For the best experience, open
https://m.punjabitribuneonline.com
on your mobile browser.
Advertisement

ਸੈਕਟਰ-26 ਧਮਾਕਾ: ਵਾਰਦਾਤ ਤੋਂ ਬਾਅਦ ਮੁਹਾਲੀ ਦੇ ਰਸਤੇ ਫ਼ਰਾਰ ਹੋਏ ਹਮਲਾਵਰ

05:01 AM Nov 28, 2024 IST
ਸੈਕਟਰ 26 ਧਮਾਕਾ  ਵਾਰਦਾਤ ਤੋਂ ਬਾਅਦ ਮੁਹਾਲੀ ਦੇ ਰਸਤੇ ਫ਼ਰਾਰ ਹੋਏ ਹਮਲਾਵਰ
ਸੀਸੀਟੀਵੀ ਫੁਟੇਜ ਵਿੱਚ ਨਜ਼ਰ ਆ ਰਿਹਾ ਧਮਾਕੇ ਵਾਲੀ ਥਾਂ ਤੋਂ ਨਿਕਲਦਾ ਧੂੰਆਂ।
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 27 ਨਵੰਬਰ
ਚੰਡੀਗੜ੍ਹ ਦੇ ਸੈਕਟਰ-26 ਵਿੱਚ ਸਥਿਤ ਰੈਪਰ ਬਾਦਸ਼ਾਹ ਦੇ ਕਲੱਬ ਸਣੇ ਦੋ ਸਣੇ ਕਲੱਬਾਂ ਦੇ ਬਾਹਰ ਹੋਏ ਧਮਾਕੇ ਤੋਂ ਬਾਅਦ ਚੰਡੀਗੜ੍ਹ ਪੁਲੀਸ ਤੇ ਪੰਜਾਬ ਪੁਲੀਸ ਦੀਆਂ ਵੱਖ-ਵੱਖ ਟੀਮਾਂ ਜਾਂਚ ਵਿੱਚ ਲੱਗੀਆਂ ਹੋਈਆਂ ਹਨ। ਇਸ ਘਟਨਾ ਤੋਂ 36 ਘੰਟਿਆਂ ਮਗਰੋਂ ਵੀ ਚੰਡੀਗੜ੍ਹ ਪੁਲੀਸ ਦੇ ਹੱਥ ਕੁਝ ਨਹੀਂ ਲੱਗ ਸਕਿਆ ਹੈ। ਚੰਡੀਗੜ੍ਹ ਪੁਲੀਸ ਦਾ ਥਾਣਾ ਸੈਕਟਰ-26, ਅਪਰੇਸ਼ਨ ਸੈੱਲ, ਕ੍ਰਾਈਮ ਬ੍ਰਾਂਚ ਤੇ ਹੋਰਨਾਂ ਟੀਮਾਂ ਜਾਂਚ ਵਿੱਚ ਲੱਗੀਆਂ ਹੋਈਆਂ ਹਨ। ਇਨ੍ਹਾਂ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮਾਂ ਨੇ ਮੋਟਰਸਾਈਕਲ ’ਤੇ ਜਾਅਲੀ ਨੰਬਰ ਲਗਾਇਆ ਹੋਇਆ ਸੀ। ਇਸ ਤੋਂ ਇਲਾਵਾ ਪੁਲੀਸ ਵੱਲੋਂ ਘਟਨਾ ਵਾਲੀ ਥਾਂ ਤੋਂ ਲੈ ਕੇ ਸ਼ਹਿਰ ਦੇ ਵੱਖ-ਵੱਖ ਚੌਕਾਂ ਦੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ। ਸੀਸੀਟੀਵੀ ਕੈਮਰਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਾਹਮਣੇ ਆਇਆ ਕਿ ਮੁਲਜ਼ਮ ਸੈਕਟਰ-26 ਵਿੱਚ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਹਾਲੀ ਦੇ ਰਸਤੇ ਫ਼ਰਾਰ ਹੋ ਗਏ ਹਨ।
