ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ
ਐਡਵੋਕੇਟ ਹਰਜਿੰਦਰ ਸਿੰਘ ਧਾਮੀ
ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੁਨੀਆ ਦੇ ਧਰਮ ਇਤਿਹਾਸ ਅੰਦਰ ਇਨਕਲਾਬੀ ਮੋੜ ਸੀ। ਇਸ ਸ਼ਹਾਦਤ ਨੇ ਜਿਥੇ ਧਾਰਮਿਕ ਕੱਟੜਤਾ ਦੇ ਨਾਂ ’ਤੇ ਮਨੁੱਖੀ ਅੱਤਿਆਚਾਰ ਦੀ ਪ੍ਰਵਿਰਤੀ ਨੂੰ ਚੁਣੌਤੀ ਦਿੱਤੀ, ਉਥੇ ਮਾਨਵਤਾ ਨੂੰ ਜਬਰ ਦੇ ਮੁਕਾਬਲੇ ਲਈ ਭੈਅ ਮੁਕਤ ਵੀ ਕੀਤਾ। ਇਹ ਪ੍ਰੇਰਣਾ ਅੱਜ ਵੀ ਹਰ ਸਿੱਖ ਲਈ ਰਾਹ-ਦਸੇਰਾ ਹੈ। ਗੁਰੂ ਸਾਹਿਬ ਦੀ ਸ਼ਹਾਦਤ ਨੇ ਸਿੱਖਾਂ ਨੂੰ ਜ਼ੁਲਮ ਨਾਲ ਟੱਕਰ ਲੈਣ, ਅਕਾਲ ਪੁਰਖ ਦਾ ਭਾਣਾ ਮੰਨਣ ਅਤੇ ਸਬਰ, ਸੰਤੋਖ, ਦ੍ਰਿੜ੍ਹਤਾ ਨਾਲ ਆਪਣੇ ਹੱਕਾਂ ਦੀ ਰੱਖਿਆ ਕਰ ਸਕਣ ਦਾ ਰਾਹ ਦਿਖਾ ਕੇ ਸਿੱਖੀ ਦੇ ਮਹਿਲ ਦੀਆਂ ਨੀਹਾਂ ਨੂੰ ਇੰਨਾ ਪੱਕਾ ਤੇ ਮਜ਼ਬੂਤ ਕਰ ਦਿੱਤਾ ਕਿ ਜ਼ੁਲਮ ਦੇ ਝੱਖੜ ਇਸ ਦਾ ਕੁਝ ਨਾ ਵਿਗਾੜ ਸਕੇ। ਇਸ ਸ਼ਹਾਦਤ ਨੇ ਸਿੱਖ ਮਰਜੀਵੜਿਆਂ ਨੂੰ ਹੱਕ ਸੱਚ ਖ਼ਾਤਿਰ ਕੁਰਬਾਨ ਹੋਣ ਦੀ ਅਜਿਹੀ ਜਾਚ ਸਿਖਾਈ ਕਿ ਉਨ੍ਹਾਂ ਨੇ ਸ਼ਹਾਦਤਾਂ ਦੀ ਲੰਮੀ ਲੜੀ ਸਿਰਜ ਦਿੱਤੀ। ਸ਼ਹਾਦਤਾਂ ਦੀ ਇਹ ਲੜੀ ਸਿੱਖ ਇਤਿਹਾਸ ਦਾ ਹਾਸਲ ਹੈ।
ਸ਼ਹੀਦ ਅਤੇ ਸ਼ਹਾਦਤ ਅਰਬੀ ਭਾਸ਼ਾ ਦੇ ਸ਼ਬਦ ਹਨ। ਕਿਸੇ ਉਚੇ-ਸੁੱਚੇ ਉਦੇਸ਼ ਲਈ ਨਿਸ਼ਕਾਮ ਰਹਿ ਕੇ ਕੁਰਬਾਨੀ ਦੇਣ ਵਾਲਾ ਸ਼ਹੀਦ ਅਖਵਾਉਂਦਾ ਹੈ। ਸਿੱਖ ਧਰਮ ਅੰਦਰ ‘ਸ਼ਹਾਦਤ’ ਸ਼ਬਦ ਬਹੁਤ ਹੀ ਸਤਿਕਾਰ ਭਰਿਆ ਹੈ। ਸਿੱਖੀ ਅੰਦਰ ਇਸ ਸ਼ਬਦ ਦੀ ਵਰਤੋਂ ਸੱਚ ਦੀ ਆਵਾਜ਼ ਬੁਲੰਦ ਰੱਖਣ ਲਈ ਦਿੱਤੀ ਗਈ ਕੁਰਬਾਨੀ ਦੀ ਗਵਾਹੀ ਵਜੋਂ ਹੈ ਅਤੇ ਇਹ ਗਵਾਹੀ ਕੋਈ ਆਮ ਨਹੀਂ, ਸਗੋਂ ਸਮਾਜਿਕ ਪ੍ਰਸੰਗ ਦੇ ਨਾਲ-ਨਾਲ ਰੂਹਾਨੀਅਤ ਨਾਲ ਵੀ ਭਰਪੂਰ ਹੈ। ਸ਼ਹੀਦ ਦੀ ਸ਼ਹਾਦਤ ਹਮੇਸ਼ਾ ਸੱਚ ਵਾਸਤੇ ਹੁੰਦੀ ਹੈ, ਇਸ ਕਰ ਕੇ ਸੱਚ ਅਤੇ ਸ਼ਹਾਦਤ ਦਾ ਰਿਸ਼ਤਾ ਵੀ ਅਟੁੱਟ ਹੈ। ਸਿੱਖ ਧਰਮ ਵਿਚ ਸੱਚ ’ਤੇ ਚੱਲਣ ਅਤੇ ਸੱਚ ਖਾਤਰ ਲੋੜ ਪੈਣ ’ਤੇ ਸ਼ਹਾਦਤ ਦੇਣ ਦਾ ਮਾਰਗ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਜਾਗਰ ਕੀਤਾ ਸੀ। ਆਪ ਜੀ ਨੇ ਗੁਰਬਾਣੀ ਅੰਦਰ ਹੁਕਮ ਕੀਤਾ:
ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥
(ਸ੍ਰੀ ਗੁਰੂ ਗ੍ਰੰਥ ਸਾਹਿਬ, 1412)
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਪਹਿਲੇ ਪਾਤਸ਼ਾਹ ਵੱਲੋਂ ਦਰਸਾਏ ਇਸ ਮਾਰਗ ਨੂੰ ਹੋਰ ਪੱਕਿਆਂ ਕੀਤਾ। ਪੰਜਵੇਂ ਪਾਤਸ਼ਾਹ ਜੀ ਦਾ ਸਾਰਾ ਜੀਵਨ ਪਰਉਪਕਾਰ ਤੇ ਉਚੇ ਆਦਰਸ਼ਾਂ ਲਈ ਬਤੀਤ ਹੋਇਆ। ਆਪ ਦੇ ਗੁਣ ਬੇਅੰਤ ਹਨ, ਪਰਉਪਕਾਰ ਤੇ ਸਿਫ਼ਤਾਂ ਵੀ ਬੇਸ਼ੁਮਾਰ ਹਨ।
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਸਿੱਖ ਇਤਿਹਾਸ ਵਿਚ ਪਹਿਲੀ ਤੇ ਦੁਨੀਆ ਦੇ ਇਤਿਹਾਸ ਵਿਚ ਲਾਸਾਨੀ ਤੇ ਬੇਮਿਸਾਲ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਅਸਲ ਕਾਰਨ ਜਹਾਂਗੀਰ ਬਾਦਸ਼ਾਹ ਦੀ ਧਾਰਮਿਕ ਕੱਟੜਤਾ ਅਤੇ ਤੰਗਦਿਲੀ ਸੀ। ਪੰਜਵੇਂ ਪਾਤਸ਼ਾਹ ਦੇ ਦਿਨੋ-ਦਿਨ ਵਧ ਰਹੇ ਤੇਜ ਪ੍ਰਤਾਪ ਨੂੰ ਬਰਦਾਸ਼ਤ ਕਰਨਾ ਇਸਲਾਮੀ ਸਰਕਾਰ, ਉਸ ਦੇ ਤੁਅੱਸਬੀ ਬਾਦਸ਼ਾਹ ਅਤੇ ਕੱਟੜਪੰਥੀ ਠੇਕੇਦਾਰਾਂ ਲਈ ਮੁਸ਼ਕਿਲ ਹੋ ਚੁੱਕਾ ਸੀ। ਪੰਜਵੇਂ ਪਾਤਸ਼ਾਹ ਦੇ ਚੜ੍ਹਦੀ ਕਲਾ, ਬੇਬਾਕ ਬਿਆਨ ਤੇ ਨਿਧੜਕ ਐਲਾਨ ਜਿਥੇ ਉਨ੍ਹਾਂ ਦੇ ਧਰਮ-ਕਰਮ ਦੀ ਵਿਲੱਖਣਤਾ, ਆਚਾਰ-ਸਦਾਚਾਰ ਦਾ ਨਿਆਰਾਪਨ, ਕਥਨੀ ਕਰਨੀ ਦੀ ਸੁਤੰਤਰਤਾ, ਸੁਭਾਅ ਦੀ ਨਿਰਭੈਤਾ ਅਤੇ ਸਿੱਖ ਲਹਿਰ ਦੇ ਅੱਗੇ ਵਧਣ ਦਾ ਸੂਚਕ ਸੀ, ਉਥੇ ਕਰਮਕਾਂਡੀ ਤੁਅੱਸਬੀ ਸ਼ਕਤੀਆਂ ਨੂੰ ਭਾਰੀ ਚੁਣੌਤੀ ਸੀ। ਗੁਰੂ ਘਰ ਪ੍ਰਤੀ ਸੰਗਤਾਂ ਵਿਚ ਵਧ ਰਹੀ ਸ਼ਰਧਾ ਬਾਰੇ ਸੁਨਣਾ ਹਾਕਮਾਂ ਨੂੰ ਬਿਲਕੁਲ ਵੀ ਪ੍ਰਵਾਨ ਨਹੀਂ ਸੀ। ਅਸਲ ਵਿਚ ਜਹਾਂਗੀਰ ਮੌਕੇ ਦੀ ਭਾਲ ਵਿਚ ਸੀ ਕਿ ਉਸ ਨੂੰ ਕਦੋਂ ਕੋਈ ਬਹਾਨਾ ਮਿਲੇ ਤੇ ਉਹ ਸਿੱਖ ਲਹਿਰ ਨੂੰ ਖਤਮ ਕਰ ਦੇਵੇ ਤੇ ਸਿੱਖਾਂ ਦੇ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਜਾਂ ਤਾਂ ਮੁਸਲਮਾਨ ਬਣਾ ਦੇਵੇ ਜਾਂ ਸ਼ਹੀਦ ਕਰ ਦੇਵੇ। ਇਸ ਗੱਲ ਦਾ ਜ਼ਿਕਰ ਉਹ ਆਪਣੀ ਸਵੈ-ਜੀਵਨੀ ‘ਤੁਜ਼ਕੇ ਜਹਾਂਗੀਰੀ’ ਵਿਚ ਵੀ ਕਰਦਾ ਹੈ। ਉਸ ਨੂੰ ਬਹਾਨੇ ਦੀ ਤਲਾਸ਼ ਸੀ ਜੋ ਉਸ ਨੂੰ ਖੁਸਰੋ ਦੀ ਬਗਾਵਤ ਵਿੱਚੋਂ ਮਿਲਿਆ। ਇਸ ਤੋਂ ਇਲਾਵਾ ਹੋਰ ਵੀ ਕਈ ਕਾਰਨ ਸਹਾਇਕ ਬਣੇ।
ਜਹਾਂਗੀਰ ਨੇ ਗੁਰੂ ਸਾਹਿਬ ਨੂੰ ਯਾਸਾ-ਏ-ਸਿਆਸਤ ਅਧੀਨ ਸਜ਼ਾ ਦਿੱਤੀ ਜਿਸ ਤੋਂ ਭਾਵ ਹੈ- ਤਸੀਹੇ ਦੇ ਕੇ ਮਾਰਨਾ। ਇਸ ਤਰ੍ਹਾਂ ਜਹਾਂਗੀਰ ਦੇ ਹੁਕਮ ਅਨੁਸਾਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ। ਗੁਰੂ ਸਾਹਿਬ ਨੂੰ ਸ਼ਹੀਦ ਕਰਨ ਸਮੇਂ ਕਈ ਤਰ੍ਹਾਂ ਦੇ ਅਕਹਿ ਤੇ ਅਸਹਿ ਤਸੀਹੇ ਦਿੱਤੇ ਗਏ। ਜ਼ਾਲਿਮਾਂ ਨੇ ਸਖ਼ਤ ਗਰਮੀ ਦੇ ਮੌਸਮ ਵਿਚ ਆਪ ਨੂੰ ਉਬਲਦੀ ਦੇਗ਼ ਵਿਚ ਬਿਠਾਇਆ, ਤੱਤੀ ਤਵੀ ’ਤੇ ਚੌਂਕੜਾ ਲਵਾਇਆ ਅਤੇ ਪਾਵਨ ਸੀਸ ’ਤੇ ਸੜਦੀ-ਬਲ਼ਦੀ ਰੇਤਾ ਪਾਈ। ਸਭ ਸਰੀਰਕ ਕਸ਼ਟ ਬੜੇ ਸਹਿਜ ਵਿਚ ਸਹਾਰਦਿਆਂ ਇਸ ਨੂੰ ਕਰਤਾਰ ਦਾ ਭਾਣਾ ਸਮਝ ਕੇ ਆਪ ਅਡੋਲ ਰਹੇ। ਇਸ ਤਰ੍ਹਾਂ ਅਨੇਕ ਤਸੀਹੇ ਦੇ ਕੇ ਸੰਨ 1606 ਈਸਵੀ ਵਿੱਚ ਆਪ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਇਸ ਮਹਾਨ ਸ਼ਹਾਦਤ ਵਾਲੇ ਸਥਾਨ ’ਤੇ ਰਾਵੀ ਕੰਢੇ ਲਾਹੌਰ ਵਿਖੇ ਗੁਰਦੁਆਰਾ ਡੇਰਾ ਸਾਹਿਬ ਸਥਿਤ ਹੈ।
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਸਿੱਖ ਕੌਮ ਵਿਚ ਜਬਰ ਵਿਰੁੱਧ ਸੰਘਰਸ਼ ਲਈ ਅਥਾਹ ਜੋਸ਼ ਭਰ ਦਿੱਤਾ। ਪੰਜਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਬਾਅਦ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ ਅਤੇ ਅਕਾਲ ਪੁਰਖ ਦਾ ਤਖ਼ਤ ਸਦਾ ਰਹਿਣ ਵਾਲਾ ‘ਅਕਾਲ ਤਖ਼ਤ’ ਰਚਿਆ। ਛੇਵੇਂ ਪਾਤਸ਼ਾਹ ਵੱਲੋਂ ਮੀਰੀ ਪੀਰੀ ਦੀਆਂ ਕਿਰਪਾਨਾਂ ਪਹਿਨਣਾ, ਸ਼ਸਤਰ ਇਕੱਠੇ ਕਰਨਾ, ਕਿਲ੍ਹੇ ਬਣਵਾਉਣਾ, ਸ਼ਾਹੀ ਫ਼ੌਜ ਦਾ ਡਟ ਕੇ ਟਾਕਰਾ ਕਰਨਾ ਤੇ ਉਨ੍ਹਾਂ ਨੂੰ ਕਰਾਰੀ ਹਾਰ ਦੇਣਾ ਇਸ ਸ਼ਹਾਦਤ ਦੇ ਫਲਸਰੂਪ ਹੀ ਅਮਲ ਵਿਚ ਆਏ ਸਨ। ਇਉਂ ਗੁਰੂ ਸਾਹਿਬ ਦੀ ਸ਼ਹਾਦਤ ਸਾਡੇ ਲਈ ਰਾਹ ਦਸੇਰਾ ਹੈ, ਜਿਸ ’ਤੇ ਚੱਲ ਕੇ ਅਸੀਂ ਆਪਣੇ ਧਰਮ ਦੇ ਸੁਨਹਿਰੀ ਅਸੂਲਾਂ ਖ਼ਾਤਿਰ ਜਬਰ ਜ਼ੁਲਮ ਦੇ ਟਾਕਰੇ ਲਈ ਸਦਾ ਤਿਆਰ ਰਹਿਣਾ ਹੈ। ਸੱਚ ਖ਼ਾਤਿਰ ਸੰਘਰਸ਼ਸ਼ੀਲ ਰਹਿਣਾ ਹੈ ਅਤੇ ਝੂਠ, ਅਨਿਆਂ ਆਦਿ ਦੀ ਜੜ੍ਹ ਪੁੱਟਣ ਲਈ ਕਦੇ ਵੀ ਪਿੱਛੇ ਨਹੀਂ ਹਟਣਾ।
*ਲੇਖਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਨ।