ਸੜਕ ਹਾਦਸਿਆਂ ’ਚ ਬੱਚੀ ਸਣੇ ਦੋ ਹਲਾਕ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 9 ਜੂਨ
ਥਾਣਾ ਸਾਹਨੇਵਾਲ ਦੇ ਇਲਾਕੇ ਵਿੱਚ ਪੈਂਦੇ ਇੰਦਰਾ ਪਾਰਕ ਮੋੜ ਸੂਆ ਰੋਡ ਗਿਆਸਪੁਰਾ ਵਿੱਚ ਪਿਤਾ ਨਾਲ ਮੋਟਰਸਾਈਕਲ ’ਤੇ ਜਾ ਰਹੀ 10 ਸਾਲ ਦੀ ਲੜਕੀ ਦੀ ਮੌਤ ਹੋ ਗਈ। ਸ਼ਾਂਤੀ ਨਗਰ ਗਿਆਸਪੁਰਾ ਵਾਸੀ ਜਮਾਲੂਦੀਨ ਨੇ ਦੱਸਿਆ ਕਿ ਉਹ ਆਪਣੀ ਧੀ ਹਸੀਨਾ (10) ਤੇ ਉਸ ਦੀ ਦੋਸਤ ਖੁਸ਼ੀ ਨੂੰ ਘੁਮਾਉਣ ਲਈ ਲੈ ਕੇ ਗਿਆ ਸੀ। ਇੰਦਰਾ ਪਾਰਕ ਮੋੜ ਸੂਆ ਰੋਡ ’ਤੇ ਇੱਕ ਤੇਜ਼ ਰਫ਼ਤਾਰ ਕਾਰ ਦੇ ਚਾਲਕ ਨੇ ਪਿੱਛੇ ਤੋਂ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ ਜਿਸ ਨਾਲ ਹਸੀਨਾ ਸੜਕ ’ਤੇ ਡਿੱਗ ਪਈ ਤੇ ਕਾਰ ਦਾ ਟਾਇਰ ਉਸ ਦੇ ਢਿੱਡ ਉਪਰੋਂ ਲੰਘ ਗਿਆ। ਹਸਪਤਾਲ ਲਿਜਾਣ ਵੇੇਲੇ ਰਾਹ ਵਿੱਚ ਲੜਕੀ ਦੀ ਮੌਤ ਹੋ ਗਈ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।
ਇਸੇ ਤਰ੍ਹਾਂ ਥਾਣਾ ਪੀਏਯੂ ਦੇ ਇਲਾਕੇ ਕਿੰਗਸਟਨ ਰਿਜ਼ੌਰਟ ਹੰਬੜਾਂ ਰੋਡ ਨੇੜੇ ਇੱਕ ਮੋਟਰਸਾਈਕਲ ਵਿੱਚ ਬਲੇਰੋ ਗੱਡੀ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਪਿੰਡ ਇਯਾਲੀ ਖੁਰਦ ਵਾਸੀ ਹਰਪਾਲ ਸਿੰਘ ਦਾ ਲੜਕਾ ਮਨਪ੍ਰੀਤ ਸਿੰਘ ਰੰਧਾਵਾ ਮੋਟਰਸਾਈਕਲ ’ਤੇ ਜਾ ਰਿਹਾ ਸੀ ਜਦੋਂ ਜੈਨਪੁਰ ਬੱਸ ਸਟੈਂਡ ਨੇੜੇ ਬੋਲੇਰੋ ਚਾਲਕ ਸੁਨੀਲ ਕੁਮਾਰ ਵਾਸੀ ਜੋਸ਼ੀ ਨਗਰ ਹੈਬੋਵਾਲ ਕਲਾਂ ਨੇ ਮੋਟਰਸਾਈਕਲ ਵਿੱਚ ਟੱਕਰ ਮਾਰ ਦਿੱਤੀ। ਜ਼ਖ਼ਮੀ ਮਨਪ੍ਰੀਤ ਦੀ ਡੀਐੱਮਸੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਪੁਲੀਸ ਨੇ ਸੁਨੀਲ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।