੀਨੀ ਡੋਰ ਦੀ ਲਪੇਟ ’ਚ ਆਉਣ ਕਾਰਨ 14 ਵਿਅਕਤੀ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ। ਭਾਵੇਂ ਚੀਨੀਂ ਡੋਰ ਨਾਲ ਜ਼ਖ਼ਮੀ ਹੋਣ ਵਾਲਿਆਂ ਦੀ ਗਿਣਤੀ ਸਿਵਲ ਹਸਪਤਾਲ ਦੇ ਰਿਕਾਰਡ ਅਨੁਸਾਰ 14 ਹੈ ਪਰ ਜ਼ਖ਼ਮੀਆਂ ਦੀ ਗਿਣਤੀ ਇਸ ਤੋਂ ਵੀ ਵੱਧ ਹੋਣ ਦੀ ਸੰਭਾਵਨਾ ਹੈ। ਉਂਜ ਸਾਰਾ ਦਿਨ ਸ਼ਹਿਰ ਦੀਆਂ ਸੜਕਾਂ ਉਪਰ ਰਾਹਗੀਰ ਚੀਨੀ ਡੋਰ ਵਿਚ ਹੀ ਉਲਝਦੇ ਵੇਖੇ ਗਏ। ਹੋਰ ਤਾਂ ਹੋਰ ਚੀਨੀਂ ਡੋਰ ਦੀ ਵਰਤੋਂ ਨੂੰ ਰੋਕਣ ਵਾਸਤੇ ‘ਭਲਵਾਨੀ ਗੇੜਾ’ ਮਾਰਨ ਗਈ ਪੁਲੀਸ ਖੁਦ ਵੀ ਚੀਨੀ ਡੋਰ ’ਚ ਉਲਝਦੀ ਨਜ਼ਰ ਆਈ।
ਇਸ ਤੋਂ ਸਪੱਸ਼ਟ ਹੈ ਕਿ ਅਜਿਹੀ ਡੋਰ ਦੀ ਵਿਕਰੀ ਅਤੇ ਵਰਤੋਂ ਕਰਨ ਵਾਲਿਆਂ ’ਤੇ ਪੁਲੀਸ ਦੀ ਸਖਤੀ ਦਾ ਕੋਈ ਅਸਰ ਨਜ਼ਰ ਨਹੀਂ ਆਇਆ ਕਿਉਂਕਿ ਚੀਨੀਂ ਡੋਰ ਨਾਲ ਕਰੀਬ ਦਰਜਨ ਤੋਂ ਵੱਧ ਵਿਅਕਤੀਆਂ ਜਖ਼ਮੀਂ ਹੋਣਾ ਇੱਕ ਪ੍ਰਤੱਖ ਸਬੂਤ ਹੈ। ਉਧਰ ਅੱਜ ਪੁਲੀਸ ਵਲੋਂ ਚੀਨੀ ਡੋਰ ਦੇ ਮਾਮਲੇ ’ਚ ਨਾ ਤਾਂ ਕੋਈ ਕੇਸ ਦਰਜ ਕੀਤਾ ਗਿਆ ਅਤੇ ਨਾ ਹੀ ਡੋਰ ਬਰਾਮਦ ਹੋਈ। ਪੁਲੀਸ ਸ਼ਹਿਰ ’ਚ ਘਰਾਂ ਦੀਆਂ ਛੱਤਾਂ ਉਪਰ ਗੇੜੇ ਜ਼ਰੂਰ ਮਾਰਦੀ ਨਜ਼ਰ ਆਈ। ਪੁਲੀਸ ਬਰਨਾਲਾ ਰੋਡ ਓਵਰਬ੍ਰਿਜ ਤੋਂ ਲੰਘ ਰਹੇ ਰਾਹਗੀਰਾਂ ਨੂੰ ਨਾਕਾ ਲਗਾ ਕੇ ਪਲਾਸਟਿਕ ਡੋਰ ਤੋਂ ਬਚਣ ਲਈ ਜਾਗਰੂਕ ਵੀ ਕਰ ਰਹੀ ਸੀ। ਡੀਐੱਸਪੀ ਸੰਗਰੂਰ ਸੁਖਦੇਵ ਸਿੰਘ ਅਨੁਸਾਰ ਅੱਜ ਚੀਨੀ ਡੋਰ ਦੀ ਵਿਕਰੀ ਜਾਂ ਵਰਤੋਂ ਸਬੰਧੀ ਕੋਈ ਕੇਸ ਦਰਜ ਨਹੀਂ ਹੋਇਆ ਅਤੇ ਨਾ ਹੀ ਕੋਈ ਬਰਾਮਦਗੀ ਹੋਈ ਹੈ। ਸ਼ਹਿਰ ’ਚ ਜ਼ਮੀਨ ਤੋਂ ਲੈ ਕੇ ਆਸਮਾਨ ਤੱਕ ਬਸੰਤ ਪੰਚਮੀ ਦੇ ਤਿਉਹਾਰ ਦੀ ਗੂੰਜ ਪੈ ਰਹੀ ਸੀ। ਪਤੰਗਬਾਜ਼ੀ ਦੇ ਮੁਕਾਬਲਿਆਂ ਦੌਰਾਨ ਨੌਜਵਾਨਾਂ ਦੇ ਲਲਕਾਰਿਆਂ ਦੀ ਆਵਾਜ਼ ਦੂਰ-ਦੂਰ ਤੱਕ ਸੁਣਾਈ ਦੇ ਰਹੀ ਸੀ। ਘਰਾਂ ਦੀਆਂ ਛੱਤਾਂ ਉਪਰ ਚਲਦੇ ਸਪੀਕਰਾਂ ’ਚ ਪੰਜਾਬੀ ਗੀਤਾਂ ਉਪਰ ਨੌਜਵਾਨ ਝੂਮ ਰਹੇ ਸੀ। ਸਿਵਲ ਹਸਪਤਾਲ ਦੇ ਰਿਕਾਰਡ ਅਨੁਸਾਰ ਡੋਰ ਨਾਲ ਜ਼ਖ਼ਮੀ ਹੋਣ ਵਾਲਿਆਂ ’ਚ ਸੁਨੀਤਾ, ਮੋਹਿਤ, ਸਵਰਨ ਸਿੰਘ ਵਾਸੀਆਨ ਧੂਰੀ, ਜੋਨੀ, ਸੁਖਦੇਵ ਸਿੰਘ, ਲਾਜਵੰਤ ਰਾਏ, ਵਿਸ਼ਨੂੰ ਸੈਣੀ, ਗੈਵੀ, ਸੁਖਦੇਵ ਸਿੰਘ, ਸੱਤਪਾਲ ਸਿੰਘ, ਰੁਦਰ ਗਰਗ, ਨਿੱਕਾ ਸਿੰਘ, ਸਨੀ ਮੋਦਗਿਲ ਅਤੇ ਹਨੀ ਵਾਸੀਆਨ ਸੰਗਰੂਰ ਸ਼ਾਮਲ ਹਨ।