ਸੜਕ ਸੁਰੱਖਿਆ ਫੋਰਸ ਨੇ ਪਰਿਵਾਰ ਨਾਲ ਕਰਵਾਇਆ ਬੱਚੇ ਦਾ ਮੇਲ
ਕੁਲਦੀਪ ਸੂਦ
ਹੰਢਿਆਇਆ, 7 ਜੂਨ
ਸੜਕ ਸੁਰੱਖਿਆ ਫੋਰਸ ਹੰਢਿਆਇਆ ਨੇ ਕੁਝ ਹੀ ਘੰਟਿਆਂ ਵਿੱਚ ਇੱਕ ਬੱਚੇ ਨੂੰ ਉਸ ਦੇ ਪਰਿਵਾਰ ਨਾਲ ਮੇਲ ਕਰਵਾ ਦਿੱਤਾ। ਸੜਕ ਸੁਰੱਖਿਆ ਫੋਰਸ ਦੇ ਏਐੱਸਆਈ ਗੁਰਬਖਸ਼ੀਸ਼ ਸਿੰਘ ਨੇ ਦੱਸਿਆ ਕਿ 1 ਬੱਚਾ ਅੜੀਸਰ ਗੁਰਦੁਆਰੇ ਤੋਂ ਹੰਢਿਆਇਆ ਕੈਂਚੀਆਂ ’ਤੇ ਆਟੋ ਰਾਹੀਂ ਪਹੁੰਚ ਗਿਆ। ਜਦੋਂ ਆਟੋ ਵਾਲੇ ਨੇ ਉਸ ਤੋਂ ਕਿਰਾਏ ਦੇ ਪੈਸੇ ਮੰਗੇ ਪ੍ਰੰਤੂ ਉਹ ਬੱਚਾ ਕੁਝ ਵੀ ਦੱਸਣ-ਬੋਲਣ ਵਿੱਚ ਅਸਮਰਥ ਸੀ। ਆਟੋ ਡਰਾਈਵਰ ਬੱਚੇ ਨੂੰ ਸੜਕ ਸੁਰੱਖਿਆ ਫੋਰਸ ਹੰਢਿਆਇਆ ਕੋਲ ਲੈ ਗਿਆ ਜਿਨ੍ਹਾਂ ਨੇ ਤੁਰੰਤ ਹੀ ਬੱਚੇ ਦੀ ਫੋਟੋ ਨੂੰ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੈਟਫਾਰਮਾਂ ’ਤੇ ਸ਼ੇਅਰ ਕਰ ਦਿੱਤੀ। ਜਦੋਂ ਇਹ ਫੋਟੋ ਹੰਢਿਆਇਆ ਦੇ ਸਮਾਜ ਸੇਵੀ ਸੁਰਜੀਤ ਸਿੰਘ ਕੋਲ ਪਹੁੰਚੀ ਤਾਂ ਉਨ੍ਹਾਂ ਤੁਰੰਤ ਪਛਾਣ ਕਰ ਕੇ ਸੜਕ ਸੁਰੱਖਿਆ ਫੋਰਸ ਹੰਢਿਆਇਆ ਨਾਲ ਸੰਪਰਕ ਕੀਤਾ। ਸੁਰਜੀਤ ਸਿੰਘ ਆਪਣੇ ਨਾਲ ਬੱਚੇ ਦੀ ਮਾਤਾ ਬਿੰਦਰ ਕੌਰ ਨੂੰ ਲੈ ਕੇ ਹੰਢਿਆਇਆ ਕੈਂਚੀਆਂ ਪਹੁੰਚੇ ਜਿੱਥੇ ਉਸ ਦੀ ਮਾਤਾ ਬਿੰਦਰ ਕੌਰ ਨੇ ਦੱਸਿਆ ਕਿ ਉਹ ਹੰਢਿਆਇਆ ਦੇ ਹੀ ਵਸਨੀਕ ਹਨ। ਉਸ ਦੇ ਬੇਟੇ ਦਾ ਨਾਮ ਨਵਜੋਤ ਸਿੰਘ ਹੈ ਅਤੇ ਉਹ ਗੁਰਦੁਆਰਾ ਅੜੀਸਰ ਸਾਹਿਬ ਵਿੱਚ ਦੁਕਾਨ ਲਾਉਂਦੀ ਹੈ। ਉਨ੍ਹਾਂ ਦੱਸਿਆ ਕਿ ਨਵਜੋਤ ਦਿਮਾਗੀ ਤੌਰ ’ਤੇ ਠੀਕ ਨਹੀਂ ਹੈ, ਜਿਸ ਕਾਰਨ ਇਹ ਬਿਨਾਂ ਦੱਸੇ ਹੰਢਿਆਇਆ ਕੈਂਚੀਆਂ ਵੱਲ ਆਉਂਦੇ ਆਟੋ ’ਤੇ ਬੈਠ ਗਿਆ ਅਤੇ ਇੱਥੇ ਪਹੁੰਚ ਗਿਆ।