For the best experience, open
https://m.punjabitribuneonline.com
on your mobile browser.
Advertisement

ਸੂਰਜ ਦੇ ਨਾਲ ਸਾਂਝ ਨਿਆਰੀ

04:04 AM Jan 18, 2025 IST
ਸੂਰਜ ਦੇ ਨਾਲ ਸਾਂਝ ਨਿਆਰੀ
Advertisement

Advertisement

ਵਰਿੰਦਰ ਸਿੰਘ ਨਿਮਾਣਾ

Advertisement

ਸੂਰਜ ਲੋਅ ਦਾ ਹੀ ਸਿਰਨਾਵਾਂ ਨਹੀ, ਬਲਕਿ ਧਰਤੀ ਉੱਤੇ ਵਸਣ ਵਾਲੇ ਹਰ ਜੀਵ ਜੰਤੂ ਤੇ ਬਨਸਪਤੀ ਦੀ ਹੋਂਦ ਲਈ ਲੋੜੀਂਦੀ ਤਪਸ਼ ਤੇ ਕੁਦਰਤੀ ਮਾਹੌਲ ਬਰਕਰਾਰ ਰੱਖਣ ਵਾਲਾ ਵੱਡਾ ਕੁਦਰਤੀ ਸੋਮਾ ਵੀ ਹੈ। ਕੁਝ ਦਹਾਕੇ ਪਹਿਲਾਂ ਖੇਤੀਬਾੜੀ ਦੇ ਕਿੱਤੇ ਵਿੱਚ ਮਸ਼ੀਨਰੀ ਤੇ ਆਧੁਨਿਕ ਤਕਨਾਲੋਜੀ ਦਾ ਦਖਲ ਵਧਣ ਤੋਂ ਪਹਿਲਾਂ ਇਸ ਕਿੱਤੇ ਦੀ ਹਰ ਹਰਕਤ ਤੇ ਹਰ ਹਸਰਤ ਸੂਰਜ ਦੀ ਗਤੀ ਨਾਲ ਤੈਅ ਹੋਣ ਕਾਰਨ ਇਸ ਕਿੱਤੇ ਨਾਲ ਜੁੜੇ ਹਰ ਕਿਰਤੀ ਕਾਮੇ ਦੀ ਜ਼ਿੰਦਗੀ ਸੁਬ੍ਹਾ ਸ਼ਾਮ ਚੜ੍ਹਦੇ ਲਹਿੰਦੇ ਸੂਰਜ ਦੀਆਂ ਸੁਰਖ ਲਾਲੀਆਂ ਨੂੰ ਤੱਕਦਿਆਂ, ਤਾਰਿਆਂ ਦੀਆਂ ਲੋਆਂ ਨੂੰ ਮਾਣਦਿਆਂ ਤੇ ਚੰਦਰਮਾ ਦੀ ਦੁਧੀਆ ਰੋਸ਼ਨੀ ਦਾ ਸਾਥ ਹੰਢਾਉਂਦਿਆਂ ਬਤੀਤ ਹੋਇਆ ਕਰਦੀ ਸੀ।
ਉਨ੍ਹੀਂ ਦਿਨੀਂ ਜਦੋਂ ਪੇਂਡੂ ਜ਼ਿੰਦਗੀ ਦਾ ਸਫ਼ਰ ਜੇਠ ਹਾੜ੍ਹ ਦੀਆਂ ਤਿੱਖੜ ਦੁਪਹਿਰਾਂ ਦੇ ਥਪੇੜਿਆਂ ਨੂੰ ਹੰਢਾਅ ਕੇ ਸਾਉਣ ਭਾਦੋਂ ਦੀਆਂ ਝੜੀਆਂ ਦੀਆਂ ਫੁਹਾਰਾਂ ਨੂੰ ਮਾਣ ਸਿਆਲਾਂ ਦੀ ਰੁੱਤ ਵਿੱਚ ਪ੍ਰਵੇਸ਼ ਕਰਦਾ ਤਾਂ ਮੱਘਰ-ਪੋਹ ਦੇ ਮਹੀਨਿਆਂ ਦੌਰਾਨ ਸੂਰਜ ਦੇਵਤਾ ਠਰੀਆਂ ਹਵਾਵਾਂ ਮੂਹਰੇ ਠਰਿਆ ਤੇ ਬੇਵੱਸ ਮਹਿਸੂਸ ਹੋਣ ਲੱਗਦਾ। ਖੇਤੀਬਾੜੀ ਤੇ ਮਾਲ ਡੰਗਰ ਦੀ ਸੰਭਾਲ ਕਰਨ ਵਾਲੀ ਪੇਂਡੂ ਰਹਿਤਲ ਨੂੰ ਆਪਣੇ ਅਤਿ ਜ਼ਰੂਰੀ ਕੰਮ ਨਿਬੇੜਨ ਲਈ ਕਾਫ਼ੀ ਫੁਰਤੀ ਮਾਰਨੀ ਪੈਂਦੀ ਸੀ। ਸਕੂਲਾਂ ਕਾਲਜਾਂ ਤੋਂ ਪਰਤ ਕੇ ਘਰਦਿਆਂ ਨਾਲ ਕੰਮ ਕਰਾਉਣ ਵਾਲਿਆਂ ਦਾ ਦਿਨ ਤਾਂ ਉਨ੍ਹਾਂ ਦੇ ਘਰ ਪਹੁੰਚਣ ਤੱਕ ਹੀ ਖ਼ਤਮ ਹੋ ਗਿਆ ਹੁੰਦਾ, ਪਰ ਫਿਰ ਵੀ ਸਰਦੀਆਂ ਦੀਆਂ ਠੰਢੀਆਂ ਤੇ ਘੁਸਮੁਸੀਆਂ ਸ਼ਾਮਾਂ ਦੌਰਾਨ ਹੀ ਪੱਠੇ ਵੱਢਣ, ਤੂੜੀ ਕੱੱਢਣ, ਧਾਰਾਂ ਕਢਾਉਣ, ਪਸ਼ੁੂ ਅੰਦਰ ਵਾੜਨ ਦੇ ਅਤਿ ਜ਼ਰੂਰੀ ਕੰਮ ਨਿਪਟਾਏ ਜਾਂਦੇ ਸਨ। ਪੇਂਡੂ ਜ਼ਿੰਦਗੀ ਦੇ ਇਹ ਅਤਿ ਜ਼ਰੂਰੀ ਕੰਮ ਨਿਬੇੜਦਿਆਂ ਪਤਾ ਹੀ ਨਹੀਂ ਲੱਗਦਾ ਕਿ ਠੰਢੀਆਂ ਹਵਾਵਾਂ ਦੇ ਬੁੱਲਿਆਂ ਤੇ ਦਰੱਖਤਾਂ ਤੋਂ ਡਿੱਗਦੇ ਪੱਤਿਆਂ ਦੇ ਖੜਾਕ ’ਚ ਸੂਰਜ ਪੱਛਮ ਦੀ ਗੋਦ ਵੱਲ ਸੁਰਖ ਰੰਗ ਬਿਖੇਰ ਕੇ ਪਤਾ ਨਹੀਂ ਕਦੋਂ ਰਾਤ ਦੇ ਗੂੜ੍ਹੇ ਹਨੇਰੇ ਵਿੱਚ ਗੁਆਚ ਗਿਆ ਹੁੰਦਾ।
ਪੋਹ ਮਹੀਨੇ ਵਿੱਚ ਵੱਡੇ ਦਿਨਾਂ ਦੀਆਂ ਛੁੱਟੀਆਂ ਤੋਂ ਕੁਝ ਦਿਨ ਪਹਿਲਾਂ ਜਦੋਂ ਕਿਸਾਨ ਕਣਕਾਂ ਨੂੰ ਪਹਿਲਾ ਪਾਣੀ ਲਾ ਰਹੇ ਹੁੰਦੇ ਤਾਂ ਸਰਦ ਰੁੱਤ ਦੀ ਦੁਪਹਿਰ ਦੇ ਦੋ-ਤਿੰਨ ਘੰਟੇ ਹੀ ਸੂਰਜ ਦੀ ਕੋਸੀ ਕੋਸੀ ਧੁੱਪ ਵਿੱਚ ਹਰ ਕਿਸੇ ਦਾ ਘੜੀਂ ਪਲ ਸੁਸਤਾਉਣ ਨੂੰ ਜੀਅ ਕਰ ਰਿਹਾ ਹੁੰਦਾ, ਪਰ ਸੂਰਜ ਦੀ ਪੱਛਮ ਵੱਲ ਨੂੰ ਖਿਸਕਣ ਦੀ ਰਫ਼ਤਾਰ ਤੇਜ਼ ਹੋਈ ਹੋਣ ਕਰਕੇ ਹਰ ਬੰਦਾ ਕੋਸੀ ਧੁੱਪ ਦਾ ਆਨੰਦ ਮਾਣਨ ਦੀ ਬਜਾਏ ਆਪਣੇ ਕੰਮ ਨੂੰ ਮੁਕਾਉਣ ਦੇ ਆਹਰੇ ਲੱਗਿਆ ਦਿਸਦਾ ਸੀ। ਇਨ੍ਹਾਂ ਹੀ ਦਿਨਾਂ ਵਿੱਚ ਪਿੰਡ ’ਚੋਂ ਜੇਕਰ ਕਿਸੇ ਅਤਿ ਜ਼ਰੂਰੀ ਕੰਮ ਲਈ ਸ਼ਹਿਰ ਜਾਂ ਕਿਸੇ ਰਿਸ਼ਤੇਦਾਰੀ ਵਿੱਚ ਜਾਣਾ ਹੁੰਦਾ ਤਾਂ ਘਰ ਪਰਤਣ ਤੱਕ ਕਿਸੇ ਹੋਰ ਕੰਮ ਲਈ ਸਮਾਂ ਨਹੀਂ ਬਚਦਾ ਹੁੰਦਾ ਸੀ।
ਇਨ੍ਹੀਂ ਦਿਨੀਂ ਘਰ ਦੀ ਲੋੜ ਜੋਗਾ ਗੁੜ ਕੱਢਣ ਲਈ ਖੇਤਾਂ ਵਿੱਚ ਜਦੋਂ ਵੇਲਣੇ ਚੱਲਣ ਲੱਗਦੇ ਤਾਂ ਗੁੜ ਬਣਾਉਣ ਵਾਲੀਆਂ ਭੱਠੀਆਂ ਦੇ ਬਾਲਣ ਲਈ ਗੰਨਿਆਂ ਦੀਆਂ ਗੁਲਰਾਂ ਦੇ ਸੁੱਕਣ ਲਈ ਵੀ ਸੂਰਜ ਦੀ ਧੁੱਪ ਜ਼ਰੂਰੀ ਹੁੰਦੀ। ਧੁੰਦਲਾ ਮੌਸਮ ਸ਼ੁਰੂ ਹੋਣ ਕਾਰਨ ਗੁੜ ਦੀਆਂ ਭੱਠੀਆਂ ਲਈ ਲੋੜ ਮੁਤਾਬਿਕ ਜਦੋਂ ਬਾਲਣ ਨਾ ਸੁੱਕਦਾ ਤਾਂ ਕਿਸਾਨਾਂ ਨੂੰ ਮਜਬੂਰੀਵਸ ਵੇਲਣੇ ਬੰਦ ਕਰਕੇ ਪੱਧਰੇ ਦਿਨਾਂ ਦੀ ਇੰਤਜ਼ਾਰ ਕਰਨੀ ਪੈਂਦੀ। ਪੋਹ ਵਾਲੇ ਮਹੀਨੇ ਲੋਹੜੀ ਦੇ ਤਿਉਹਾਰ ਤੱਕ ਪਹੁੰਚਦਿਆਂ ਠੰਢ ਧੁੰਦ ਤੇ ਕੋਰੇ ਦਾ ਜ਼ੋਰ ਸਿਖਰ ’ਤੇ ਹੋ ਜਾਂਦਾ ਹੈ। ਇਹ ਮਹੀਨਾ ਲੋਹੜੇ ਦੀ ਠੰਢ ਅਤੇ ਸਰਦੀ ਨਾਲ ਭਰਪੂਰ ਹੋਣ ਕਰਕੇ ਇਨੀਂ ਦਿਨੀ ਪੇਂਡੂ ਜ਼ਿੰਦਗੀ ਪੂਰੀ ਤਰ੍ਹਾਂ ਸੁੰਗੜੀ ਸੁੰਗੜੀ ਜਿਹੀ ਨਜ਼ਰ ਆਉਣ ਲੱਗਦੀ ਹੈ।
ਸਵੇਰੇ, ਦੁਪਹਿਰੇ ਤੇ ਸ਼ਾਮੀ ਇੱਕੋ ਜਿਹਾ ਮਾਹੌਲ ਹੋਣ ਕਰਕੇ ਪਿੰਡਾਂ ਵਿੱਚ ਬੰਦੇ ਜੀਵ ਜੰਤੂ ਤੇ ਪੰਛੀ ਪਰਿੰਦੇ ਸਭ ਠੁਰ ਠੁਰ ਕਰਦੇ ਨਜ਼ਰ ਆਇਆ ਕਰਦੇ। ਠੰਢ ਦੀ ਮਾਰ ਵਧਣ ਕਰਕੇ ਪੰਛੀ ਪਖੇਰੂ ਤਾਂ ਵਿਚਾਰੇ ਆਪਣੇ ਘੁਰਨਿਆਂ ਵਿੱਚ ਹੀ ਸਮਾਂ ਲੰਘਾਉਣ ਨੂੰ ਤਰਜੀਹ ਦਿੰਦੇ ਨਜ਼ਰ ਆਉਂਦੇ। ਕਦੇ ਕਦਾਈ ਸੂਰਜ ਦੀ ਲਿਸ਼ਕੋਰ ਵੱਜਦਿਆਂ ਕਾਹਲੀ ਕਾਹਲੀ ਆਪਣਾ ਚੋਗ ਚੁਗਣ ਲਈ ਆਲ੍ਹਣਿਆਂ ਤੋਂ ਕੁਝ ਸਮੇਂ ਲਈ ਬਾਹਰ ਆਉਂਦੇ ਅਤੇ ਸੂਰਜ ਦੇ ਦੂਬਾਰਾ ਬਰਫ਼ੀਲੀਆਂ ਹਵਾਵਾਂ ਵਿੱਚ ਗੁਆਚਣ ਨਾਲ ਥੋੜ੍ਹਾ ਬਹੁਤਾ ਚੋਗ ਚੁਗ ਕੇ ਫਿਰ ਆਪਣੇ ਆਲ੍ਹਣਿਆਂ ਵਿੱਚ ਜਾ ਵੜਦੇ। ਠੰਢ ਅਤੇ ਕੋਹਰੇ ਦਾ ਜ਼ੋਰ ਵਧਣ ਕਰਕੇ ਟਾਹਲੀ, ਡੇਕ, ਨਿੰਮ ਤੇ ਕਿੱਕਰਾਂ ਵਰਗੇ ਰੁੱਖ ਪੱਤਿਆਂ ਤੋਂ ਵਿਹੂਣੇ ਨੰਗ-ਮਨੰਗੇ ਧਰਤੀ ਮਾਂ ਦੇ ਸੀਨੇ ’ਤੇ ਅਡੋਲ ਖਿੜੇ ਸਰਦ ਰੁੱਤ ਦਾ ਬਨਵਾਸ ਹੰਢਾਉਂਦੇ ਮਹਿਸੂਸ ਹੁੰਦੇ ਸਨ।
ਬਰਫ਼ੀਲੀਆਂ ਹਵਾਵਾਂ ਦੇ ਜ਼ੋਰ ਅਤੇ ਨਿੱਘੇ ਮੌਸਮ ਦੀ ਅਣਹੋਂਦ ਕਰਕੇ ਕੋਈ ਪੰਛੀ ਪਰਿੰਦਾ ਵੀ ਪੱਤਰਹੀਣ ਹੋਏ ਬਿਰਖਾਂ ਦੀਆਂ ਟਾਣੀਆਂ ’ਤੇ ਆਪਣੀ ਮੌਜ ਵਿੱਚ ਗੁਣਗੁਣਾਉਂਦਾ ਨਜ਼ਰ ਨਹੀਂ ਆਉਂਦਾ ਹੁੰਦਾ। ਲੋਹੜੇ ਦੀ ਠੰਢ ਦੀ ਮਾਰ ਤੋਂ ਬਚਣ ਲਈ ਪੇਂਡੂ ਲੋਕ ਅਲਸੀ, ਮੂੰਗੀ ਜਾਂ ਬੇਸਣ ਦੀਆਂ ਪਿੰਨੀਆਂ ਵਿੱਚ ਖੋਆ ਰਲਾ ਕੇ ਖਾ ਖਾ ਸਰੀਰ ਨੂੰ ਨਿੱਘਾ ਰੱਖਣ ਦਾ ਆਹਰ ਵੀ ਕਰ ਲਿਆ ਕਰਦੇ ਸਨ। ਇਨ੍ਹੀਂ ਦਿਨੀਂ ਪਿੰਡਾਂ ਦੀਆਂ ਸੱਥਾਂ, ਮੋੜਾਂ ਜਾਂ ਹੱਟੀਆਂ ਉੱਤੇ ਕਈ ਕਈ ਦਿਨ ਧੂਣੀਆਂ ਸੇਕਣ ਤੇ ਬਾਲਣ ਦਾ ਸਿਲਸਿਲਾ ਵੀ ਚੱਲਦਾ ਰਹਿੰਦਾ। ਪੋਹ ਮਹੀਨੇ ਦੀ ਆਖਰੀ ਰਾਤ ਪਿੰਡਾਂ ਵਿੱਚ ਲੋਕ ਦਰੱਖਤਾਂ ਦੇ ਪੁਰਾਣੇ ਮੁੱਢ, ਪਾਥੀਆਂ ਤੇ ਪੁਰਾਣੀਆਂ ਲੱਕੜਾਂ ਦੀ ਅੱਗ ਵਿੱਚ ਚਿਰਵੜੇ ਰਿਉੜੀਆਂ ਬਾਲ ਕੇ ਲੋਹੜੀ ਦਾ ਤਿਉਹਾਰ ਮਨਾਉਂਦੇ ਹੋਏ ਠੰਢ ਨਾਲ ਆਮ ਜ਼ਿੰਦਗੀ ਵਿੱਚ ਵਧੇ ਹੋਏ ਦਲਿੱਦਰ ਨੂੰ ਵਿਦਾਈ ਦੇਣ ਦਾ ਆਹਰ ਵੀ ਕਰ ਲੈਂਦੇ ਸਨ।
ਲੋਹੜੀ ਤੋਂ ਬਾਅਦ ਮਾਘ ਮਹੀਨੇ ਦੇ ਕੁਝ ਦਿਨ ਬੀਤ ਜਾਣ ਪਿੱਛੋਂ ਦਿਨਾਂ ਦਾ ਆਕਾਰ ਥੋੜ੍ਹਾ ਵਧਣ ਲੱਗਦਾ ਅਤੇ ਸੂਰਜ ਦੀ ਤਪਸ਼ ਵਿੱਚ ਵੀ ਵਾਧਾ ਹੋਣਾ ਸ਼ੁਰੂ ਹੋ ਜਾਂਦਾ ਸੀ। ਠੰਢ ਦੇ ਜ਼ੋਰ ਨਾਲ ਨਿੱਸਲ ਹੋਈਆਂ ਕਣਕਾਂ ਬਰਸੀਨ ਤੇ ਸਰ੍ਹੋਂ ਨੂੰ ਥੋੜ੍ਹੀ ਜਿਹੀ ਸੁਰਤ ਆਉਣ ਲੱਗ ਪੈਂਦੀ। ਪਿਛਲੇ ਕੁਝ ਸਮੇਂ ਤੋਂ ਖੜੋਤ ਵਿੱਚ ਆਈਆਂ ਇਨ੍ਹਾਂ ਫ਼ਸਲਾਂ ਦੇ ਪੌਦੇ ਸੂਰਜ ਦੀ ਧੁੱਪ ਨਾਲ ਵਧਣ ਫੁੱਲਣ ਲੱਗਦੇ। ਠੰਢ ਦੇ ਜ਼ੋਰ ਨਾਲ ਪਿਛਲੇ ਕੁਝ ਸਮੇਂ ਤੋਂ ਪਸ਼ੂ ਡੰਗਰ ਵਾਲਿਆਂ ਨੂੰ ਆਈ ਹਰੇ ਪੱਠਿਆਂ ਦੀ ਕਮੀ ਵੀ ਪੂਰੀ ਹੋਣ ਲੱਗਦੀ।
ਫੱਗਣ ਮਹੀਨੇ ਤੱਕ ਪਹੁੰਚਦਿਆਂ ਕਣਕਾਂ ਸਿੱਟਿਆਂ ਤੱਕ ਪਹੁੰਚ ਜਾਇਆ ਕਰਦੀਆਂ ਤੇ ਹਰੇ ਖੇਤਾਂ ਵਿੱਚ ਖਿੜੀ ਸਰ੍ਹੋਂ ਦੀਆਂ ਪੀਲੀਆਂ ਪੱਟੀਆਂ ਕੁਦਰਤ ਦੇ ਹੁਸਨ ਦੀਆਂ ਰੰਗਲੀਆਂ ਬਾਤਾਂ ਪਾਉਂਦੀਆਂ; ਫੱਗਣ ਦੇ ਮਹੀਨੇ ਸਰ੍ਹੋਂ ਖੇਤੀਂ ਫੁੱਲੀ ਏ, ਹੋਲੀ ਦੀ ਬਹਾਰ ਵੀ ਤਾਂ ਧਰਤੀ ’ਤੇ ਡੁੱਲ੍ਹੀ ਏ... ਦੇ ਬੋਲ ਸੱਚ ਸਾਬਤ ਕਰਦੀਆਂ ਦਿਸਦੀਆਂ ਸਨ। ਆਪਣੀ ਉਮਰ ਦੇ ਸਿਖਰਲੇ ਪੜਾਅ ’ਤੇ ਪਹੁੰਚੀ ਹਾੜ੍ਹੀ ਨੂੰ ਪਾਣੀ ਲਾਉਣ ਲਈ ਕਿਸਾਨਾਂ ਵੱਲੋਂ ਟਿਊਬਵੈੱਲਾਂ ਦੀਆਂ ਆਡਾਂ ਰਾਹੀਂ ਛੱਡਿਆ ਪਾਣੀ ਅਤੇ ਪਾਣੀ ਦੀਆਂ ਆਡਾਂ ਵਿੱਚ ਚੁੰਝਾਂ ਭਰਨ ਲਈ ਆਉਂਦੇ ਪੰਛੀ ਪੰਖੇਰੂ, ਤਿਤਲੀਆਂ, ਮਧੂ ਮੱਖੀਆਂ ਅਤੇ ਭੌਰੇ ਫ਼ਸਲਾਂ ਨਾਲ ਭਰੇ ਪੇਂਡੂ ਜੀਵਨ ਦੇ ਘੁੱਗ ਵਸਦੇ ਹੋਣ ਦਾ ਗਵਾਹ ਬਣ ਜਾਇਆ ਕਰਦੇ ਸਨ। ਬਸੰਤ ਬਹਾਰ ਦੇ ਦਿਨਾਂ ਵਿੱਚ ਸਾਫ਼ ਪਾਣੀ ਵਾਂਗ ਨਿੱਤਰੇ ਨੀਲੇ ਅਸਮਾਨ ਹੇਠਾਂ ਸੂਰਜ ਦੀ ਵਧਦੀ ਤਪਸ਼ ਕਾਰਨ ਸਰਦੀ ਦੀ ਮਾਰ ਝੱਲ ਰਹੇ ਪੱਤਿਆਂ ਤੋਂ ਵਿਹੂਣੇ ਹੋਏ ਬਿਰਖ ਬੂਟਿਆਂ ਉੱਤੇ ਨਵੀਆਂ ਕਰੂੰਬਲਾਂ ਫੁੱਟਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ।
ਅੰਬ ਬੇਰੀਆਂ ਲੁਗਾਠਾਂ, ਸੰਤਰਿਆਂ ਤੇ ਆੜੂਆਂ ਉੱਤੇ ਬੂਰ ਪੈਣ ਨਾਲ ਕੁਦਰਤੀ ਰਹਿਮਤਾਂ ਦੇ ਖਜ਼ਾਨੇ ਧਰਤੀ ਮਾਂ ਦੇ ਸੀਨੇ ਉੱਤੇ ਉਲੱਦ ਹੋਏ ਮਹਿਸੂਸ ਹੁੰਦੇ ਸਨ। ਕੁਦਰਤ ਦੀਆਂ ਰਹਿਮਤਾਂ ਦੇ ਦੌਰ ਵਿੱਚ ਕੋਇਲਾਂ ਬਾਗਾਂ ਵਿੱਚ ਕੂਹ ਕੂਹ ਕਰਦੀਆਂ ਚਾਰ ਚੁਫ਼ੇਰੇ ਦੀਆਂ ਰੌਣਕਾਂ ਵਿੱਚ ਵਾਧਾ ਕਰਦੀਆਂ ਸਨ। ਚੇਤ ਦੇ ਮੌਸਮ ਵਿੱਚ ਤੇਜ਼ੀ ਨਾਲ ਵਧ ਰਹੀ ਗਰਮੀ ਅਤੇ ਸੂਰਜ ਦੇ ਚਮਕਣ ਨਾਲ ਕੱਤਕ ਮੱਘਰ ਦੀ ਬੀਜੀ ਸਰ੍ਹੋਂ, ਛੋਲੇ, ਮਸਰ, ਸੌਂਫ ਤੇ ਅਲਸੀ ’ਤੇ ਫੁੱਲ ਖਿੜਨ ਤੋਂ ਬਾਅਦ ਇਨ੍ਹਾਂ ’ਤੇ ਫਲੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਅਤੇ ਸਿੱਟਿਆਂ ’ਤੇ ਪਹੁੰਚੀਆਂ ਕਣਕਾਂ ਵੀ ਆਪਣਾ ਰੰਗ ਹਰੇ ਤੋਂ ਸੁਨਹਿਰੀ ਵਟਾਉਣ ਦਾ ਸਫ਼ਰ ਸ਼ੁਰੂ ਕਰਦੀਆਂ। ਆਉਂਦੇ ਦਿਨਾਂ ਵਿੱਚ ਵਾਢੀ ਦਾ ਜ਼ੋਰ ਪੈਣ ਤੋਂ ਪਹਿਲਾਂ ਪਹਿਲਾਂ ਸਰ੍ਹੋਂ ਤੇ ਹੋਰ ਜਿਣਸਾਂ ਨੂੰ ਸੰਭਾਲਣ ਦਾ ਆਹਰ ਸ਼ੁਰੂ ਹੋ ਜਾਂਦਾ ਤੇ ਕਣਕਾਂ ਦੀ ਵਾਢੀ ਲਈ ਬੇੜਾਂ ਵੱਟਣ ਅਤੇ ਤੂੜੀ ਸੰਭਾਲਣ ਲਈ ਖੜਕਾਨੇ ਅਤੇ ਸਰਕੜਿਆਂ ਦਾ ਬੰਦੋਬਸਤ ਕਰਨ ਦਾ ਸਿਲਸਿਲਾ ਵੀ ਨਾਲੋ ਨਾਲ ਚੱਲ ਪੈਂਦਾ ਸੀ। ਪਿੰਡਾਂ ਦੇ ਕਿਰਤੀ ਕਿਸਾਨ ਕਾਮੇ ਹੁਣ ਹਾੜ੍ਹੀ ਦੀ ਫ਼ਸਲ ਪੱਕਣ ਅਤੇ ਸੰਭਾਲਣ ਲਈ ਸੂਰਜ ਦੇ ਲਗਾਤਾਰ ਅਸਮਾਨ ਵਿੱਚ ਚਮਕਦੇ ਰਹਿਣ ਦੀ ਅਰਦਾਸ ਕਰਦੇ ਤੇ ਅਸਮਾਨ ਦੇ ਕਿਸੇ ਪਾਸਿਓਂ ਉੱਠਦੀ ਕਾਲੀ ਘਟਾ ਜਾਂ ਮੀਹ ਵਰ੍ਹਾਉਣ ਲਈ ਚੜ੍ਹ ਕੇ ਆਉਂਦੀ ਬਦਲੋਟੀ ਸਾਰਿਆਂ ਦੇ ਮਨਾਂ ਵਿੱਚ ਅਣ ਕਿਆਸੇ ਡਰ ਦਾ ਸਬੱਬ ਵੀ ਬਣ ਜਾਂਦੀ। ‘ਹੁਣ ਤਾਂ ਹਾੜ੍ਹੀ ਦਾ ਜਹਾਜ਼ ਕਿਨਾਰੇ ਲੱਗਣ ਵਾਲਾ ਹੈ, ਹੁਣ ਇਸ ਜਹਾਜ਼ ਲਈ ਅਸਮਾਨ ਵੱਲੋਂ ਡਿੱਗਦੀ ਸੋਨੇ ਦੀ ਸਿੱਟ ਵੀ ਮਾੜੀ ਹੁੰਦੀ ਆ ਬਈ।’ ਸੱਥਾਂ ਵਿੱਚ ਬੈਠੇ ਹਾੜ੍ਹੀ ਦੀ ਤਿਆਰੀ ਦੀਆਂ ਸਲਾਹਾਂ ਕਰ ਰਹੇ ਬਜ਼ੁਰਗ ਵਿਗੜਦੇ ਮੌਸਮ ਉੱਤੇ ਆਪਣੀ ਪ੍ਰਤੀਕਿਰਿਆ ਦਿੰਦੇ ਆਖਿਆ ਕਰਦੇ ਸਨ।
ਉੱਧਰ ਵਿਸਾਖ ਮਹੀਨਾ ਚੜ੍ਹਦਿਆਂ ਹੀ ਵੱਖੋ ਵੱਖਰੀਆਂ ਜਮਾਤਾਂ ਦੇ ਨਤੀਜੇ ਵੀ ਸਕੂਲਾਂ ਦੇ ਮਾਸਟਰਾਂ ਅਤੇ ਭੈਣਜੀਆਂ ਵੱਲੋਂ ਸੁਣਾ ਦਿੱਤੇ ਜਾਇਆ ਕਰਦੇ ਸਨ। ਸਕੂਲਾਂ ਦੇ ਵਿਹੜੀਆਂ ਵਿੱਚ ਡੇਕਾਂ ਨੂੰ ਲੱਗੇ ਹਲਕੇ ਰੰਗ ਦੇ ਗੁਲਾਬੀ ਫੁੱਲਾਂ ਦੀਆਂ ਮਹਿਕਾਂ ਨਵੀਂ ਜਮਾਤ ਵਿੱਚ ਪ੍ਰਵੇਸ਼ ਪਾਉਣ ਵਾਲੇ ਨਿਆਣਿਆਂ ਦੀਆਂ ਖੁਸ਼ੀਆਂ ਵਿੱਚ ਹੋਰ ਵਾਧਾ ਕਰ ਦਿੰਦੀਆਂ ਸਨ। ਪਿੰਡਾਂ ਦੀਆਂ ਰਿਹਾਇਸ਼ਾਂ, ਖੇਤਾਂ ਅਤੇ ਕੱਚੇ ਪੱਕੇ ਰਾਹਾਂ ਉੱਤੇ ਮੌਜੂਦ ਡੇਕਾਂ ਟਾਲੀਆਂ ਕਿੱਕਰਾਂ ਬੇਰੀਆਂ ਤੇ ਜਾਮਣਾ ਤੇ ਘਰਾਂ ਦੇ ਕੱਚੇ ਮਕਾਨਾਂ ਦੀਆਂ ਛੱਤਾਂ ਉੱਤੇ ਭੂਰੇ ਰੰਗ ਦੀਆਂ ਚਿੜੀਆਂ ਅਤੇ ਘੁੱਗੀਆਂ ਆਂਡੇ ਦੇਣ ਲਈ ਨਵੇਂ ਆਲ੍ਹਣਿਆਂ ਦਾ ਆਹਰ ਕਰਦੀਆਂ ਨਜ਼ਰ ਆਇਆ ਕਰਦੀਆਂ। ਫ਼ਸਲਾਂ ਨਾਲ ਭਰੇ ਖੇਤਾਂ ਵਿੱਚ ਤਿੱਤਰ ਬਟੇਰੇ ਚਿਕਲੈਕ ਚਿਕਲੈਕ ਦੀਆਂ ਆਵਾਜ਼ਾਂ ਕੱਢਦੇ ਆਪਣੇ ਸਾਥੀਆਂ ਦੀ ਸਲਾਮਤੀ ਦਾ ਸੁਨੇਹਾ ਦੇ ਰਹੇ ਮਹਿਸੂਸ ਹੋਇਆ ਕਰਦੇ ਸਨ।
ਅਸਮਾਨ ਵਿੱਚ ਸੂਰਜ ਦੀ ਵਧਦੀ ਤਪਸ਼ ਦੇ ਨਾਲ ਹੀ ਹਾੜ੍ਹੀ ਨੂੰ ਸੰਭਾਲਣ ਲਈ ਕਿਰਤੀ-ਕਾਮੇ ਕਿਸਾਨ ਘਰਾਂ ਦੇ ਸਾਰੇ ਕੰਮਾਂ ਨੂੰ ਭੁੱਲ ਭੁਲਾ ਕੇ ਆਪਣੀ ਫ਼ਸਲ ਨੂੰ ਸੰਭਾਲਣ ਲਈ ਦਿਨ-ਰਾਤ ਇੱਕ ਕਰ ਦਿੰਦੇ। ਪਿਛਲੇ ਪੰਜ-ਛੇ ਮਹੀਨਿਆਂ ਦੀ ਦਿਨ ਰਾਤ ਕੀਤੀ ਮਿਹਨਤ ਮੁਸ਼ੱਕਤ ਨੂੰ ਸੰਭਾਲਣ ਲਈ ਕਿਸਾਨ ਕਾਮਿਆਂ ਦੇ ਥਰੈਸ਼ਰ ਕਣਕਾਂ ਦੀਆਂ ਗਹਾਈਆਂ ਕਰਦੇ ਰਾਤਾਂ ਨੂੰ ਵੀ ਖੇਤਾਂ ਵਿੱਚ ਗੂੰਜਦੇ ਰਹਿੰਦੇ ਸਨ। ਕਣਕਾਂ ਦੀ ਗਹਾਈ ਤੋਂ ਬਾਅਦ ਪਸ਼ੂਆਂ ਲਈ ਸਾਰਾ ਸਾਲ ਸੁੱਕੇ ਚਾਰੇ ਦੇ ਰੂਪ ਵਿੱਚ ਤੂੜੀ ਨੂੰ ਵਰਾਂਡਿਆਂ ਵਿੱਚ ਭਰਨ ਤੇ ਕੁੱਪਾਂ ਦੇ ਰੂਪ ਵਿੱਚ ਸੰਭਾਲਣ ਲਈ ਵੀ ਖੇਤੀਬਾੜੀ ਨਾਲ ਜੁੜੇ ਲੋਕਾਂ ਵੱਲੋਂ ਸੂਰਜ ਦੇ ਚਮਕਦੇ ਰਹਿਣ ਅਤੇ ਅਸਮਾਨ ਸਾਫ਼ ਰਹਿਣ ਲਈ ਹੀ ਕਾਮਨਾ ਕੀਤੀ ਜਾਂਦੀ ਸੀ।
ਭਾਵੇਂ ਕਿ ਹਾੜ੍ਹੀ ਸੰਭਾਲਣ ਲਈ ਸੂਰਜ ਦੀ ਵਧ ਰਹੀ ਗਰਮੀ ਕਾਰਨ ਮਨੁੱਖੀ ਸਰੀਰਾਂ ਦਾ ਹਾਲੋ ਬੇਹਾਲ ਹੋਣਾ ਸੁਭਾਵਿਕ ਜਿਹਾ ਵਰਤਾਰਾ ਹੁੰਦਾ, ਪਰ ਇਸ ਦੇ ਬਾਵਜੂਦ ਸੂਰਜ ਦੀ ਵਧ ਰਹੀ ਗਰਮੀ ਨੂੰ ਬਰਦਾਸ਼ਤ ਕਰਨਾ ਪਿੰਡਾਂ ਦੇ ਲੋਕਾਂ ਦੀ ਇੱਕ ਅਣਸਰਦੀ ਲੋੜ ਵੀ ਹੁੰਦੀ ਤੇ ਕੁਦਰਤ ਦੇ ਰੰਗਾਂ ਨੂੰ ਮਾਣਨ ਦਾ ਹੁਨਰ ਵੀ। ਹਾੜ੍ਹੀ ਦੀ ਸੰਭਾਲ ਤੋਂ ਬਾਅਦ ਕਣਕਾਂ ਵਾਲੇ ਵੱਢ ਅਕਸਰ ਖਾਲੀ ਨਜ਼ਰ ਆਉਂਦੇ। ਜੇਠ ਹਾੜ੍ਹ ਦੇ ਮਹੀਨਿਆਂ ਵਿੱਚ ਪੱਛਮ ਦੀ ਦਿਸ਼ਾ ਵੱਲੋਂ ਵਗਦੀਆਂ ਲੇਟਵੀਆਂ ਹਵਾਵਾਂ ਮੌਸਮ ਖੁਸ਼ਕ ਰਹਿਣ ਦਾ ਸੁਨੇਹਾ ਦਿੰਦੀਆਂ ਰਹਿੰਦੀਆਂ। ਖੇਤਾਂ ਵਿੱਚ ਹਰੇ ਚਾਰੇ ਜਾਂ ਫਲਦਾਰ ਬੂਟਿਆਂ ਦੀ ਸਿੰਚਾਈ ਤੋਂ ਇਲਾਵਾ ਕਿਸਾਨਾਂ ਲਈ ਖੇਤੀ ਦਾ ਕੋਈ ਹੋਰ ਰੁਝੇਵਾਂ ਨਹੀਂ ਸੀ ਹੋਇਆ ਕਰਦਾ।
ਪਿੰਡਾਂ ਵਿੱਚ ਖਾਲੀ ਪਏ ਵਾਹਣਾਂ ਵਿੱਚ ਤਿੱਤਰ, ਟਟੀਰੀਆਂ, ਆਪਣੇ ਘੁਰਨੇ ਜਿਹੇ ਬਣਾ ਕੇ ਆਂਡੇ ਦਿਆ ਕਰਦੇ, ਬੱਚੇ ਕੱਢਦੇ ਅਤੇ ਜਦੋਂ ਉਨ੍ਹਾਂ ਦੇ ਛੋਟੇ ਛੋਟੇ ਬਰੋਟ ਦੌੜਣ ਭੱਜਣ ਜੋਗੇ ਹੋ ਜਾਂਦੇ ਤਾਂ ਅਸਮਾਨ ਵੱਲੋਂ ਹਾੜ੍ਹ ਦੇ ਛਰਾਟਿਆਂ ਦੀ ਆਮਦ ਸ਼ੁਰੂ ਹੋ ਜਾਂਦੀ ਸੀ। ਇਸ ਤੋਂ ਪਹਿਲਾਂ ਕਦੇ ਜੰਮੇ ਸ਼ਾਹ ਦੀਆਂ ਹਨੇਰੀਆਂ ਵਗਦੀਆਂ ਅਤੇ ਕਦੇ ਕਾਲੀਆਂ ਬੋਲੀਆਂ ਹਵਾਵਾਂ ਤੇ ਮੀਂਹ ’ਨੇਰੀਆਂ ਪੇਂਡੂ ਜੀਵਨ ਨੂੰ ਬੁਰੀ ਤਰ੍ਹਾਂ ਅਸਤ ਵਿਅਸਤ ਕਰ ਦਿੰਦੀਆਂ ਸਨ। ਜੇਠ-ਹਾੜ੍ਹ ਦੇ ਮਹੀਨੇ ਖੂਬ ਔੜਾ ਲੱਗਦੀਆਂ। ਖੂਹਾਂ ਤੇ ਟਿਊਬਵੈਲਾਂ ਦੇ ਸੁੱਕਣ ਦੇ ਕਿਨਾਰੇ ਪਹੁੰਚੇੇ ਪਾਣੀਆਂ ਤੋਂ: ਲੋਆਂ ਚੱਲਣ ਜੇਠ ਦੀ ਗਰਮੀ, ਟੋਭਿਆਂ ਦਾ ਪਾਣੀ ਸੁੱਕਿਆ ... ਜਿਹੇ ਬੋਲ ਪੂਰੇ ਹੁੰਦੇ ਦਿਖਾਈ ਦੇਣ ਲੱਗਦੇ।
ਵੱਡੇ ਵੱਡੇ ਦਰੱਖਤ ਵੀ ਔੜਾਂ ਦੀ ਗਰਮੀ ਨਾਲ ਨਿਢਾਲ ਜਿਹੇ ਹੋਏ ਨਜ਼ਰ ਆਉਂਦੇ, ਪਰ ਬਜ਼ੁਰਗ ਇਸ ਗਰਮੀ ਨੂੰ ਵੀ ਕੁਦਰਤ ਦੀ ਇੱਕ ਨਿਆਮਤ ਸਮਝਦੇ ਹੋਏ ਇਸ ਨੂੰ ਬਰਦਾਸ਼ਤ ਕਰਨ ਦੀ ਸਲਾਹ ਦਿਆ ਕਰਦੇ। ਉਹ ‘ਜੇਠ ਹਾੜ੍ਹ ਕੱਛੀਂ ਸਾਉਣ ਭਾਦੋਂ ਰੁੱਖੀ’ ਕਾਹਵਤ ਦਾ ਹਵਾਲਾ ਦਿੰਦੇ ‘ਜੇਠ-ਹਾੜ੍ਹ ਦੀ ਗਰਮੀ ਬਰਦਾਸ਼ਤ ਕਰਨ ਨਾਲ ਸਰੀਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨ ਦੇ ਸਮਰੱਥ ਹੋ ਜਾਂਦਾ ਹੈ’ ਨਾਲ ਬਜ਼ੁਰਗ ਇਹ ਵੀ ਆਖਿਆ ਕਰਦੇ ਕਿ ਜੇਠ ਹਾੜ੍ਹ ਜਿੰਨਾ ਤਪੂ ਸਾਉਣ ਭਾਦੋਂ ਓਨਾ ਹੀ ਵਰੂ। ਇਸ ਤਰ੍ਹਾਂ ਕਈ ਤਰ੍ਹਾਂ ਦੇ ਕਿਆਫ਼ੇ ਲਾਉਂਦਿਆਂ ਦੀਆਂ ਹਾੜ੍ਹ ਦੇ ਛਰਾਟਿਆਂ ਤੋਂ ਬਾਅਦ ਸਾਉਣ ਮਹੀਨੇ ਦੇ ਮੀਂਹ ਪੈਣੇ ਸ਼ੁਰੂ ਹੋ ਜਾਂਦੇ। ਪਹਿਲੇ ਛਰਾਟਿਆਂ ਨਾਲ ਖੇਤਾਂ ਵਿੱਚ ਬੀਜੀਆਂ ਮੱਕੀਆਂ, ਗਵਾਰੇ ਬਾਜਰੇ ਤੇ ਚਰ੍ਹੀਆਂ ਸਾਉਣ ਦੇ ਦਿਨਾਂ ਵਿੱਚ ਛੇਤੀ ਹੀ ਜਵਾਨ ਹੋਈ ਜਾਂਦੀਆਂ ਦਿਸਦੀਆਂ।
ਸਾਉਣ ਮਹੀਨੇ ਕਈ ਵਾਰ ਨਿੱਕੀ ਨਿੱਕੀ ਕਣੀ ਦਾ ਮੀਂਹ ਪੈਂਦਾ ਅਤੇ ਕਈ ਵਾਰ ਮੋਹਲੇਧਾਰ ਵਰਖਾ। ਕਈ ਕਈ ਦਿਨਾਂ ਦੀਆਂ ਲੱਗਦੀਆਂ ਝੜੀਆਂ ਨਾਲ ਪੇਂਡੂ ਜ਼ਿੰਦਗੀ ਬੁਰੀ ਤਰ੍ਹਾਂ ਅਸਤ ਵਿਅਸਤ ਹੋ ਜਾਂਦੀ। ਕੋਠੇ ਚੋਣ ਲੱਗਦੇ, ਕੱਚੇ ਘਰ ਹਵੇਲੀਆਂ ਡਿੱਗਣ ਨੂੰ ਫਿਰਦੀਆਂ। ਪੇਂਡੂ ਲੋਕ ਮੀਹਾਂ ਨਾਲ ਝੰਭ ਹੋਈ ਜ਼ਿੰਦਗੀ ਦੀ ਰਾਹਤ ਲਈ ਪੱਧਰੇ ਦਿਨਾਂ ਦੀ ਉਮੀਦ ਨਾਲ ਚੜ੍ਹਦੇ ਤੇ ਲਹਿੰਦੇ ਸੂਰਜ ਦੀ ਤੋਰ ਵੱਲ ਆਪਣੀਆਂ ਨਿਗਾਹਾਂ ਟਿਕਾਈ ਰੱਖਦੇ। ਭਾਦੋਂ ਦੇ ਮਹੀਨਿਆਂ ਵਿੱਚ ਜ਼ਮੀਨ ਦੀ ਸਿਲ ਅਤੇ ਸੂਰਜ ਦੀ ਤਪਸ਼ ਅਜੀਬ ਕਿਸਮ ਦੀ ਮੁੜਕੇ ਕੱਢਦੀ ਗਰਮੀ ਪੈਦਾ ਕਰਨ ਦਾ ਸਬੱਬ ਬਣ ਜਾਂਦੀ। ਇਸ ਮਹੀਨੇ ਕਈ ਵਾਰ ਹਵਾ ਨਾ ਵਗਣ ਕਰਕੇ ਅਜੀਬ ਕਿਸਮ ਦੀ ਹੁੰਮਸ ਵੀ ਹੋ ਜਾਂਦੀ ਅਤੇ ਇਸ ਤਰ੍ਹਾਂ ਦੀ ਨਾ ਸਹਿਣਯੋਗ ਹੁੰਮਸ ਤੇ ਗਰਮੀ ਵਿੱਚ ਕੰਮ ਕਰਕੇ ਪੇਂਡੂ ਲੋਕ ਧੱਕੇ ਦਾ ਸ਼ਿਕਾਰ ਵੀ ਹੋ ਜਾਂਦੇ।
