ਸੰਗਰੂਰ ’ਚ ਰਾਸ਼ਨ, ਦਵਾਈਆਂ, ਸਬਜ਼ੀਆਂ ਘਰਾਂ ਤੱਕ ਪਹੁੰਚਾਏਗਾ ਪ੍ਰਸ਼ਾਸਨ

ਸੰਗਰੂਰ ’ਚ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਰਾਸ਼ਨ ਸਮੱਗਰੀ ਦੇ ਵਾਹਨ ਰਵਾਨਾ ਕਰਦੇ ਹੋਏ।

ਗੁਰਦੀਪ ਸਿੰਘ ਲਾਲੀ
ਸੰਗਰੂਰ, 25 ਮਾਰਚ
ਕਰੋਨਾਵਾਇਰਸ ਦੇ ਪ੍ਰਭਾਵ ਤੋਂ ਜ਼ਿਲ੍ਹਾ ਵਾਸੀਆਂ ਨੂੰ ਬਚਾਉਣ ਲਈ ਲਗਾਏ ਕਰਫਿਊ ਦੌਰਾਨ ਲੋਕਾਂ ਦੀਆਂ ਘਰੇਲੂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਜ਼ਿਲ੍ਹਾ ਸੰਗਰੂਰ ਦੇ ਸ਼ਹਿਰੀ ਤੇ ਦਿਹਾਤੀ ਖੇਤਰਾਂ ’ਚ ਰਾਸ਼ਨ ਸਮੱਗਰੀ ਤੇ ਦਵਾਈਆਂ ਸਬੰਧੀ ਮੰਗ ਨੂੰ ਪੂਰਾ ਕਰਨ ਲਈ 100 ਟਰੈਕਟਰ ਟਰਾਲੀਆਂ ਰਾਹੀਂ ਰਾਸ਼ਨ ਸਮੱਗਰੀ ਤੇ 25 ਵਾਹਨਾਂ ਰਾਹੀਂ ਦਵਾਈਆਂ ਪਹੁੰਚਾਈਆਂ ਜਾਣਗੀਆਂ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਸ੍ਰੀ ਥੋਰੀ ਨੇ ਕਿਹਾ ਕਿ ਲੋਕਾਂ ਦੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ’ਤੇ ਰੋਕ ਨਹੀਂ ਲਗਾਈ ਗਈ ਪਰ ਸਮਾਂ ਨਿਰਧਾਰਤ ਕੀਤਾ ਗਿਆ ਹੈ ਜਿਸ ਤਹਿਤ ਰਾਸ਼ਨ, ਸਬਜ਼ੀਆਂ, ਫਲਾਂ ਦੇ ਨਾਲ ਨਾਲ ਐਲਪੀਜੀ ਦੇ ਸਿਲੈਂਡਰ ਵੀ ਘਰਾਂ ’ਚ ਪਹੁੰਚਾਏ ਜਾਣਗੇ, ਪਸ਼ੂਆਂ ਲਈ ਖੁਰਾਕ, ਪੋਲਟਰੀ ਦੀ ਖੁਰਾਕ ਸਪਲਾਈ ਚੇਨ ’ਚ ਛੋਟ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਬਜ਼ੀਆਂ ਦੀ ਨਿਰਵਿਘਨ ਸਪਲਾਈ ਲਈ ਸਮੂਹ ਮਾਰਕਿਟ ਕਮੇਟੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਸਿਰਫ ਰਿਕਸ਼ੇ ਰੇਹੜੀਆਂ, ਜਿਨ੍ਹਾਂ ਦੀ ਕਿ ਸਹੀ ਢੰਗ ਨਾਲ ਸੈਨੇਟਾਈਜ਼ ਹੋਈ ਹੋਵੇ, ਰਾਹੀਂ ਡੋਰ ਟੂ ਡੋਰ ਸਪਲਾਈ ਕੀਤੀ ਜਾਵੇ ਤੇ ਲੋਕ ਸਬਜ਼ੀ ਮੰਡੀਆਂ ਵਿੱਚ ਨਾ ਆਉਣ। ਉਨ੍ਹਾਂ ਕਿਹਾ ਕਿ ਕਰੋਨਾਵਾਇਰਸ ਦੇ ਪ੍ਰਭਾਵ ਤੋਂ ਲੋਕਾਂ ਨੂੰ ਬਚਾਉਣ ਲਈ ਲਗਾਏ ਗਏ ਕਰਫਿਊ ਦੀ ਪਾਲਣਾ ਨੂੰ ਯਕੀਨੀ ਬਣਾਉਣ ’ਚ ਲੋਕਾਂ ਦਾ ਸਹਿਯੋਗ ਜ਼ਰੂਰੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦੇਸ਼ ਭਰ ’ਚ 21 ਦਿਨਾਂ ਦੇ ਲੌਕਡਾਊਨ ਕਰਫਿਊ ਦੇ ਐਲਾਨ ਤੋਂ ਬਾਅਦ ਅੱਜ ਸਮੂਹ ਸਬ ਡਵੀਜ਼ਨਾਂ ਵਿੱਚੋਂ ਫੀਡਬੈਕ ਪ੍ਰਾਪਤ ਹੋਈ ਸੀ ਕਿ ਸਬਜ਼ੀ ਮੰਡੀਆਂ ਤੇ ਦਵਾਈਆਂ ਦੀਆਂ ਦੁਕਾਨਾਂ ਦੇ ਬਾਹਰ ਲੋਕਾਂ ਦੀ ਭੀੜ ਵਧ ਰਹੀ ਹੈ ਤਾਂ ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਦੀਆਂ ਹਰ ਮਹੱਤਵਪੂਰਨ ਲੋੜਾਂ ਨੂੰ ਪੂਰਾ ਕਰਨ ਲਈ ਇਹ ਕਦਮ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਨਾਗਰਿਕਾਂ ਨੂੰ ਹਰ ਢੁਕਵੀਂ ਜ਼ਰੂਰਤ ਘਰਾਂ ਵਿੱਚ ਹੀ ਮੁਹੱਈਆ ਕਰਵਾਉਣ ਲਈ ਜਿਥੇ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਦਾ ਹੈਲਪਲਾਈਨ ਨੰਬਰ 01672-232304 ਮੁਹੱਈਆ ਕਰਵਾਇਆ ਗਿਆ ਹੈ। ਜੇ ਕੋਈ ਵਿਅਕਤੀ, ਜੋ ਛੋਟ ਦੀ ਸ਼ੇ੍ਰਣੀ ਵਿੱਚ ਆਉਂਦਾ ਹੋਵੇ, ਦੁਆਰਾ ਕਰਫਿਊ ਦੇ ਪਾਸ ਬਣਵਾਉਣ ਲਈ ਹੈਲਪਲਾਈਨ ਨੰਬਰ 98151-85193 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਜੇ ਕਿਸੇ ਨੂੰ ਰਾਸ਼ਨ ਸਬੰਧੀ ਦਿੱਕਤ ਆ ਰਹੀ ਹੈ ਤਾਂ ਉਹ 01672-234188 ’ਤੇ ਸੰਪਰਕ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇ ਕਿਸੇ ਵੀ ਹੈਲਪਲਾਈਨ ’ਤੇ ਫੋਨ ਕਰਕੇ ਕਿਸੇ ਨਾਗਰਿਕ ਦੀ ਸਮੱਸਿਆ ਨਹੀਂ ਹੱਲ ਹੋ ਰਹੀ ਤਾਂ ਉਨ੍ਹਾਂ ਦਾ ਆਪਣਾ ਹੀ ਨਿੱਜੀ ਨੰਬਰ ਜਿਸ ’ਤੇ ਕਿ ਸਿਰਫ ਵਾਟਸਐਪ ਚੱਲੇਗਾ, ਮੁਹੱਈਆ ਕਰਵਾਇਆ ਗਿਆ ਹੈ ਜੋ 80549-16355 ਹੈ, ਇਸ ’ਤੇ ਆਪਣੀ ਸਮੱਸਿਆ ਪੰਜਾਬੀ ਜਾਂ ਅੰਗਰੇਜ਼ੀ ਵਿੱਚ ਟਾਈਪ ਕਰਕੇ ਆਪਣਾ ਨਾਂ, ਸੰਪਰਕ ਨੰਬਰ ਤੇ ਘਰ ਦਾ ਪਤਾ ਪਾ ਦਿੱਤਾ ਜਾਵੇ ਜਿਸ ਨੂੰ ਸਬੰਧਤ ਅਧਿਕਾਰੀ ਕੋਲ ਭੇਜ ਕੇ ਸਮੱਸਿਆ ਦਾ ਫੌਰੀ ਹੱਲ ਕਰਵਾਇਆ ਜਾਵੇਗਾ।