ਸੜਕ ਹਾਦਸੇ ਵਿੱਚ ਪਤੀ ਦੀ ਮੌਤ; ਪਤਨੀ ਜ਼ਖ਼ਮੀ
ਦੀਪਕ ਠਾਕੁਰ
ਤਲਵਾੜਾ, 21 ਅਪਰੈਲ
ਹਾਜੀਪੁਰ-ਦਸੂਹਾ ਸੜਕ ਉੱਤੇ ਪੈਂਦੇ ਪਿੰਡ ਨੰਗਲ ਬਿਹਾਲਾਂ ’ਚ ਵਾਪਰੇ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਅਤੇ ਉਸ ਦੀ ਪਤਨੀ ਗੰਭੀਰ ਜ਼ਖਮੀ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਨੰਗਲ ਬਿਹਾਲਾਂ ਦੇ ਕੋਲ ਕਾਰ-ਮੋਟਰਸਾਈਕਲ ਦੀ ਟੱਕਰ ਵਿੱਚ ਮੋਟਰਸਾਈਕਲ ਚਾਲਕ ਬਲਕਾਰ ਸਿੰਘ ਪਿੰਡ ਜਖਰਾਵਲ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਹਾਦਸੇ ਵਿੱਚ ਬਲਕਾਰ ਸਿੰਘ ਦੀ ਪਤਨੀ ਗੰਭੀਰ ਜ਼ਖਮੀ ਹੋ ਗਈ। ਜਾਣਕਾਰੀ ਮੁਤਾਬਕ ਬਲਕਾਰ ਸਿੰਘ ਆਪਣੀ ਪਤਨੀ ਨਾਲ ਬਾਈਕ ’ਤੇ ਸਵਾਰ ਹੋ ਕੇ ਨੰਗਲ ਬਿਹਾਲਾਂ ਜਾ ਰਿਹਾ ਸੀ, ਇਸੇ ਦੌਰਾਨ ਸਰਕਾਰੀ ਸਕੂਲ ਕੋਲ ਹਾਜੀਪੁਰ ਵਾਲੇ ਪਾਸਿਓਂ ਆ ਰਹੀ ਕਾਰ ਨਾਲ ਉਨ੍ਹਾਂ ਦੀ ਟੱਕਰ ਹੋ ਗਈ। ਬਲਕਾਰ ਸਿੰਘ ਸਿਰ ਦੇ ਭਾਰ ਪੱਕੀ ਸੜਕ ’ਤੇ ਡਿੱਗ ਪਿਆ ਅਤੇ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਉਸ ਦੀ ਪਤਨੀ ਗੰਭੀਰ ਜ਼ਖ਼ਮੀ ਹੋ ਗਈ। ਉਸ ਨੂੰ ਸਥਾਨਕ ਲੋਕਾਂ ਨੇ ਦਸੂਹਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ। ਮੌਕੇ ’ਤੇ ਪਹੁੰਚੀ ਹਾਜੀਪੁਰ ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।