ਸੰਗਰੂਰ: ਗੁਦਾਮਾਂ ’ਚੋਂ ਕਣਕ ਦੀਆਂ ਬੋਰੀਆਂ ਚੋਰੀ ਕਰਨ ਵਾਲੇ ਗਰੋਹ ਦੇ 9 ਮੈਂਬਰ ਕਾਬੂ
ਗੁਰਦੀਪ ਸਿੰਘ ਲਾਲੀ
ਸੰਗਰੂਰ, 9 ਜੂਨ
ਸੰਗਰੂਰ ਜ਼ਿਲ੍ਹਾ ਪੁਲੀਸ ਵੱਲੋਂ ਦਿੜ੍ਹਬਾ ਅਤੇ ਸ਼ੇਰਪੁਰ ਇਲਾਕੇ ਵਿੱਚ ਸਥਿਤ ਗੁਦਾਮਾਂ ਵਿੱਚੋਂ ਕਣਕ ਦੀਆਂ ਬੋਰੀਆਂ ਦੀ ਲੁੱਟ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ 9 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਲ੍ਹਾ ਪੁਲੀਸ ਦਫ਼ਤਰ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਕਪਤਾਨ ਪੁਲੀਸ ਦਵਿੰਦਰ ਅੱਤਰੀ ਨੇ ਦੱਸਿਆ ਕਿ ਬੀਤੀ 20-21 ਮਈ ਦੀ ਦਰਮਿਆਨੀ ਰਾਤ ਨੂੰ ਕਰੀਬ 14-15 ਵਿਅਕਤੀਆਂ ਵੱਲੋਂ ਪਨਸਪ ਦੇ ਗੁਦਾਮ ਕਾਤਰੋਂ ਰੋਡ ਸ਼ੇਰਪੁਰ ਵਿੱਚ ਦਾਖਲ ਹੋ ਕੇ ਉੱਥੇ ਮੌਜੂਦ ਚੌਕੀਦਾਰਾਂ ਦੀ ਕੁੱਟਮਾਰ ਕੀਤੀ ਗਈ ਅਤੇ ਉਨ੍ਹਾਂ ਨੂੰ ਬੰਨ੍ਹ ਕੇ ਗੁਦਾਮ ਵਿੱਚੋਂ 256 ਬੋਰੀਆਂ ਕਣਕ ਚੋਰੀ ਕਰ ਕੇ ਫ਼ਰਾਰ ਹੋ ਗਏ ਸਨ ਜਿਸ ਸਬੰਧੀ ਥਾਣਾ ਸ਼ੇਰਪੁਰ ਵਿੱਚ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ 3-4 ਜੂਨ ਦੀ ਦਰਮਿਆਨੀ ਰਾਤ 10-15 ਵਿਅਕਤੀ ਪਨਗ੍ਰੇਨ ਦੇ ਗੁਦਾਮ ਦਿੜ੍ਹਬਾ ਵਿੱਚ ਦਾਖਲ ਹੋ ਕੇ 280 ਗੱਟੇ ਕਣਕ ਦੇ ਚੋਰੀ ਕਰ ਕੇ ਲੈ ਗਏ ਸਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲੀਸ ਮੁਖੀ ਸਰਤਾਜ ਸਿੰਘ ਚਾਹਲ ਵੱਲੋਂ ਵਾਰਦਾਤਾਂ ਨੂੰ ਟਰੇਸ ਕਰਨ ਲਈ ਐੱਸ.ਪੀ. ਦਵਿੰਦਰ ਅੱਤਰੀ (ਖੁਦ), ਡੀਐਸਪੀ ਦਲਜੀਤ ਸਿੰਘ ਵਿਰਕ ਦੀ ਨਿਗਰਾਨੀ ਹੇਠ ਇੰਸਪੈਕਟਰ ਸੰਦੀਪ ਸਿੰਘ ਇੰਚਾਰਜ ਸੀਆਈਏ ਬਹਾਦਰ ਸਿੰਘ ਵਾਲਾ ਅਤੇ ਮੁੱਖ ਅਫ਼ਸਰ ਥਾਣਾ ਸ਼ੇਰਪੁਰ ਅਤੇ ਦਿੜ੍ਹਬਾ ਦੀਆਂ ਟੀਮਾਂ ਬਣਾ ਕੇ ਤਫਤੀਸ਼ ਅਮਲ ਵਿਚ ਲਿਆਂਦੀ ਗਈ। ਗੁਪਤ ਜਾਣਕਾਰੀ ਦੇ ਆਧਾਰ ’ਤੇ ਜਗਦੀਸ਼ ਸਿੰਘ ਉਰਫ਼ ਬੁੱਧੂ ਵਾਸੀ ਬਲਵਾੜ, ਗੋਰਾ ਸਿੰਘ ਵਾਸੀ ਸਾਰੋਂ, ਬੱਗਾ ਸਿੰਘ ਵਾਸੀ ਸਾਰੋਂ, ਸਿਕੰਦਰ ਸਿੰਘ ਵਾਸੀ ਪਿੰਡ ਅਲੀਸ਼ੇਰ ਥਾਣਾ ਜ਼ੋਗਾ ਹਾਲ ਵਾਸੀ ਪਿੰਡ ਸਜੂਮਾ, ਹਰਪ੍ਰੀਤ ਸਿੰਘ ਉਰਫ਼ ਪਵਨ ਵਾਸੀ ਸਜੂਮਾਂ, ਸ਼ਗਨ ਸਿੰਘ ਵਾਸੀ ਸਜੂਮਾਂ, ਗੁਰਦੀਪ ਸਿੰਘ ਉਰਫ਼ ਚੂਚਾ ਵਾਸੀ ਮਹਿਲਾਂ, ਗੁਰਪ੍ਰੀਤ ਸਿੰਘ ਉਰਫ਼ ਚੀਚੂ ਵਾਸੀ ਮਹਿਲਾਂ ਅਤੇ ਕ੍ਰਿਸ਼ ਮਿੱਤਲ ਵਾਸੀ ਧੂਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਦੇ ਕਬਜ਼ੇ ’ਚੋਂ 421 ਗੱਟੇ ਕਣਕ ਵਜ਼ਨ 210 ਕੁਇੰਟਲ 50 ਕਿਲੋ ਸਮੇਤ ਟਰੱਕ ਬਰਾਮਦ ਕੀਤਾ ਗਿਆ ਹੈ।