ਸੈਕਟਰ 37-38 ਨੂੰ ਵੰਡਦੀ ਸੜਕ ’ਤੇ ਹਾਦਸਾ; ਦੋ ਹਲਾਕ

ਸਰਕਾਰੀ ਹਸਪਤਾਲ ਸੈਕਟਰ-16 ਦੇ ਮੁਰਦਾਘਰ ਦੇ ਬਾਹਰ ਖੜ੍ਹੇ ਮ੍ਰਿਤਕਾਂ ਦੇ ਰਿਸ਼ਤੇਦਾਰ

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 10 ਸਤੰਬਰ
ਇਥੇ ਸੈਕਟਰ-37 ਤੇ 38 ਨੂੰ ਵੰਡਦੀ ਸੜਕ ’ਤੇ ਲੰਘੀ ਰਾਤ ਸੜਕ ਹਾਦਸਾ ਵਾਪਰਨ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਪੁਲੀਸ ਅਨੁਸਾਰ ਲੰਘੀ ਰਾਤ ਸਾਢੇ ਗਿਆਰਾਂ ਵਜੇ ਦੋ ਵਿਅਕਤੀ ਐਕਟਿਵਾ ਸਕਟੂਰ ’ਤੇ ਜਾ ਰਹੇ ਸਨ। ਉਨ੍ਹਾਂ ਦਾ ਸਕੂਟਰ ਇਕਦਮ ਬੇਕਾਬੂ ਹੋ ਗਿਆ ਅਤੇ ਇਕ ਦਰੱਖਤ ਨਾਲ ਟਕਰਾ ਗਿਆ। ਇਸ ਕਾਰਨ ਉਹ ਦੋਵੇਂ ਗੰਭੀਰ ਜ਼ਖਮੀ ਹੋ ਗਏ। ਇਸੇ ਦੌਰਾਨ ਕਿਸੇ ਰਾਹਗੀਰ ਨੇ ਇਸ ਘਟਨਾ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਦੋਵਾਂ ਜ਼ਖਮੀਆਂ ਨੂੰ ਤੁਰੰਤ ਪੀਜੀਆਈ ਪਹੁੰਚਾਇਆ ਗਿਆ ਜਿਥੇ ਡਾਕਟਰਾਂ ਨੇ ਚੈੱਕ-ਅੱਪ ਕੀਤਾ ਅਤੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮ੍ਰਿਤਕਾਂ ਦੀ ਪਛਾਣ ਇਥੋਂ ਦੀ ਮਲੋਆ ਕਲੋਨੀ ਦੇ 45 ਸਾਲਾਂ ਦੇ ਮੁਕੇਸ਼ ਕੁਮਾਰ ਅਤੇ 44 ਸਾਲਾਂ ਦੇ ਕੰਵਰ ਲਾਲ ਵਜੋਂ ਹੋਈ ਹੈ।

ਮੁਕੇਸ਼ ਤੇ ਕੰਵਰ ਲਾਲ ਦੀਆਂ ਪੁਰਾਣੀਆਂ ਤਸਵੀਰਾਂ। -ਫੋਟੋਆਂ: ਪ੍ਰਦੀਪ ਤਿਵਾੜੀ

ਪੁਲੀਸ ਅਨੁਸਾਰ ਪਹਿਲਾਂ ਸਕੂਟਰ ਬੇਕਾਬੂ ਹੋਣ ਤੋਂ ਬਾਅਦ ਸੜਕ ਕਿਨਾਰੇ ਬਰਮ ਨਾਲ ਟਕਰਾਇਆ ਅਤੇ ਬਾਅਦ ਵਿਚ ਇਕ ਦਰੱਖਤ ਨਾਲ ਜਾ ਟਕਰਾਇਆ। ਇਸ ਦੌਰਾਨ ਦੋਵੇਂ ਵਿਅਕਤੀ ਸੜਕ ’ਤੇ ਘੜੀਸੇ ਗਏ ਅਤੇ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ। ਪੁਲੀਸ ਇਸ ਹਾਦਸੇ ਦੇ ਵੱਖ-ਵੱਖ ਪਹਿਲੂਆਂ ਦੀ ਘੋਖ ਕਰ ਰਹੀ ਹੈ। ਪੁਲੀਸ ਨੇ ਦੋਵੇਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਹਨ।