ਖੇਤਰੀ ਪ੍ਰਤੀਨਿਧਪਟਿਆਲਾ, 7 ਜੂਨਭਾਜਪਾ ਮਹਿਲਾ ਮੋਰਚਾ ਦੀ ਸੂਬਾਈ ਪ੍ਰਧਾਨ ਬੀਬਾ ਜੈਇੰਦਰ ਕੌਰ ਵੱਲੋਂ ‘ਆਪ’ ਦੇ ਪਟਿਆਲਾ ਤੋਂ ਵਿਧਾਾਇਕ ਅਜੀਤਪਾਲ ਕੋਹਲੀ ਅਤੇ ਮੇਅਰ ਕੁੰਦਨ ਗੋਗੀਆ ’ਤੇ 20 ਕਰੋੜ ਨਾਲ ਬਣਨ ਵਾਲੀਆਂ ਸੜਕਾਂ ਸਬੰਧੀ ਧਾਂਦਲੀਆਂ ਕਰਨ ਦੇ ਲਾਏ ਗਏ ਦੋਸ਼ਾਂ ਦਾ ਗੰਭੀਰ ਨੋਟਿਸ ਲੈਂਦਿਆਂ ‘ਆਪ’ ਦੇ ਸੀਨੀਅਰ ਆਗੂ ਅਤੇ ਕੌਂਸਲਰ ਗੁਰਜੀਤ ਸਿੰਘ ਸਾਹਨੀ ਸਮੇਤ ਜਗਤਾਰ ਜੱਗੀ, ਰਮਨਦੀਪ ਕੌਰ ਅਤੇ ਮਹਿਲਾ ਵਿੰਗ ਦੀ ਸ਼ਹਿਰੀ ਪ੍ਰਧਾਨ ਮੋਨਿਕਾ ਸ਼ਰਮਾ ਨੇ ਭਾਜਪਾ ਆਗੂ ਦੀ ਕਰੜੀ ਆਲੋਚਨਾ ਕੀਤੀ ਹੈ।ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ‘ਆਪ’ ਆਗੂਆਂ ਨੇ ਕਿਹਾ ਕਿ ਨਗਰ ਨਿਗਮ ਨੇ ਪਹਿਲਾਂ ਟੈਂਡਰ ਪਹਿਲਾਂ ਰੱਦ ਕਰ ਦਿੱਤੇ ਸਨ ਤੇ ਫਿਰ ਬਾਅਦ ਵਿੱਚ ਪੰਜ ਫੀਸਦੀ ਘਟਾ ਕੇ ਮੁੜ ਤੋਂ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਉਂਜ ਵੀ ਇਹ ਮਾਮਲਾ ਵਿਧਾਇਕ ਦੇ ਅਧੀਨ ਨਾ ਆ ਕੇ ਨਗਰ ਨਿਗਮ ਅਧੀਨ ਆਉਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕੋਈ ਵੀ ਕਿਸੇ ਵੀ ਵੇਲੇ ਕਿਸੇ ਵੀ ਏਜੰਸੀ ਤੋਂ ਜਾਂਚ ਕਰਵਾ ਸਕਦਾ ਹੈ ਤੇ ਟੈਂਡਰ ਪ੍ਰੀਕਿਰਿਆ ਵੀ ਆਨਲਾਈਨ ਹੈ।‘ਆਪ’ ਆਗੂਆਂ ਨੇ ਕਿਹਾ ਕਿ ਸ਼ਹਿਰ ਦੀ ਵੱਡੀ ਤੇ ਛੋਟੀ ਨਦੀ, ਰਾਜਿੰਦਰਾ ਲੇਕ, ਹੈਰੀਟੇਜ਼ ਸਟਰੀਟ ਉਨ੍ਹਾਂ ਦੀਆਂ ਸਰਕਾਰਾਂ ਵੇਲੇ ਬਿਨਾਂ ਕਿਸੇ ਪਲਾਲਿੰਗ ਤੋਂ ਸ਼ੁਰੂ ਕੀਤੇ ਸਨ ਅਤੇ ਅੱਧ ਵਿਚਾਲੇ ਲਟਕ ਰਹੇ ਹਨ।