ਨਿੱਜੀ ਪੱਤਰ ਪ੍ਰੇਰਕਨਾਭਾ, 30 ਜੂਨਇੱਥੇ ਅੱਜ ਸਵੇਰੇ ਨਾਭਾ ਮਾਲੇਰਕੋਟਲਾ ਰੋਡ ’ਤੇ ਪਿੰਡ ਦੋਦਾ ਨੇੜੇ ਇੱਕ ਮਹਿਲਾ ਦੀ ਲਾਸ਼ ਮਿਲੀ। ਮ੍ਰਿਤਕ ਦੇ ਸਿਰ ’ਤੇ ਕਿਸੇ ਤੇਜ਼ਧਾਰ ਹਥਿਆਰ ਨਾਲ ਕੀਤੇ ਵਾਰ ਦਾ ਨਿਸ਼ਾਨ ਸੀ ਤੇ ਲਾਸ਼ ਨੇੜੇ ਇੱਕ ਮੋਟਾ ਰੱਸਾ ਵੀ ਪਿਆ ਸੀ। ਪਿੰਡ ਵਾਸੀਆਂ ਨੇ ਪੁਲੀਸ ਨੂੰ ਇਤਲਾਹ ਕੀਤੀ ਤਾਂ ਪੜਤਾਲ ਦੌਰਾਨ ਪਤਾ ਲੱਗਿਆ ਕਿ ਮ੍ਰਿਤਕਾ ਅਹਿਮਦਗੜ੍ਹ ਦੀ ਵਸਨੀਕ ਹੈ, ਜਿਸ ਦਾ ਕਤਲ ਕਰਕੇ ਕਾਤਲ ਉਸ ਨੂੰ ਲਗਭਗ 50 ਕਿਲੋਮੀਟਰ ਦੂਰ ਇਥੇ ਸੁੱਟ ਗਏ। ਨਾਭਾ ਸਦਰ ਐੱਸਐੱਚਓ ਗੁਰਪ੍ਰੀਤ ਸਿੰਘ ਸਮਰਾਓ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਸਕੀਨਾ ਬੇਗਮ (35) ਵਜੋਂ ਕੀਤੀ ਗਈ। ਉਹ ਵਿਆਹੁਤਾ ਹੈ ਤੇ ਉਸ ਦੇ ਦੋ ਬੱਚੇ ਵੀ ਹਨ। ਉਨ੍ਹਾਂ ਦੱਸਿਆ ਕਿ ਅਹਿਮਦਗੜ੍ਹ ਥਾਣੇ ਵਿੱਚ ਸਕੀਨਾ ਬੇਗਮ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਸੀ। ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕਰਕੇ ਲਾਸ਼ ਅਹਿਮਦਗੜ੍ਹ ਪੁਲੀਸ ਹਵਾਲੇ ਕੀਤੀ ਗਈ ਹੈ।