ਬੀਰਬਲ ਰਿਸ਼ੀਧੂਰੀ, 7 ਜੂਨਭਸੌੜ ਦੀ ਨਾਮਵਰ ਫੈਕਟਰੀ ਨੇੜੇ ਬੀਤੀ ਰਾਤ ਹੋਏ ਇੱਕ ਸੜਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ, ਜਦੋਂ ਕਿ ਇੱਕ ਬਜ਼ੁਰਗ ਗੰਭੀਰ ਜ਼ਖ਼ਮੀ ਹੋ ਗਿਆ। ਥਾਣਾ ਸਦਰ ਧੂਰੀ ਦੇ ਤਫਤੀਸ਼ੀ ਅਫ਼ਸਰ ਦਰਸ਼ਨ ਸਿੰਘ ਨੇ ਦੱਸਿਆ ਕਿ ਫੈਕਟਰੀ ਕੇਆਰਬੀਐੱਲ ਕੋਲ ਇੱਕ ਬਜ਼ੁਰਗ ਸੜਕ ਪਾਰ ਕਰ ਰਿਹਾ ਸੀ ਤਾਂ ਮੋਟਰਸਾਈਕਲ ਨਾਲ ਟੱਕਰ ਹੋਣ ਕਾਰਨ ਬਜ਼ੁਰਗ ਸੜਕ ਦੇ ਇੱਕ ਪਾਸੇ ਜਾ ਡਿੱਗਿਆ ਜਦੋਂ ਕਿ ਮੋਟਰਸਾਈਕਲ ਸਵਾਰ ਸੜਕ ’ਤੇ ਡਿੱਗ ਪਿਆ। ਇਸੇ ਦੌਰਾਨ ਸੜਕ ਤੋਂ ਲੰਘ ਰਹੇ ਕੈਂਟਰ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਤਫਤੀਸ਼ੀ ਦਰਸ਼ਨ ਸਿੰਘ ਨੇ ਦੱਸਿਆ ਕਿ ਕੈਂਟਰ ਸਵਾਰ ਦੀ ਸ਼ਨਾਖ਼ਤ ਕਰਨ ਲਈ ਵੀਡੀਓ ਕਢਵਾਈ ਗਈ ਹੈ ਜਦੋਂ ਮੋਟਰਸਾਈਕਲ ਸਵਾਰ ਦੀ ਲਾਸ਼ ਨੂੰ ਧੂਰੀ ਮੋਰਚਰੀ ਵਿੱਚ ਰੱਖਿਆ ਗਿਆ, ਜਿਸ ਦੀ ਹਾਲੇ ਸ਼ਨਾਖ਼ਤ ਨਹੀਂ ਹੋਈ। ਜ਼ਖ਼ਮੀ ਹੋਏ ਬਜ਼ੁਰਗ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ ਪਰ ਉਸ ਦੀ ਵੀ ਹਾਲੇ ਤੱਕ ਸ਼ਨਾਖ਼ਤ ਨਹੀਂ ਹੋ ਸਕੀ।