ਸੋਨੀਆ ਖ਼ਿਲਾਫ਼ ਖੱਟਰ ਦੀ ਟਿੱਪਣੀ ਤੋਂ ਵਿਵਾਦ

ਸੋਨੀਪਤ/ਨਵੀਂ ਦਿੱਲੀ, 14 ਅਕਤੂਬਰ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਾਂਗਰਸ ਵੱਲੋਂ ਆਪਣਾ ਪ੍ਰਧਾਨ ਚੁਣਨ ਲਈ ਤਿੰਨ ਮਹੀਨੇ ਲਾਉਣ ਮਗਰੋਂ ਪਾਰਟੀ ਪ੍ਰਧਾਨ ਵਜੋਂ ਮੁੜ ਸੋਨੀਆ ਗਾਂਧੀ ਨੂੰ ਚੁਣੇ ਜਾਣ ’ਤੇ ਟਿੱਪਣੀ ਕਰਦਿਆਂ ਕਿਹਾ, ‘‘ਖੋਦਾ ਪਹਾੜ ਨਿਕਲੀ ਚੂਹੀਆ ਤੇ ਉਹ ਵੀ ਮਰੀ ਹੋਈ।’’ ਸੋਨੀਪਤ ਨੇੜੇ ਖਰਖੋਦਾ ਵਿਚ ਹੋਈ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਖੱਟਰ ਨੇ ਕਾਂਗਰਸ ਅਤੇ ਜਨਨਾਇਕ ਜਨਤਾ ਪਾਰਟੀ (ਜੇਜੇਪੀ) ’ਤੇ ਤਿੱਖਾ ਹਮਲਾ ਕਰਦਿਆਂ ਮਤਦਾਤਾਵਾਂ ਨੂੰ ਕਿਹਾ, ‘ਤੁਹਾਨੂੰ ਪਤਾ ਹੈ ਕਿ ਇਹ ‘ਪਰਿਵਾਰਵਾਦੀ ਪਾਰਟੀਆਂ’ ਕਿਸ ਤਰ੍ਹਾਂ ਦਾ ਤਮਾਸ਼ਾ ਕਰ ਰਹੀਆਂ ਹਨ। ਹੁਣ ਪਰਿਵਾਰ ਵਿਚ ਹੀ ਝਗੜਾ ਸ਼ੁਰੂ ਹੋ ਗਿਆ ਹੈ। ਇਕ ਪਾਸੇ ‘ਪੱਪੂ’ ਹੈ ਤੇ ਦੂਜੇ ਪਾਸੇ ‘ਮੰਮੀ’।’ ਦੂਜੇ ਪਾਸੇ ਕਾਂਗਰਸ ਨੇ ਮੁੱਖ ਮੰਤਰੀ ਖੱਟਰ ਦੇ ‘ਚੂਹੀ’ ਵਾਲੇ ਬਿਆਨ ਲਈ ਉਨ੍ਹਾਂ ਨੂੰ ਤੁਰੰਤ ਮੁਆਫ਼ੀ ਮੰਗਣ ਲਈ ਕਿਹਾ ਹੈ। ਕਾਂਗਰਸ ਨੇ ਟਵੀਟ ਕਰ ਕੇ ਕਿਹਾ ਹੈ, ਮੁੱਖ ਮੰਤਰੀ ਦਾ ਇਹ ਬਿਆਨ ਸਹੀ ਨਹੀਂ ਹੈ। ਉਹ ਬਹੁਤ ਹੇਠਲੇ ਪੱਧਰ ’ਤੇ ਡਿੱਗ ਗਏ ਹਨ ਤੇ ਇਸ ਨਾਲ ਭਾਜਪਾ ਦਾ ਮਹਿਲਾ ਵਿਰੋਧੀ ਚਿਹਰਾ ਨੰਗਾ ਹੋਇਆ ਹੈ। ਅਸੀਂ ਉਨ੍ਹਾਂ ਦੇ ਬਿਆਨ ਦੀ ਨਿੰਦਾ ਕਰਦੇ ਹਾਂ ਤੇ ਮੰਗ ਕਰਦੇ ਹਾਂ ਕਿ ਉਹ ਮੁਆਫ਼ੀ ਮੰਗਣ।’
ਅੱਜ ਮਹਿਲਾ ਕਾਂਗਰਸ ਮੁਖੀ ਸੁਸ਼ਮਿਤਾ ਦੇਵ ਅਤੇ ਹਰਿਆਣਾ ਕਾਂਗਰਸ ਪ੍ਰਧਾਨ ਕੁਮਾਰੀ ਸੈਲਜਾ ਨੇ ਮਨੋਹਰ ਲਾਲ ਖੱਟਰ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਖੱਟਰ ਦਾ ਬਿਆਨ ਉਨ੍ਹਾਂ ਦੇ ਤੇ ਭਾਜਪਾ ਦੇ ਔਰਤ ਵਿਰੋਧੀ ਹੋਣ ਦਾ ਸਬੂਤ ਹੈ। ਉਨ੍ਹਾਂ ਨੇ ਸ੍ਰੀ ਖੱਟਰ ਨੂੰ ਮੁਆਫ਼ੀ ਮੰਗਣ ਲਈ ਕਿਹਾ ਹੈ। -ਪੀਟੀਆਈ

Tags :