ਸੇਵਾਮੁਕਤ ਡਾਕਟਰਾਂ ਦੀ ਮੁੜ ਭਰਤੀ ਲਈ ਕੈਬਨਿਟ ਵੱਲੋਂ ਮਨਜ਼ੂਰੀ: ਸਿੱਧੂ

ਨਿਯੁਕਤੀ ਪੱਤਰ ਲੈਣ ਵਾਲੇ ਵਿਦਿਆਰਥੀ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਤੇ ਹੋਰਨਾਂ ਨਾਲ। -ਫੋਟੋ: ਵਿੱਕੀ ਘਾਰੂ

ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 20 ਸਤੰਬਰ
ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਪਹਿਲ ਦੇ ਆਧਾਰ ’ਤੇ ਮੁੱਢਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਯੋਜਨਾਵਾਂ ਉਲੀਕੀਆਂ ਗਈਆਂ ਹਨ। ਇਸ ਤਹਿਤ ਖਾਲੀ ਅਸਾਮੀਆਂ ਨੂੰ ਭਰਨ ਲਈ ਸੇਵਾਮੁਕਤ ਸਪੈਸ਼ਲਿਸਟ ਡਾਕਟਰਾਂ ਨੂੰ ਮੁੜ ਠੇਕੇ ’ਤੇ ਰੱਖਿਆ ਜਾਵੇਗਾ। ਇਸ ਸਬੰਧੀ ਪੰਜਾਬ ਕੈਬਨਿਟ ਨੇ ਹਰੀ ਝੰਡੀ ਦੇ ਦਿੱਤੀ ਹੈ। ਇਸ ਗੱਲ ਦਾ ਖੁਲਾਸਾ ਅੱਜ ਇੱਥੇ ਸੀਜੀਸੀ ਕਾਲਜ ਲਾਂਡਰਾਂ ਵਿੱਚ ਘਰ ਘਰ ਰੁਜ਼ਗਾਰ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਵਿੱਤ ਵਿਭਾਗ ਵੱਲੋਂ ਇਸ ਸਬੰਧੀ ਸਮੇਂ-ਸਮੇਂ ’ਤੇ ਜਾਰੀ ਹਦਾਇਤਾਂ ਅਨੁਸਾਰ ਹੋਰ ਸ਼ਰਤਾਂ ਨੂੰ ਲਾਗੂ ਕੀਤਾ ਜਾਵੇਗਾ। ਇਸ ਸਬੰਧੀ ਡਾਇਰੈਕਟਰ ਹੈਲਥ ਸਰਵਿਸਿਜ਼ ਵੱਲੋਂ ਚੋਣ ਪ੍ਰਕਿਰਿਆ ਸਬੰਧੀ ਮਾਪਦੰਡ ਤਿਆਰ ਕੀਤੇ ਜਾਣਗੇ ਅਤੇ ਸਟੇਸ਼ਨਾਂ ਸਮੇਤ ਅਸਾਮੀਆਂ ਦੀ ਜਾਣਕਾਰੀ ਸਿਹਤ ਵਿਭਾਗ ਦੀ ਵੈੱਬਸਾਈਟ ’ਤੇ ਉਪਲਬਧ ਕਰਵਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਮਾਹਰ ਸੇਵਾਮੁਕਤ ਡਾਕਟਰਾਂ ਦੀ ਠੇਕਾ ਪ੍ਰਣਾਲੀ ਤਹਿਤ ਨਵੇਂ ਸਿਰਿਓਂ ਭਰਤੀ ਕੀਤੀ ਜਾਵੇਗੀ। ਇਸ ਯੋਜਨਾ ’ਤੇ ਮੁੱਖ ਮੰਤਰੀ ਨੇ ਬੀਤੇ ਦਿਨੀਂ ਮੋਹਰ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਰੈਗੂਲਰ ਭਰਤੀ ਨਹੀਂ ਹੁੰਦੀ ਉਦੋਂ ਤੱਕ ਸੇਵਾਮੁਕਤ ਡਾਕਟਰਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਛੇਤੀ ਹੀ ਵੱਖ ਵੱਖ ਅਖ਼ਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਸੇਵਾਮੁਕਤ ਡਾਕਟਰਾਂ ਦੀ ਭਰਤੀ ਸ਼ੁਰੂ ਕੀਤੀ ਜਾਵੇਗੀ। ਠੇਕੇ ’ਤੇ ਰੱਖੇ ਜਾਣ ਵਾਲੇ ਇਨ੍ਹਾਂ ਡਾਕਟਰਾਂ ਨੂੰ ਸਰਕਾਰੀ ਨੇਮਾਂ ਮੁਤਾਬਕ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।
ਸਿਹਤ ਮੰਤਰੀ ਨੇ ਦੱਸਿਆ ਕਿ ਪ੍ਰਬੰਧਕੀ ਵਿਭਾਗ ਵੱਲੋਂ 384 ਖਾਲੀ ਅਸਾਮੀਆਂ ’ਤੇ ਰੈਗੂਲਰ ਭਰਤੀ ਕਰਨ ਤੱਕ ਗਾਇਨੀਕੋਲੋਜਿਸਟ, ਸਰਜਨ, ਆਰਥੋਪੈਡਿਸ਼ਿਅਨਜ਼, ਰੇਡੀਓਲੋਜਿਸਟ, ਐਨੇਸਥੀਸਿਸਟਸ ਨੂੰ ਕੰਸਲਟੈਂਟ ਤੌਰ ’ਤੇ ਰੱਖਿਆ ਜਾਵੇਗਾ। ਸ਼ੁਰੂ ਵਿੱਚ ਹਰੇਕ ਕੰਸਲਟੈਂਟ ਨੂੰ ਇਕ ਸਾਲ ਦੇ ਸਮੇਂ ਲਈ ਠੇਕਾ ਆਧਾਰ ’ਤੇ ਨਿਯੁਕਤ ਕੀਤਾ ਜਾਵੇਗਾ ਤੇ ਕਾਰਗੁਜ਼ਾਰੀ ਦੇ ਆਧਾਰ ’ਤੇ ਸਾਲ-ਦਰ-ਸਾਲ ਵਾਧਾ ਕੀਤਾ ਜਾਵੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ, ਐੱਸਡੀਐਮ ਜਗਦੀਪ ਸਹਿਗਲ, ਸੀਜੀਸੀ ਗਰੁੱਪ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਮੌਜੂਦ ਸਨ।

ਮਾਹਿਰ ਡਾਕਟਰਾਂ ਦੀ ਉਮਰ ਹੱਦ ਵਧਾਈ

ਸ੍ਰੀ ਆਨੰਦਪੁਰ ਸਾਹਿਬ (ਬੀ.ਐਸ.ਚਾਨਾ): ਭਾਈ ਘਨੱਈਆ ਜੀ ਦੀ ਯਾਦ ਨੂੰ ਸਮਰਪਿਤ ਅੱਜ ਰਾਜ ਪੱਧਰੀ ਯੂਥ ਰੈੱਡ ਕਰਾਸ ਸਮਾਗਮ ’ਚ ਸ਼ਿਰਕਤ ਕਰਨ ਪੁੱਜੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਐਲਾਨ ਕੀਤਾ ਕਿ ਪੰਜਾਬ ਅੰਦਰ ਡਾਕਟਰਾਂ ਦੀ ਕਮੀ ਦੇ ਮੱਦੇਨਜ਼ਰ ਫੈਸਲਾ ਕੀਤਾ ਹੈ ਕਿ ਮਾਹਰ ਡਾਕਟਰਾਂ ਦੀ ਸੇਵਾਮੁਕਤੀ ਦੀ ਉਮਰ 58 ਦੀ ਬਜਾਏ ਹੁਣ 65 ਸਾਲ ਹੋਇਆ ਕਰੇਗੀ। ਉਨ੍ਹਾਂ ਕਿਹਾ ਕਿ ਡਾਕਟਰਾਂ ਦੀ ਕਮੀ ਇਕੱਲੇ ਪੰਜਾਬ ਵਿਚ ਹੀ ਨਹੀਂ ਬਲਕਿ ਪੂਰੇ ਦੇਸ਼ ਵਿੱਚ ਹੀ ਹੈ। ਖਾਲਸਾ ਪੰਥ ਦੇ ਜਨਮ ਸਥਾਨ ਸ੍ਰੀ ਆਨੰਦਪੁਰ ਸਾਹਿਬ ਵਿਚ ਬਣੇ 100 ਬਿਸਤਰਿਆਂ ਵਾਲੇ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਚ ਸਟਾਫ ਤੇ ਸਹੂਲਤਾਂ ਦੀ ਘਾਟ ਬਾਰੇ ਪੁੱਛਣ ’ਤੇ ਸ੍ਰੀ ਸਿੱਧੂ ਨੇ ਕਿਹਾ ਕਿ ਉਨ੍ਹਾਂ ਸਿਵਲ ਸਰਜਨ ਰੂਪਨਗਰ ਤੋਂ ਇਸ ਹਸਪਤਾਲ ਬਾਰੇ ਰਿਪੋਰਟ ਮੰਗ ਲਈ ਹੈ ਅਤੇ ਇਥੋਂ ਦੀਆਂ ਕਮੀਆਂ ਨੂੰ ਜਲਦੀ ਹੀ ਦੂਰ ਕੀਤਾ ਜਾਵੇ। ਤਿਓਹਾਰਾਂ ਦੇ ਮੌਸਮ ਦੌਰਾਨ ਆਮ ਜਨਤਾ ਦੀ ਸਿਹਤ ਨਾਲ ਕੋਈ ਵੀ ਖਿਲਵਾੜ ਨਾ ਹੋਣ ਦੀ ਗੱਲ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਚੌਕਸੀ ਨਾਲ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ-ਗੜ੍ਹਸ਼ੰਕਰ ਸੜਕ ਦੇ ਨਿਰਮਾਣ ਲਈ ਫੰਡ ਉਪਲਬਧ ਹੋ ਗਏ ਹਨ, ਜਲਦੀ ਹੀ ਇਹ ਸੜਕ ਤਿਆਰ ਕਰ ਦਿੱਤੀ ਜਾਵੇਗੀ। ਦਸਮੇਸ਼ ਅਕੈਡਮੀ ਸ੍ਰੀ ਆਨੰਦਪੁਰ ਸਾਹਿਬ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਸਿਹਤ ਮੰਤਰੀ ਸਿੱਧੂ ਨੇ ਭਾਈ ਘਨ੍ਹੱਈਆ ਜੀ ਦੇ ਜੀਵਨ ਅਤੇ ਉਨ੍ਹਾਂ ਵੱਲੋਂ ਮਾਨਵਤਾ ਦੇ ਕਲਿਆਣ ਲਈ ਕੀਤੇ ਕੰਮਾਂ ਬਾਰੇ ਚਾਨਣਾ ਪਾਇਆ।

500 ਵਿਦਿਆਰਥੀਆਂ ਨੂੰ ਨਿਯੁਕਤੀ ਪੱਤਰ ਵੰਡੇ

ਸ੍ਰੀ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ‘ਘਰ ਘਰ ਰੁਜ਼ਗਾਰ’ ਯੋਜਨਾ ਤਹਿਤ 9 ਸਤੰਬਰ ਤੋਂ ਸ਼ੁਰੂ ਹੋਏ ਮੈਗਾ ਰੁਜ਼ਗਾਰ ਮੇਲੇ ਦੇ ਪਹਿਲੇ ਪੜਾਅ ਵਿੱਚ 30 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਦੇ ਮੌਕੇ ਮੁਹੱਈਆ ਕੀਤੇ ਹਨ ਅਤੇ ਇਨ੍ਹਾਂ ਰੁਜ਼ਗਾਰ ਮੇਲਿਆਂ ਵਿੱਚ 2.10 ਲੱਖ ਨੌਕਰੀਆਂ ਮੁਹੱਈਆ ਕੀਤੀਆਂ ਜਾਣਗੀਆਂ। ਉਨ੍ਹਾਂ ਨੇ ਸੀਜੀਸੀ ਕਾਲਜ ਲਾਂਡਰਾਂ ਵਿੱਚ ‘ਮੈਗਾ ਜੌਬ ਤੇ ਸੈੱਲਫ਼ ਐਂਪਲਾਇਮੈਂਟ ਮੇਲੇ’ ਦਾ ਉਦਘਾਟਨ ਕੀਤਾ। ਉਦਘਾਟਨੀ ਸੈਸ਼ਨ ਤੋਂ ਬਾਅਦ ਮੰਤਰੀ ਨੇ 500 ਵਿਦਿਆਰਥੀਆਂ ਨੂੰ ਰੁਜ਼ਗਾਰ ਸਬੰਧੀ ਨਿਯੁਕਤੀ ਪੱਤਰ ਵੀ ਵੰਡੇ। ਇਨ੍ਹਾਂ ਨੌਜਵਾਨਾਂ ਨੂੰ ਵੱਖ ਵੱਖ ਨਾਮੀ ਕੰਪਨੀਆਂ ਵੱਲੋਂ ਸਾਲਾਨਾ 10 ਲੱਖ ਤੋਂ 30 ਲੱਖ ਰੁਪਏ ਪੈਕੇਜ ’ਤੇ ਨੌਕਰੀਆਂ ਦੀ ਪੇਸ਼ਕਸ਼ ਕੀਤੀ ਹੈ।

Tags :