ਸੰਗਰੂਰ ਤਹਿਸੀਲ ’ਚ ਤਿੰਨ ਦਿਨਾਂ ਬਾਅਦ ਰਜਿਸਟਰੀਆਂ ਸ਼ੁਰੂ
ਗੁਰਦੀਪ ਸਿੰਘ ਲਾਲੀ
ਸੰਗਰੂਰ, 6 ਮਾਰਚ
ਜ਼ਿਲ੍ਹਾ ਹੈੱਡਕੁਆਰਟਰ ਦੀ ਤਹਿਸੀਲ ਵਿੱਚ ਲਗਾਤਾਰ ਤਿੰਨ ਦਿਨ ਰਜਿਸਟਰੀਆਂ ਦਾ ਕੰਮਕਾਜ ਮੁਕੰਮਲ ਤੌਰ ’ਤੇ ਠੱਪ ਰਹਿਣ ਮਗਰੋਂ ਅੱਜ ਚੌਥੇ ਦਿਨ ਰੌਣਕਾਂ ਪਰਤੀਆਂ ਹਨ। ਤਿੰਨ ਦਿਨਾਂ ਮਗਰੋਂ ਰਜਿਸਟਰੀਆਂ ਦਾ ਕੰਮ ਚਾਲੂ ਹੋਣ ਕਾਰਨ ਲੋਕਾਂ ਦੇ ਸੁੱਖ ਦਾ ਸਾਹ ਲਿਆ ਹੈ। ਭਾਵੇਂ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ’ਤੇ ਡਿਪਟੀ ਕਮਿਸ਼ਨਰ ਵਲੋਂ ਉਪ ਮੰਡਲ ਮੈਜਿਸਟ੍ਰੇਟ ਨੂੰ ਬਤੌਰ ਸਬ ਰਜਿਸਟਰਾਰ ਦੀ ਡਿਊਟੀ ’ਤੇ ਤਾਇਨਾਤ ਕਰਕੇ ਰਜਿਸਟਰੀਆਂ ਕਰਨ ਦੇ ਬਦਲਵੇਂ ਪ੍ਰਬੰਧ ਕੀਤੇ ਹਨ ਪਰ ਇਸ ਦੇ ਬਾਵਜੂਦ ਰਜਿਸਟਰੀਆਂ ਦਾ ਕੰਮ ਸ਼ੁਰੂ ਨਹੀਂ ਹੋਇਆ ਸੀ। ਬੀਤੀ 4 ਮਾਰਚ ਨੂੰ ਦੁਪਹਿਰ ਸਮੇਂ ਡਿਪਟੀ ਕਮਿਸ਼ਨਰ ਵਲੋਂ ਬਦਲਵੇਂ ਪ੍ਰਬੰਧਾਂ ਦੇ ਹੁਕਮ ਜਾਰੀ ਕਰ ਦਿੱਤੇ ਸਨ ਪਰ ਉਸ ਦਿਨ ਬਾਅਦ ਦੁਪਹਿਰ ਕੋਈ ਰਜਿਸਟਰੀ ਨਹੀਂ ਹੋਈ। ਲੰਘੇ ਦਿਨ 5 ਮਾਰਚ ਨੂੰ ਵੀ ਕੋਈ ਰਜਿਸਟਰੀ ਨਹੀਂ ਹੋਈ ਸੀ ਜਦੋਂ ਕਿ 3 ਮਾਰਚ ਨੂੰ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਸਮੂਹਿਕ ਛੁੱਟੀ ’ਤੇ ਸਨ। ਇਸ ਤਰ੍ਹਾਂ ਲਗਾਤਾਰ ਤਿੰਨ ਦਿਨ ਰਜਿਸਟਰੀਆਂ ਦਾ ਕੰਮਕਾਜ ਠੱਪ ਪਿਆ ਅਤੇ ਤਹਿਸੀਲ ਵਿਚ ਸੁੰਨ ਪੱਸਰੀ ਰਹੀ। ਪੰਜਾਬ ਰੈਵਨਿਊ ਆਫੀਸਰਜ਼ ਐਸੋਸੀਏਸ਼ਨ ਵਲੋਂ ਹੜਤਾਲ ਦਾ ਫੈਸਲਾ ਵਾਪਸ ਲੈਣ ਮਗਰੋਂ ਅੱਜ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਰਜਿਸਟਰੀਆਂ ਕਰਨ ਲਈ ਡਿਊਟੀ ’ਤੇ ਤਾਇਨਾਤ ਰਹੇ। ਸੰਗਰੂਰ ਤਹਿਸੀਲ ਵਿਚ ਅੱਜ ਚੌਥੇ ਦਿਨ ਕਰੀਬ 20 ਤੋਂ 25 ਰਜਿਸਟਰੀਆਂ ਹੋਈਆਂ ਅਤੇ ਸਾਰਾ ਦਿਨ ਤਹਿਸੀਲ ਦਫ਼ਤਰ ਵਿਚ ਰਜਿਸਟਰੀ ਕਰਾਉਣ ਵਾਲਿਆਂ ਦੀਆਂ ਰੌਣਕਾਂ ਲੱਗੀਆਂ ਰਹੀਆਂ। ਰਜਿਸਟਰੀ ਕਲਰਕ ਅਨੁਸਾਰ ਅੱਜ 20 ਤੋਂ 25 ਰਜਿਸਟਰੀਆਂ ਹੋਈਆਂ ਹਨ। ਤਿੰਨ ਦਿਨ ਰਜਿਸਟਰੀਆਂ ਦਾ ਕੰਮ ਠੱਪ ਰਹਿਣ ਕਾਰਨ ਜਿਥੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਉਥੇ ਸਰਕਾਰ ਦੇ ਖਜ਼ਾਨੇ ਨੂੰ ਵੀ ਮਾਲੀਆ ਜਮ੍ਹਾਂ ਨਹੀਂ ਹੋਇਆ। ਪੰਜਾਬ ਸਰਕਾਰ ਵਲੋਂ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੇ ਵੱਡੇ ਪੱਧਰ ’ਤੇ ਕੀਤੇ ਤਬਾਦਲਿਆਂ ’ਚ ਸੰਗਰੂਰ ਦੇ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਦੇ ਵੀ ਤਬਾਦਲੇ ਹੋਏ ਹਨ। ਭਲਕੇ ਨਵੇਂ ਅਧਿਕਾਰੀਆਂ ਦੇ ਡਿਊਟੀ ’ਤੇ ਹਾਜ਼ਰ ਹੋਣ ਦੀ ਉਮੀਦ ਹੈ।