ਸੜਕ ਹਾਦਸੇ ’ਚ ਇੱਕ ਹਲਾਕ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 3 ਜੁਲਾਈ
ਥਾਣਾ ਲਾਡੋਵਾਲ ਦੇ ਇਲਾਕੇ ਚੂਹੜਪੁਰ ਪਿੰਡ ਵਾਲੀਆ ਰੋਡ ਵਿੱਖੇ ਹੋਏ ਇੱਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਹੈਦਰ ਐਨਕਲੇਵ ਨੂਰ ਗਾਰਡਨ ਹੈਬੋਵਾਲ ਕਲਾਂ ਵਾਸੀ ਸਿਕੰਦਰ ਸਿੰਘ ਦਾ ਲੜਕਾ ਰਾਜ (20) ਆਪਣੇ ਦੋਸਤ ਅਮਨ ਕੁਮਾਰ ਨਾਲ ਮੋਟਰਸਾਈਕਲ ’ਤੇ ਜਾ ਰਿਹਾ ਸੀ। ਇਸ ਦੌਰਾਨ ਪਿੰਡ ਚੂਹੜਪੁਰ ਤੋਂ ਲਾਦੀਆਂ ਰੋਡ ’ਤੇ ਰਾਜਿੰਦਰ ਕੁਮਾਰ ਵਾਸੀ ਸਰਕੂਲਰ ਰੋਡ ਨਵੀਂ ਅਬਾਦੀ ਕਪੂਰਥਲਾ ਨੇ ਬੋਨ ਬਰੈੱਡ ਕੰਪਨੀ ਦੀ ਗੱਡੀ ਉਨ੍ਹਾਂ ਵਿੱਚ ਮਾਰੀ, ਜਿਸ ਨਾਲ ਉਹ ਹੇਠਾਂ ਡਿੱਗ ਪਏ ਅਤੇ ਸਖ਼ਤ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਇਲਾਜ਼ ਲਈ ਪੀਜੀਆਈ ਹਸਪਤਾਲ ਲੈ ਕੇ ਗਏ ਜਿੱਥੇ ਉਸਦੇ ਲੜਕੇ ਦੀ ਮੌਤ ਹੋ ਗਈ। ਥਾਣੇਦਾਰ ਰਵੀ ਕੁਮਾਰ ਨੇ ਦੱਸਿਆ ਹੈ ਕਿ ਪੁਲੀਸ ਪਾਰਟੀ ਵੱਲੋਂ ਰਾਜਿੰਦਰ ਕੁਮਾਰ ਵਾਸੀ ਸਰਕੂਲਰ ਰੋਡ ਨਵੀਂ ਅਬਾਦੀ ਕਪੂਰਥਲਾ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
ਇਸੇ ਤਰ੍ਹਾਂ ਥਾਣਾ ਡਾਬਾ ਦੇ ਇਲਾਕੇ ਸਤਿਗੁਰੂ ਨਗਰ ਵਿੱਚ ਹਰਪ੍ਰੀਤ ਸਿੰਘ ਵਾਸੀ ਸਤਿਗੁਰੂ ਨਗਰ ਆਪਣੇ ਦੋਸਤ ਨਾਲ ਆਪਣੀ ਐਕਟਿਵਾ ਪਰ ਸਵਾਰ ਹੋ ਕੇ ਸਤਿਗੁਰੂ ਨਗਰ ਜਾ ਰਿਹਾ ਸੀ ਤਾਂ ਅੱਗੋਂ ਹਰਪ੍ਰੀਤ ਨੇ ਆਪਣਾ ਮੋਟਰਸਾਈਕਲ ਤੇਜ਼ ਰਫ਼ਤਾਰੀ ਨਾਲ ਚਲਾ ਕੇ ਐਕਟਿਵਾ ਸਕੂਟਰ ਵਿੱਚ ਮਾਰਿਆ, ਜਿਸ ਨਾਲ ਉਹ ਹੇਠਾਂ ਡਿੱਗ ਪਏ ਅਤੇ ਉਸ ਦੀ ਸੱਜੀ ਲੱਤ ਟੁੱਟ ਗਈ। ਉਸ ਨੂੰ ਇਲਾਜ ਲਈ ਪਾਹਵਾ ਹਸਪਤਾਲ ਗਿੱਲ ਚੌਕ ਦਾਖ਼ਲ ਕਰਾਇਆ ਗਿਆ ਹੈ। ਥਾਣੇਦਾਰ ਪਰਵੇਸ਼ ਕੁਮਾਰ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।