ਖੇਤਰੀ ਪ੍ਰਤੀਨਿਧਪਟਿਆਲਾ, 9 ਮਾਰਚਵਧੀਕ ਜ਼ਿਲ੍ਹਾ ਮੈਜਿਸਟਰੇਟ ਈਸ਼ਾ ਸਿੰਗਲ ਨੇ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸ੍ਰੀ ਕਾਲੀ ਦੇਵੀ ਮੰਦਰ ਕੰਪਲੈਕਸ ਪਟਿਆਲਾ ਅਤੇ ਇਸ ਦੇ ਆਲੇ ਦੁਆਲੇ ਲੱਗਦੇ 200 ਮੀਟਰ ਖੇਤਰ ਨੂੰ ‘ਨੋ ਡਰੋਨ ਜ਼ੋਨ’ ਐਲਾਨਿਆ ਹੈ। ਇਸੇ ਤਰ੍ਹਾਂ ਹੀ ਉਨ੍ਹਾਂ ਜ਼ਿਲ੍ਹਾ ਪਟਿਆਲਾ ’ਚ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਮੁੱਖ ਰੱਖਦਿਆਂ ਹਥਿਆਰਾਂ ਦੇ ਜਨਤਕ ਪ੍ਰਦਰਸ਼ਨ ’ਤੇ ਪੂਰਨ ਪਾਬੰਦੀ ਲਗਾਈ ਹੈ। ਇਹ ਪਾਬੰਦੀ ਸੋਸ਼ਲ ਮੀਡੀਆ ਸਮੇਤ ਵਿਆਹ ਸ਼ਾਦੀਆਂ/ਸਮਾਗਮਾਂ ਹੋਰ ਸਮਾਗਮਾਂ ਵਿੱਚ ਹਥਿਆਰਾਂ ਜਾਂ ਹਿੰਸਾ ਦੀ ਵਡਿਆਈ ਕਰਨ ਵਾਲੇ ਗੀਤਾਂ ’ਤੇ ਵੀ ਰਹੇਗੀ। ਜਨਤਕ ਇਕੱਠਾਂ, ਧਾਰਮਿਕ ਸਥਾਨਾਂ, ਵਿਆਹ ਪਾਰਟੀਆਂ ਜਾਂ ਹੋਰ ਸਮਾਗਮਾਂ ਵਿੱਚ ਵੀ ਹਥਿਆਰ ਲਿਜਾਣ ਅਤੇ ਪ੍ਰਦਰਸ਼ਨ ਕਰਨ ’ਤੇ ਪੂਰਨ ਪਾਬੰਦੀ ਲਾਈ ਗਈ ਹੈ। ਵੱਖਰੇ ਫ਼ੈਸਲੇ ’ਚ ਵਧੀਕ ਜ਼ਿਲ੍ਹਾ ਮੈਜਿਸਟਰੇਟ ਈਸ਼ਾ ਸਿੰਗਲ ਨੇ ਜ਼ਿਲ੍ਹਾ ਪਟਿਆਲਾ ਦੀ ਹਦੂਦ ਅੰਦਰ ਨਗਰ ਨਿਗਮ/ਨਗਰ ਕੌਂਸਲਾਂ/ਨਗਰ ਪੰਚਾਇਤਾਂ/ਪੰਚਾਇਤਾਂ ਵੱਲੋਂ ਹੱਡਾ ਰੋੜੀ ਲਈ ਨਿਰਧਾਰਤ ਕੀਤੇ ਸਥਾਨ ਤੋਂ ਇਲਾਵਾ ਹੋਰ ਕਿਸੇ ਵੀ ਅਣ-ਅਧਿਕਾਰਤ ਸਥਾਨ ’ਤੇ ਮੁਰਦਾ ਪਸ਼ੂ/ਜਾਨਵਰ ਨੂੰ ਸੁੱਟਣ ’ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਹੁਕਮਾਂ ’ਚ ਕਿਹਾ ਗਿਆ ਹੈ ਕਿ ਆਮ ਦੇਖਣ ਵਿੱਚ ਆਇਆ ਹੈ ਕਿ ਕਈ ਵਿਅਕਤੀਆਂ ਵੱਲੋਂ ਆਪਣੇ ਪਾਲਤੂ ਜਾਨਵਰਾਂ/ਪਸ਼ੂ ਦੀ ਮੌਤ ਹੋਣ ਉਪਰੰਤ ਮੁਰਦਾ ਪਸ਼ੂ/ਜਾਨਵਰ ਨੂੰ ਸਰਕਾਰ ਵੱਲੋਂ ਨਿਰਧਾਰਤ ਸਥਾਨ (ਹੱਡਾਰੋੜੀ) ’ਤੇ ਸੁੱਟਣ ਦੀ ਥਾਂ ਅਣ-ਅਧਿਕਾਰਤ (ਜਨਤਕ/ਰਿਹਾਇਸ਼ੀ) ਸਥਾਨਾਂ ਦੇ ਨਜ਼ਦੀਕ ਸੁੱਟ ਦਿੱਤਾ ਜਾਂਦਾ ਹੈ। ਅਜਿਹਾ ਕਰਨ ਨਾਲ ਉਸ ਸਥਾਨ ਦੇ ਆਲੇ-ਦੁਆਲੇ ਬਦਬੂ ਅਤੇ ਗੰਦਗੀ ਫੈਲਦੀ ਹੈ ਅਤੇ ਬਿਮਾਰੀ ਫੈਲਣ ਦਾ ਵੀ ਡਰ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਖਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।