ਸੈਂਟਰਲਾਈਜ਼ਡ ਦਾਖ਼ਲਾ ਪ੍ਰਕਿਰਿਆ ਨਾਲ ਹੋਣਗੇ ਬੀਐਡ ਦਾਖ਼ਲੇ
ਪੱਤਰ ਪ੍ਰੇਰਕ
ਚੰਡੀਗੜ੍ਹ, 9 ਜੂਨ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਅਕਾਦਮਿਕ ਸੈਸ਼ਨ 2025-27 ਲਈ ਬੈਚਲਰ ਆਫ ਐਜੂਕੇਸ਼ਨ (ਬੀਐੱਡ) ਕੋਰਸ ਲਈ ਸੈਂਟਰਲਾਈਜ਼ਡ ਦਾਖ਼ਲਾ ਪ੍ਰਕਿਰਿਆ ਕਰਵਾਏਗੀ। ਇਸ ਨੂੰ ਉੱਚ ਸਿੱਖਿਆ ਵਿਭਾਗ, ਯੂਟੀ ਚੰਡੀਗੜ੍ਹ ਵੱਲੋਂ ਅਧਿਕਾਰਤ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਚੰਡੀਗੜ੍ਹ ਵਿੱਚ ਸਥਿਤ ਅਤੇ ਪੰਜਾਬ ਯੂਨੀਵਰਸਿਟੀ ਨਾਲ ਸਬੰਧਤ ਵੱਖ-ਵੱਖ ਸਿੱਖਿਆ ਕਾਲਜਾਂ ਵਿੱਚ 270 ਸੀਟਾਂ ਉਪਲਬਧ ਹੋਣਗੀਆਂ। ਦਾਖ਼ਲੇ ਸਾਂਝੀ ਦਾਖ਼ਲਾ ਪ੍ਰੀਖਿਆ-2025 ਰਾਹੀਂ ਨਿਰਧਾਰਤ ਮੈਰਿਟ ਦੇ ਆਧਾਰ ’ਤੇ ਹੋਣਗੇ।
ਬੀਐੱਡ ਲਈ ਪੀਯੂ ਦਾਖ਼ਲਾ ਕਮੇਟੀ ਦੀ ਕੋਆਰਡੀਨੇਟਰ ਪ੍ਰੋ. ਅਨੁਰਾਧਾ ਸ਼ਰਮਾ ਨੇ ਦੱਸਿਆ ਕਿ ਸਲਾਹਕਾਰ ਕਮੇਟੀ ਦੀ ਪਹਿਲੀ ਮੀਟਿੰਗ ਦਾਖ਼ਲਾ ਪ੍ਰਕਿਰਿਆ ਅਤੇ ਕਾਊਂਸਲਿੰਗ ਸ਼ਡਿਊਲ ਨੂੰ ਅੰਤਿਮ ਰੂਪ ਦੇਣ ਲਈ ’ਵਰਸਿਟੀ ਵਿੱਚ ਹੋਈ। ਪ੍ਰਾਸਪੈਕਟਸ ਤੇ ਆਨਲਾਈਨ ਅਰਜ਼ੀ ਫਾਰਮ 13 ਜੂਨ ਤੋਂ ਅਧਿਕਾਰਤ ਪੋਰਟਲ www.chandigarhbed.puchd.ac.in ’ਤੇ ਉਪਲਬਧ ਹੋਣਗੇ। ਆਨਲਾਈਨ ਅਰਜ਼ੀ ਫਾਰਮ ਜਮ੍ਹਾਂ ਕਰਨ ਦੀ ਆਖ਼ਰੀ ਮਿਤੀ 4 ਜੁਲਾਈ ਹੈ।
ਦਾਖ਼ਲਾ ਪ੍ਰੀਖਿਆ 13 ਜੁਲਾਈ ਨੂੰ ਲਈ ਜਾਵੇਗੀ ਜਿਸ ਦੇ ਪ੍ਰੀਖਿਆ ਕੇਂਦਰ ਸਿਰਫ਼ ਚੰਡੀਗੜ੍ਹ ਵਿੱਚ ਸਥਿਤ ਹਨ। ਪ੍ਰੀਖਿਆ ਦਾ ਨਤੀਜਾ 24 ਜੁਲਾਈ ਨੂੰ ਐਲਾਨਿਆ ਜਾਵੇਗਾ। ਇਸ ਬੀਐੱਡ ਕੋਰਸ ਦੀ ਘੱਟੋ-ਘੱਟ ਯੋਗਤਾ 50 ਪ੍ਰਤੀਸ਼ਤ ਅੰਕਾਂ ਨਾਲ ਗ੍ਰੈਜੂਏਸ਼ਨ ਹੈ।
ਦਾਖ਼ਲੇ ਸੀਈਟੀ ਮੈਰਿਟ ਦੇ ਆਧਾਰ ’ਤੇ ਸੈਂਟਰਲਾਈਜ਼ਡ ਫਿਜ਼ੀਕਲ ਕਾਊਂਸਲਿੰਗ ਰਾਹੀਂ ਕੀਤੇ ਜਾਣਗੇ। ਇਸ ਦਾ ਪਹਿਲਾ ਦੌਰ ਅਗਸਤ 2025 ਦੇ ਦੂਜੇ ਹਫ਼ਤੇ ਹੋਵੇਗਾ। ਦਾਖ਼ਲੇ ਦੇ ਮਾਪਦੰਡ ਪ੍ਰੀਖਿਆ ਯੋਜਨਾ (ਸੀਈਟੀ), ਕਾਊਂਸਲਿੰਗ ਸ਼ਡਿਊਲ ਅਤੇ ਰਿਜ਼ਰਵੇਸ਼ਨ ਨੀਤੀ ਸਬੰਧੀ ਸਾਰੇ ਅਪਡੇਟ ਵਿਸ਼ੇਸ਼ ਤੌਰ ’ਤੇ ਅਧਿਕਾਰਤ ਵੈੱਬਸਾਈਟ ’ਤੇ ਉਪਲਬਧ ਹੋਣਗੇ। ਉਮੀਦਵਾਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਅਪਡੇਟਸ ਲਈ ਨਿਯਮਿਤ ਤੌਰ ’ਤੇ ਵੈੱਬਸਾਈਟ ਦੇਖਦੇ ਰਹਿਣ।