ਸੋਹੇਲ ਖ਼ਾਨ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ
ਚੰਡੀਗੜ੍ਹ (ਆਤਿਸ਼ ਗੁਪਤਾ):
ਬੌਲੀਵੁੱਡ ਅਦਾਕਾਰ, ਫਿਲਮ ਪ੍ਰੋਡਿਊਸਰ ਤੇ ਨਿਰਦੇਸ਼ਕ ਸੋਹੇਲ ਖਾਨ ਨੇ ਅੱਜ ਚੰਡੀਗੜ੍ਹ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਿਹਾਇਸ਼ ’ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਫਿਲਮ ਨਿਰਦੇਸ਼ਕ ਵਿਕਰਮ ਚੌਪੜਾ ਵੀ ਉਨ੍ਹਾਂ ਦੇ ਨਾਲ ਮੌਜੂਦ ਰਹੇ। ਸੋਹੇਲ ਖਾਨ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਪੰਜਾਬ ਦੇ ਸੱਭਿਆਚਾਰ ਤੇ ਪੰਜਾਬੀ ਫਿਲਮ ਜਗਤ ਬਾਰੇ ਵਿਚਾਰ-ਵਟਾਂਦਰਾ ਕੀਤਾ। ਇਸ ਦੇ ਨਾਲ ਹੀ ਸੋਹੇਲ ਖਾਨ ਨੇ ਪੰਜਾਬੀਆਂ ਵੱਲੋਂ ਦਿੱਤੇ ਜਾ ਰਹੇ ਪਿਆਰ ਦੀ ਸ਼ਲਾਘਾ ਕੀਤੀ। ਭਗਵੰਤ ਮਾਨ ਨੇ ਸੋਹੇਲ ਖਾਨ ਤੇ ਫਿਲਮ ਡਾਇਰੈਕਟਰ ਵਿਕਰਮ ਚੋਪੜਾ ਨੂੰ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਭੇਟ ਕਰਕੇ ਸਨਮਾਨਿਤ ਕੀਤਾ ਹੈ। ਇਸ ਤੋਂ ਪਹਿਲਾਂ ਅੱਜ ਸਵੇਰ ਸਮੇਂ ਸੋਹੇਲ ਖਾਨ ਨੇ ਚੰਡੀਗੜ੍ਹ ਵਿੱਚ ਹੀ ਪੰਜਾਬ ਰਾਜ ਭਵਨ ਵਿੱਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਹੈ। ਸ੍ਰੀ ਕਟਾਰੀਆ ਨੇ ਵੀ ਸੋਹੇਲ ਖਾਨ ਤੇ ਵਿਕਰਮ ਚੋਪੜਾ ਦਾ ਸਨਮਾਨ ਕਰਦਿਆਂ ਨਿੱਘਾ ਸਵਾਗਤ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਸੋਹੇਲ ਖਾਨ ਬੀਤੇ ਦਿਨ ਵੀ ਚੰਡੀਗੜ੍ਹ ਵਿੱਚ ਹੀ ਸਨ। ਬੀਤੇ ਦਿਨ ਵੀ ਉਨ੍ਹਾਂ ਚੰਡੀਗੜ੍ਹ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਕੀਤੀ ਸੀ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੋਹੇਲ ਖਾਨ ਤੇ ਵਿਕਰਮ ਚੋਪੜਾ ਨੂੰ ਭਗਵਤ ਗੀਤਾ ਭੇਟ ਕਰਕੇ ਸਨਮਾਨਿਤ ਕੀਤਾ ਸੀ। ਜ਼ਿਕਰਯੋਗ ਹੈ ਕਿ ਫਿਲਮਾਂ ਦੀ ਸ਼ੂਟਿੰਗ ਲਈ ਪੰਜਾਬ ਨੂੰ ਵਧੇਰੇ ਪ੍ਰਸਿੱਧ ਮੰਨਿਆ ਗਿਆ ਹੈ। ਇਥੇ ਪਹਿਲਾਂ ਕਈ ਬੌਲੀਵੁੱਡ ਫ਼ਿਲਮਾਂ ਦੀ ਸ਼ੂਟਿੰਗ ਹੋ ਚੁੱਕੀ ਹੈ। ਇਸੇ ਦੌਰਾਨ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਵੀ ਸਾਲ 2023 ਦੌਰਾਨ ਪੰਜਾਬ ਵਿੱਚ ਫ਼ਿਲਮ ਸਿਟੀ ਬਣਾਉਣ ਦਾ ਐਲਾਨ ਕੀਤਾ ਗਿਆ ਸੀ। ਉਸ ਲਈ ਪੰਜਾਬ ਸਰਕਾਰ ਦੇ ਕੁਝ ਆਗੂਆਂ ਵੱਲੋਂ ਮੁੰਬਈ ਦਾ ਦੌਰਾ ਵੀ ਕੀਤਾ ਗਿਆ ਸੀ।