ਜਾਣਕਾਰੀ ਅਨੁਸਾਰ ਚੰਡੀਗੜ੍ਹ ਪੁਲੀਸ ਨੇ ਸੈਕਟਰ-26 ਤੋਂ ਲੈ ਕੇ ਸ਼ਹਿਰ ਦੇ ਵੱਖ-ਵੱਖ ਚੌਕਾਂ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖੀ ਤਾਂ ਏਅਰਪੋਰਟ ਰੋਡ ਮੁਹਾਲੀ ਤੱਕ ਦੇ ਸੀਸੀਟੀਵੀ ਕੈਮਰਿਆਂ ਵਿੱਚ ਮੋਟਰਸਾਈਕਲ ਸਵਾਰ ਸ਼ੱਕੀ ਨੌਜਵਾਨ ਦਿਖਾਈ ਦਿੱਤੇ ਜੋ ਏਅਰਪੋਰਟ ਰੋਡ ਤੋਂ ਗਾਇਬ ਹੋ ਗਏ ਹਨ। ਚੰਡੀਗੜ੍ਹ ਪੁਲੀਸ ਦਾ ਸ਼ੱਕ ਹੈ ਘਟਨਾ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਏਅਰਪੋਰਟ ਰੋਡ ਤੋਂ ਪਿੰਡਾਂ ਦੇ ਰਸਤੇ ਫ਼ਰਾਰ ਹੋ ਗਏ ਹਨ। ਹਾਲਾਂਕਿ ਚੰਡੀਗੜ੍ਹ ਪੁਲੀਸ ਵੱਲੋਂ ਪੰਜਾਬ ਪੁਲੀਸ ਦੇ ਸਹਿਯੋਗ ਨਾਲ ਪਿੰਡਾਂ ਦੇ ਰਸਤਿਆਂ ’ਤੇ ਵੀ ਜਾਂਚ ਕੀਤੀ ਜਾ ਰਹੀ ਹੈ, ਪਰ ਹਾਲੇ ਤੱਕ ਪੁਲੀਸ ਦੇ ਹੱਥ ਕੁਝ ਨਹੀਂ ਲੱਗਿਆ ਹੈ।
ਦੂਜੇ ਪਾਸੇ, ਚੰਡੀਗੜ੍ਹ ਪੁਲੀਸ ਵੱਲੋਂ ਦੋਵਾਂ ਕਲੱਬਾਂ ਦੇ ਮਾਲਕਾਂ ਤੇ ਮੈਨੇਜਰਾਂ ਦੇ ਫੋਨਕਾਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੁਲੀਸ ਵੱਲੋਂ ਮੋਬਾਈਲ ਟਾਵਰ ਦੇ ਡੰਪ ਨੂੰ ਵੀ ਖੰਗਾਲਿਆ ਜਾ ਰਿਹਾ ਹੈ। ਚੰਡੀਗੜ੍ਹ ਪੁਲੀਸ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ ’ਤੇ ਕਿਹਾ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਲੰਘੇ ਦਿਨ ਚੰਡੀਗੜ੍ਹ ਦੇ ਸੈਕਟਰ-26 ਵਿਚ ਸਥਿਤ ਰੈਪਰ ਬਾਦਸ਼ਾਹ ਤੇ ਨਾਲ ਲਗਦੇ ਕਲੱਬ ਦੇ ਬਾਹਰ ਮੰਗਲਵਾਰ ਸਵੇਰੇ 3.15 ਵਜੇ ਮੋਟਰਸਾਈਕਲ ਸਵਾਰ ਦੋ ਨੌਜਵਾਨ ਕੋਈ ਧਮਾਕਾਖੇਜ ਸਮੱਗਰੀ ਸੁੱਟ ਕੇ ਫ਼ਰਾਰ ਹੋ ਗਏ ਸਨ। ਇਸ ਦੌਰਾਨ ਵੱਡਾ ਧਮਾਕਾ ਹੋਇਆ ਸੀ, ਜਿਸ ਕਰ ਕੇ ਦੋ ਕਲੱਬਾਂ ਦੇ ਸ਼ੀਸ਼ੇ ਟੁੱਟ ਗਏ ਸਨ। ਇਸ ਘਟਨਾ ਦੌਰਾਨ ਕਿਸੇ ਕਿਸਮ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਸੀ। ਇਸ ਤੋਂ ਇਲਾਵਾ ਘਟਨਾ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਗੋਲਡੀ ਬਰਾੜ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਚੰਡੀਗੜ੍ਹ ਪੁਲੀਸ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਪੋਸਟ ਬਾਰੇ ਵੀ ਜਾਂਚ ਕਰ ਰਹੀ ਹੈ।

Advertisement

Advertisement

ਧਮਾਕੇ ਤੋਂ ਬਾਅਦ ਦੋ ਡੀਐੱਸਪੀ ਤੇ 15 ਇੰਸਪੈਕਟਰਾਂ ਦੇ ਤਬਾਦਲੇ
ਚੰਡੀਗੜ੍ਹ ਪੁਲੀਸ ਦੇ ਸੈਕਟਰ-26 ਵਿੱਚ ਕਲੱਬਾਂ ਦੇ ਬਾਹਰ ਹੋਏ ਧਮਾਕੇ ਤੋਂ ਕੁਝ ਘੰਟਿਆਂ ਬਾਅਦ ਹੀ ਚੰਡੀਗੜ੍ਹ ਪੁਲੀਸ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ। ਚੰਡੀਗੜ੍ਹ ਪੁਲੀਸ ਨੇ ਦੋ ਡੀਐੱਸਪੀ ਸਣੇ 15 ਇੰਸਪੈਕਟਰਾਂ ਦੇ ਤਬਾਦਲੇ ਕਰ ਦਿੱਤੇ ਹਨ। ਇਸ ਫੇਰਬਦਲ ਦੌਰਾਨ ਕਈ ਪੁਲੀਸ ਥਾਣਿਆਂ ਦੇ ਐੱਸਐੱਚਓ ਵੀ ਬਦਲ ਦਿੱਤੇ ਗਏ ਹਨ। ਇਹ ਆਦੇਸ਼ ਚੰਡੀਗੜ੍ਹ ਪੁਲੀਸ ਦੇ ਐੱਸਪੀ ਕੇਤਨ ਬਾਂਸਲ ਨੇ ਜਾਰੀ ਕੀਤੇ ਹਨ। ਸ੍ਰੀ ਬਾਂਸਲ ਵੱਲੋਂ ਜਾਰੀ ਆਦੇਸ਼ਾਂ ਅਨੁਸਾਰ ਡੀਐੱਸਪੀ ਉਦੈਪਾਲ ਸਿੰਘ ਨੂੰ ਡੀਐੱਸਪੀ ਸੈਂਟਰਲ ਅਤੇ ਸਖਵਿੰਦਰ ਪਾਲ ਸਿੰਘ ਸੋਂਧੀ ਨੂੰ ਡੀਐੱਸਪੀ ਸੁਰੱਖਿਆ ਹਾਈ ਕੋਰਟ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਇੰਸਪੈਕਟਰ ਬਲਦੇਵ ਕੁਮਾਰ ਨੂੰ ਐੱਸਐੱਚਓ ਐਂਟੀ ਨਾਰਕੋਟਿਕ ਟਾਸਕ ਫੋਰਸ, ਮਨਿੰਦਰ ਸਿੰਘ ਨੂੰ ਇੰਚਾਰਜ ਅਪਰੇਸ਼ਨ ਸੈੱਲ, ਸ਼ੇਰ ਸਿੰਘ ਨੂੰ ਇੰਚਾਰਜ ਪੀਓ ਤੇ ਸੰਮਨ ਸੈੱਲ, ਸਰਿਤਾ ਰੋਏ ਨੂੰ ਇੰਚਾਰਜ ਕੰਪਿਊਟਰ ਸੈੱਲ ਤੇ ਕੈਨਟੀਨ, ਰੋਹਿਤ ਕੁਮਾਰ ਨੂੰ ਐੱਸਐੱਚਓ ਥਾਣਾ ਸੈਕਟਰ-17, ਸਤਿੰਦਰ ਨੂੰ ਐੱਸਐੱਚਓ ਥਾਣਾ ਸੈਕਟਰ-34, ਜਸਬੀਰ ਸਿੰਘ ਨੂੰ ਐੱਸਐੱਚਓ ਥਾਣਾ ਮਲੋਆ, ਮਲਕੀਤ ਸਿੰਘ ਨੂੰ ਟਰੈਫਿਕ, ਜਸਪਾਲ ਸਿੰਘ ਨੂੰ ਪੀਸੀਆਰ, ਸੁਖਦੀਪ ਸਿੰਘ ਨੂੰ ਇੰਚਾਰਜ ਹਾਈ ਕੋਰਟ ਮੋਨੀਟਰਿੰਗ ਸੈੱਲ, ਰਾਜਦੀਪ ਸਿੰਘ ਨੂੰ ਸੁਰੱਖਿਆ ਵਿੰਗ, ਆਰਤੀ ਗੋਇਲ ਨੂੰ ਹਾਈ ਕੋਰਟ ਸੁਰੱਖਿਆ, ਦਿਆ ਰਾਮ ਨੂੰ ਸੀਡੀਆਈ ਤੇ ਆਰਆਈ ਲਾਈਨ, ਲਖਬੀਰ ਸਿੰਘ ਨੂੰ ਟਰੈਫਿਕ ਅਤੇ ਸਤਵਿੰਦਰ ਸਿੰਘ ਨੂੰ ਕ੍ਰਾਈਮ ਬ੍ਰਾਂਚ ਵਿੱਚ ਨਿਯੁਕਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਿੱਚ ਮੰਗਲਵਾਰ ਸਵੇਰੇ ਹੋਏ ਵੱਡੇ ਧਮਾਕਿਆਂ ਕਰ ਕੇ ਕਲੱਬ ਮਾਲਕਾਂ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।

Advertisement
Author Image

Balwant Singh

View all posts

Advertisement