For the best experience, open
https://m.punjabitribuneonline.com
on your mobile browser.
Advertisement

ਸੰਗਰੂਰ: ਜ਼ਿਲ੍ਹਾ ਬਾਰ ਐਸੋਸੀਏਸ਼ਨ ਵਿੱਚ ਗਰਾਂਟ ਦੀ ਦੁਰਵਰਤੋਂ

05:21 AM May 06, 2025 IST
ਸੰਗਰੂਰ  ਜ਼ਿਲ੍ਹਾ ਬਾਰ ਐਸੋਸੀਏਸ਼ਨ ਵਿੱਚ ਗਰਾਂਟ ਦੀ ਦੁਰਵਰਤੋਂ
Advertisement

ਗੁਰਦੀਪ ਸਿੰਘ ਲਾਲੀ
ਸੰਗਰੂਰ, 5 ਮਈ
ਜ਼ਿਲ੍ਹਾ ਬਾਰ ਐਸੋਸੀਏਸ਼ਨ ਸੰਗਰੂਰ ਵਿੱਚ ਕਥਿਤ ਤੌਰ ’ਤੇ ਦਸ ਲੱਖ ਰੁਪਏ ਦੀ ਗਰਾਂਟ ਦੀ ਦੁਰਵਰਤੋਂ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਮੌਜੂਦਾ ਪ੍ਰਧਾਨ ਦੀ ਸ਼ਿਕਾਇਤ ’ਤੇ ਸੰਗਰੂਰ ਪੁਲੀਸ ਨੇ ਸਾਬਕਾ ਪ੍ਰਧਾਨ ਅਤੇ ਸਾਬਕਾ ਸਕੱਤਰ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਥਾਣਾ ਸਿਟੀ ਪੁਲੀਸ ਵਲੋਂ ਦਰਜ ਐੱਫਆਈਆਰ ਅਨੁਸਾਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਢੀਂਡਸਾ ਨੇ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਸ਼ਿਕਾਇਤ ਕੀਤੀ ਹੈ, ਜਿਸ ਵਿੱਚ ਦੱਸਿਆ ਹੈ ਕਿ ਵਿੱਤ ਮੰਤਰੀ ਪੰਜਾਬ ਦੇ ਅਖਤਿਆਰੀ ਕੋਟੇ ਵਿਚੋਂ ਸਾਲ 2022-23 ਵਿਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੂੰ 10 ਲੱਖ ਰੁਪਏ ਦੀ ਗਰਾਂਟ ਜਾਰੀ ਹੋਈ ਸੀ। ਇਸ ਵਿਚੋਂ ਕੌਮਨ ਰੂਮ ਬਣਾਉਣ ਲਈ 8 ਲੱਖ ਰੁਪਏ ਅਤੇ ਲਾਇਬਰੇਰੀ ਲਈ ਕਿਤਾਬਾਂ ਲੈਣ ਵਾਸਤੇ 2 ਲੱਖ ਰੁਪਏ ਜਾਰੀ ਹੋਏ ਸਨ।
ਸ਼ਿਕਾਇਤ ’ਚ ਦੋਸ਼ ਲਾਇਆ ਹੈ ਕਿ ਆਰਟੀਆਈ ਰਾਹੀਂ ਜਦੋਂ ਗਰਾਂਟ ਨਾਲ ਸਬੰਧਤ ਸਾਰੇ ਰਿਕਾਰਡ ਦੀ ਕਾਪੀ ਲਈ ਗਈ ਤਾਂ ਉਕਤ ਸਮੇਂ ਦੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸਕੱਤਰ ਵੱਲੋਂ ਕਥਿਤ ਤੌਰ ’ਤੇ ਜਾਅਲੀ ਬਿੱਲ ਤਿਆਰ ਕਰਕੇ ਡਿਪਟੀ ਡਾਇਰੈਕਟਰ ਸਮਾਜ ਸੇਵਿੰਗ ਸੰਗਰੂਰ ਦੇ ਦਫ਼ਤਰ ਵਿੱਚ ਵਰਤੋਂ ਸਰਟੀਫਿਕੇਟ ਦੇ ਨਾਲ ਲਗਾਏ ਗਏ। ਉਨ੍ਹਾਂ ਦੋਸ਼ ਲਾਇਆ ਕਿ ਇਹ ਗਰਾਂਟ ਜਿਸ ਕੰਮ ਲਈ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੂੰ ਦਿੱਤੀ ਗਈ ਸੀ, ਉਹ ਗਰਾਂਟ ਉਥੇ ਨਹੀਂ ਲਗਾਈ ਗਈ ਅਤੇ ਇਸ ਰਕਮ ਦੀ ਉਸ ਸਮੇਂ ਦੇ ਪ੍ਰਧਾਨ ਅਤੇ ਸਕੱਤਰ ਵਲੋਂ ਦੁਰਵਰਤੋਂ ਕੀਤੀ ਗਈ।
ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਕਤ ਗਰਾਂਟ ਨਾਲ ਨਾ ਤਾਂ ਕੋਈ ਕੌਮਨ ਰੂਮ ਬਣਿਆ ਅਤੇ ਨਾ ਹੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਲਾਇਬਰੇਰੀ ਵਿਚ ਕੋਈ ਕਿਤਾਬਾਂ ਆਈਆਂ ਹਨ ਜਿਸ ਤੋਂ ਸਪੱਸ਼ਟ ਹੈ ਕਿ ਉਕਤ ਗਰਾਂਟ ਦੀ ਦੁਰਵਰਤੋਂ ਕੀਤੀ ਗਈ ਹੈ। ਇਸ ਸਬੰਧੀ ਸ਼ਿਕਾਇਤ ਡਿਪਟੀ ਕਮਿਸ਼ਨਰ ਸੰਗਰੂਰ ਵਲੋਂ ਜਾਂਚ ਲਈ ਜ਼ਿਲ੍ਹਾ ਪੁਲੀਸ ਮੁਖੀ ਸੰਗਰੂਰ ਨੂੰ ਭੇਜੀ ਗਈ ਜਿਸ ਤੋਂ ਬਾਅਦ ਡੀਐੱਸਪੀ ਪੱਧਰ ਦੇ ਅਧਿਕਾਰੀ ਤੋਂ ਜਾਂਚ ਕਰਵਾਈ ਗਈ।
ਜਾਂਚ ਤੋਂ ਬਾਅਦ ਥਾਣਾ ਸਿਟੀ ਪੁਲੀਸ ਸੰਗਰੂਰ ਵਿੱਚ ਸਾਬਕਾ ਪ੍ਰਧਾਨ ਵਨੀਤ ਦੁੱਗਲ ਅਤੇ ਸਾਬਕਾ ਸਕੱਤਰ ਤਰੁਣ ਗੋਇਲ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ।
ਇਸ ਸਬੰਧ ਵਿਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਸੁਖਜਿੰਦਰ ਸਿੰਘ ਢੀਂਡਸਾ ਨੇ ਦਸ ਲੱਖ ਰੁਪਏ ਦੀ ਗਰਾਂਟ ਦੀ ਦੁਰਵਰਤੋਂ ਹੋਣ ਅਤੇ ਜਾਅਲੀ ਬਿੱਲਾਂ ਬਾਰੇ ਸ਼ਿਕਾਇਤ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਇਸ ਸਬੰਧ ਵਿਚ ਥਾਣਾ ਸਿਟੀ ਪੁਲੀਸ ਦੇ ਇੰਚਾਰਜ ਕਰਮਜੀਤ ਸਿੰਘ ਨੇ ਕੇਸ ਦਰਜ ਹੋਣ ਦੀ ਪੁਸ਼ਟੀ ਕੀਤੀ ਹੈ। ਐੱਫਆਈਆਰ ਦੀ ਕਾਪੀ ‘ਪੰਜਾਬੀ ਟ੍ਰਿਬਿਊਨ’ ਕੋਲ ਮੌਜੂਦ ਹੈ।

Advertisement

ਗਰਾਂਟ ਦਾ ਇੱਕ-ਇੱਕ ਰੁਪਿਆ ਕਚਹਿਰੀ ’ਚ ਲਾਇਆ: ਦੁੱਗਲ
ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਵਨੀਤ ਦੁੱਗਲ ਦਾ ਕਹਿਣਾ ਹੈ ਕਿ ਗਰਾਂਟ ਦਾ ਇੱਕ-ਇੱਕ ਰੁਪਿਆ ਕਚਹਿਰੀ ਵਿੱਚ ਲੱਗਿਆ ਹੈ। ਜਿਸ ਕੰਮ ਲਈ ਗਰਾਂਟ ਆਈ ਸੀ ਉਹ ਕੰਮ ਪਹਿਲਾਂ ਹੋਇਆ ਸੀ, ਇਸ ਲਈ ਦਸ ਲੱਖ ਦੀ ਗਰਾਂਟ ’ਚੋਂ ਕਰੀਬ 7 ਲੱਖ 50 ਹਜ਼ਾਰ ਦਾ ਰੰਗ ਰੋਗਨ ਹੋਇਆ ਜਦੋਂ ਕਿ ਕਰੀਬ 3 ਲੱਖ 50 ਹਜ਼ਾਰ ਰੁਪਏ ਦੇ ਕੈਮਰੇ ਲੱਗੇ ਹਨ ਜਿਸ ਬਾਰੇ ਸਭ ਨੂੰ ਪਤਾ ਹੈ। ਉਨ੍ਹਾਂ ਦੋਸ਼ਾਂ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ।

Advertisement
Advertisement
Advertisement
Author Image

Mandeep Singh

View all posts

Advertisement