ਸੇਵਾਮੁਕਤ ਕਰਮਚਾਰੀ ਸੰਘ ਨੇ ਸੰਘਰਸ਼ ਦੀਆਂ ਤਿਆਰੀਆਂ ਵਿੱਢੀਆਂ
ਪੱਤਰ ਪ੍ਰੇਰਕ
ਯਮੁਨਾਨਗਰ, 5 ਮਾਰਚ
ਸੇਵਾਮੁਕਤ ਕਰਮਚਾਰੀ ਸੰਘ ਹਰਿਆਣਾ ਸਬੰਧਤ ਆਲ ਇੰਡੀਆ ਸਟੇਟ ਗੌਰਮਿੰਟ ਪੈਨਸ਼ਨਰਜ਼ ਫੈਡਰੇਸ਼ਨ ਦੀ ਜ਼ਿਲ੍ਹਾ ਕਾਰਜਕਾਰਨੀ ਦੀ ਮੀਟਿੰਗ ਯੂਨੀਅਨ ਦਫ਼ਤਰ ਦੁਸਹਿਰਾ ਗਰਾਊਂਡ ਵਿੱਚ ਹੋਈ । ਬੈਠਕ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਜੋਤ ਸਿੰਘ ਨੇ ਕੀਤੀ ਅਤੇ ਜ਼ਿਲ੍ਹਾ ਸਕੱਤਰ ਸੋਮਨਾਥ ਨੇ ਸੰਚਾਲਨ ਕੀਤਾ। ਬੈਠਕ ਵਿੱਚ ਸੇਵਾਮੁਕਤ ਕਰਮਚਾਰੀ ਸੰਘ ਦੇ ਸੱਦੇ ’ਤੇ 11 ਮਾਰਚ ਨੂੰ ਕੁਰੂਕਸ਼ੇਤਰ ਵਿੱਚ ਰਾਜ ਪੱਧਰੀ ਪ੍ਰਦਰਸ਼ਨ, 8 ਮਾਰਚ ਨੂੰ ਡੀਸੀ ਦਫ਼ਤਰ ਵਿੱਚ ਕੌਮਾਂਤਰੀ ਮਹਿਲਾ ਦਿਵਸ ਅਤੇ ਸਰਵ ਕਰਮਚਾਰੀ ਸੰਘ ਦੇ ਸੱਦੇ ’ਤੇ 13 ਮਾਰਚ ਨੂੰ ਕਰਮਚਾਰੀ ਸਭਾ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ । ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਜੋਤ ਸਿੰਘ ਨੇ ਕਿਹਾ ਕਿ ਸੇਵਾਮੁਕਤ ਕਰਮਚਾਰੀ ਯੂਨੀਅਨ ਹਰਿਆਣਾ ਲੰਬੇ ਸਮੇਂ ਤੋਂ ਸਰਕਾਰ ਨੂੰ ਬੇਨਤੀ ਕਰ ਰਹੀ ਹੈ ਕਿ ਸੀਨੀਅਰ ਨਾਗਰਿਕਾਂ ਦੀਆਂ ਜਾਇਜ਼ ਮੰਗਾਂ ਨੂੰ ਸੰਗਠਨ ਦੇ ਵਫ਼ਦ ਨਾਲ ਗੱਲ ਕਰਕੇ ਹੱਲ ਕੀਤਾ ਜਾਵੇ । ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਮੌਜੂਦਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਕਈ ਵਾਰ ਬੇਨਤੀ ਕੀਤੀ ਗਈ। ਇਸ ਤੋਂ ਇਲਾਵਾ ਵਿਧਾਇਕਾਂ ਰਾਹੀਂ ਮੰਗਾਂ ਦਾ ਪੱਤਰ ਵੀ ਸੌਂਪਿਆ ਗਿਆ ਪਰ ਗੱਲਬਾਤ ਰਾਹੀਂ ਮਸਲਾ ਹੱਲ ਨਹੀਂ ਹੋਇਆ ਜਿਸ ਦੇ ਚਲਦਿਆਂ ਸੰਘਰਸ਼ ਦਾ ਰਸਤਾ ਅਪਣਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਕਰਮਚਾਰੀਆਂ ਦੀ ਮੁੱਖ ਮੰਗਾਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਜੋਤ ਸਿੰਘ ਨੇ ਦੱਸਿਆ ਕਿ ਪੈਨਸ਼ਨਰਾਂ ਨੂੰ 65 ਸਾਲ ਦੀ ਉਮਰ ’ਤੇ 10 ਫ਼ੀਸਦ ਅਤੇ 75 ਸਾਲ ਦੀ ਉਮਰ ’ਤੇ 20 ਫ਼ੀਸਦ ਦਾ ਮੂਲ ਤਨਖਾਹ ਵਾਧਾ ਦਿੱਤਾ ਜਾਣਾ, ਪੈਨਸ਼ਨਰਾਂ ਨੂੰ ਕੈਸ਼ਲੈੱਸ ਡਾਕਟਰੀ ਸਹੂਲਤ ਪ੍ਰਦਾਨ ਕਰਨਾ, ਐੱਲਟੀਸੀ ਸਹੂਲਤ, ਬੁਢਾਪਾ ਪੈਨਸ਼ਨ ਬਿਨਾਂ ਸ਼ਰਤ ਦੇਣਾ ਅਤੇ ਸੇਵਾਮੁਕਤ ਕਰਮਚਾਰੀਆਂ ਨੂੰ ਸਰਕਾਰੀ ਕਰਮਚਾਰੀਆਂ ਵਾਂਗ ਘੱਟੋ-ਘੱਟ ਪੈਨਸ਼ਨ (ਘੱਟੋ-ਘੱਟ 20000 ਰੁਪਏ) ਦੇ ਨਾਲ-ਨਾਲ ਸਾਰੇ ਸੇਵਾਮੁਕਤੀ ਲਾਭ ਇੱਕਮੁਸ਼ਤ ਦਿੱਤੇ ਜਾਣਾ ਆਦਿ ਮੰਗਾਂ ਮੁੱਖ ਰੂਪ ਵਿੱਚ ਸ਼ਾਮਲ ਹਨ । ਇਸ ਮੌਕੇ ਡਿਪਟੀ ਚੀਫ਼ ਤੀਰਥ ਰਾਮ ਰਿਸ਼ੀ, ਖਜ਼ਾਨਚੀ ਸੀਤਾ ਰਾਮ, ਬਲਾਕ ਸੈਕਟਰੀ ਜਰਨੈਲ ਚਨਾਲੀਆ, ਸਤੀਸ਼ ਰਾਣਾ, ਮੁਖਤਿਆਰ ਸਿੰਘ, ਸਤਪਾਲ ਵਰਮਾ, ਯਸ਼ਪਾਲ ਆਦਿ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ।