ਨਿੱਜੀ ਪੱਤਰ ਪ੍ਰੇਰਕਧੂਰੀ, 6 ਜੂਨਪੰਜਾਬ ਕਾਂਗਰਸ ਕਮੇਟੀ ਕਿਸਾਨ ਵਿੰਗ ਦੇ ਜਨਰਲ ਸਕੱਤਰ ਅਤੇ ਹਲਕਾ ਧੂਰੀ ਤੋਂ ਆਗੂ ਹਰਦੀਪ ਸਿੰਘ ਦੌਲਤਪੁਰ ਨੇ ਅੱਜ ਸਥਾਨਕ ਮੁੱਖ ਮੰਤਰੀ ਕੈਂਪਸ ਦਫ਼ਤਰ ਦੇ ਇੰਚਾਰਜ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਨਾਲ ਮੁਲਾਕਾਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ’ਤੇ ਮੰਗ ਪੱਤਰ ਸੌਂਪਿਆ। ਉਨ੍ਹਾਂ ਕਿਹਾ ਕਿ ਕਰੋੜਾਂ ਰੁਪਏ ਦੀ ਲਾਗਤ ਨਾਲ ਸ਼ਹਿਰ ਅੰਦਰਲੀ ਸੜਕ ਦਾ ਨਵੀਨੀਕਰਨ ਕਰਵਾਇਆ ਜਾ ਰਿਹਾ ਹੈ ਪਰ ਠੇਕੇਦਾਰ ਵੱਲੋਂ ਕਾਹਲੇ ਕਦਮੀ ਗੈਰਮਿਆਰੀ ਕੰਮ ਕਰਵਾਇਆ ਜਾ ਰਿਹਾ ਹੈ। ਇਸ ਸੜਕ ’ਤੇ ਜੋ ਸੀਵਰੇਜ ਦੇ ਢੱਕਣ ਹਨ, ਉਨ੍ਹਾਂ ਉੱਪਰ ਲੁੱਕ ਪਾ ਕੇ ਢੱਕਣਾਂ ਨੂੰ ਬੰਦ ਕਰ ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਕਿ ਸੀਵਰੇਜ ਦੀ ਸਫ਼ਾਈ ਹੋਣੀ ਸੁਭਾਵਿਕ ਹੈ ਪਰ ਜਦੋਂ ਢੱਕਣ ਖੋਲ੍ਹੇ ਜਾਣਗੇ ਤਾਂ ਸੜਕਾਂ ’ਤੇ ਟੋਏ ਪੈ ਜਾਣਗੇ, ਜੋ ਮੁੜ ਦੋਪਹੀਆ ਵਾਹਨ ਚਾਲਕਾਂ ਲਈ ਹਾਦਸਿਆਂ ਦਾ ਸਬੱਬ ਬਣਨਗੇ। ਉਨ੍ਹਾਂ ਕਿਹਾ ਕਿ ਇਹ ਵਿਕਾਸ ਕਾਰਜਾਂ ਲੋਕਾਂ ਦੇ ਟੈਕਸ ਰੂਪੀ ਪੈਸਿਆਂ ਨਾਲ ਹੀ ਸੰਭਵ ਹੈ, ਪਰ ਇਸ ਤਰ੍ਹਾਂ ਪੈਸੇ ਦੀ ਬਰਬਾਦੀ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਸੀਵਰੇਜ ਢੱਕਣਾਂ ਦਾ ਲੇਵਲ ਸੜਕ ਦੇ ਬਰਾਬਰ ਕਰਵਾਉਣ ਅਤੇ ਸੜਕ ਦੀ ਉਸਾਰੀ ਦਾ ਕੰਮ ਕਿਸੇ ਤਕਨੀਕੀ ਅਧਿਕਾਰੀ ਦੀ ਨਿਗਰਾਨੀ ਹੇਠ ਮਿਆਰੀ ਕਰਵਾਉਣ ਦੀ ਮੰਗ ਕੀਤੀ।