ਇਸ ਤਰ੍ਹਾਂ ਭਾਦੋਂ ਦੀ ਹੁੰਮਸ ਤੇ ਵੱਟ ਛੱਡ ਕੇ ਪੈਣ ਵਾਲੇ ਮੀਂਹ ਦੇ ਛਰਾਟਿਆਂ ਨੂੰ ਬਰਦਾਸ਼ਤ ਕਰਦਿਆਂ ਪੇਂਡੂ ਜ਼ਿੰਦਗੀ ਅੱਸੂ ਮਹੀਨੇ ਦੇ ਰਾਹਤ ਦੇਣ ਵਾਲੇ ਮਹੀਨੇ ਵਿੱਚ ਪ੍ਰਵੇਸ਼ ਕਰ ਜਾਂਦੀ। ਅੱਸੂ ਸ਼ੁਰੂ ਹੋਣ ਮੌਕੇ ਚੋਆਂ, ਨਦੀਆਂ, ਦਰਿਆਵਾਂ ਤੇ ਛੱਪੜਾਂ ਦੇ ਕੰਢੇ ਕਾਹੀਆਂ ਨੂੰ ਪਏ ਚਿੱਟੇ ਬੁੱਬਲ ਵੀ ਇੱਕ ਤਰ੍ਹਾਂ ਨਾਲ ਰੁੱਤ ਬਦਲੀ ਦੇ ਸੁਨੇਹੇ ਨਾਲ ਇਹ ਦੱਸਣ ਦਾ ਯਤਨ ਕਰਦੇ ਹਨ ਕਿ ਹੁਣ ਮਿੱਠੀ ਤੇ ਨਿਆਰੀ ਰੁੱਤ ਸ਼ੁਰੂ ਹੋਣ ਦਾ ਸਮਾਂ ਆ ਰਿਹਾ ਹੈ। ਇਸ ਮਹੀਨੇ ਤੱਕ ਮੀਂਹ ਮੁੱਕ ਜਾਂਦੇ ਤੇ ਕੁਦਰਤ ਮਿੱਟੀ-ਘੱਟੇ, ਮੀਂਹ-ਹਨੇਰੀ ਝੱਖੜਾਂ ਦੀ ਮਾਰ ਤੋਂ ਮੁਕਤ ਹੋ ਕੇ ਨਿੱਖਰੀ ਨਿੱਖਰੀ ਤੇ ਟਿਕਾਅ ਵਾਲੀ ਅਵਸਥਾ ’ਚ ਆ ਜਾਂਦੀ। ਨਿੱਖਰੇ ਹੋਏ ਨੀਲੇ ਅਸਮਾਨ ’ਤੇ ਸਵੇਰੇ ਸ਼ਾਮ ਚੜ੍ਹਦੇ ਤੇ ਢਲਦੇ ਸੂਰਜ ਦੇ ਸੁਰਖ਼ ਰੰਗਾਂ ’ਚ ਉਡਾਰੀਆਂ ਮਾਰਦੇ ਪੰਛੀ ਪਰਿੰਦਿਆਂ ਦੀ ਰੌਣਕ ਰੁੱਤ ਦੇ ਟਿਕਾਅ ਨੂੰ ਹੋਰ ਸੋਹਣਾ ਬਣਾ ਦਿੰਦੀ।
ਪਿਛਲੇ ਕਈ ਮਹੀਨਿਆਂ ਤੋਂ ਤੇਜ਼ ਤਪਸ਼ ਤੇ ਅਤਿ ਦੀ ਗਰਮੀ ਦਾ ਸੁਨੇਹਾ ਦੇਣ ਵਾਲਾ ਸੂਰਜ ਇਨ੍ਹੀਂ ਦਿਨੀਂ ਪ੍ਰਭਾਤਾਂ ਤੇ ਆਥਣ ਵੇਲੇ ਹਲਕੀ ਠੰਢਕ ਦੇ ਸੁਨੇਹੇ ਦਿੰਦਾ ਊਦੈ ਤੇ ਅਸਤ ਹੋਣ ਲੱਗਿਆ ਦੋਵੇਂ ਦਿਸ਼ਾਵਾਂ ’ਚ ਲਾਲੀਆਂ ਦੇ ਰੰਗ ਗੂੜ੍ਹੇ ਕਰਦਾ ਦਿਖਾਈ ਦੇਣ ਲੱਗ ਪੈਂਦਾ। ਅੱਸੂ-ਕੱਤਕ ਦੇ ਮਹੀਨੇ ਪਹਿਲਾਂ ਸ਼ਰਾਧ, ਫਿਰ ਨਰਾਤੇ ਤੇ ਦੁਸਹਿਰੇ, ਦੀਵਾਲੀ ਤੇ ਕਰਵਾਚੌਥ ਵਰਗੇ ਤਿਉਹਾਰ ਜ਼ਿੰਦਗੀ ਦੇ ਨਾਂਹਪੱਖੀ ਵਰਤਾਰਿਆਂ ਨਾਲ ਬੇਉਮੀਦ ਤੇ ਉਪਰਾਮ ਹੋਈ ਜ਼ਿੰਦਗੀ ਨੂੰ ਜਗਣ ਤੇ ਆਪਣਾ ਸਫ਼ਰ ਉਤਸ਼ਾਹ ਨਾਲ ਚੱਲਦਾ ਰੱਖਣ ਦਾ ਭੇਤ ਸਿਖਾ ਜਾਇਆ ਕਰਦੇ ਸਨ।
­ਤਿੱਥ ਤਿਉਹਾਰਾਂ ਦੀਆਂ ਖੁਸ਼ੀਆਂ ਮਾਣਦਿਆਂ ਪੇਂਡੂ ਲੋਕਾਂ ਲਈ ਮੱਘਰ ਮਹੀਨਾ ਚੜ੍ਹ ਜਾਂਦਾ ਤੇ ਮੱਘਰ ਚੜ੍ਹਦਿਆਂ ਹੀ ਸਰਦੀ ਜ਼ੋਰ ਫੜ ਲੈਂਦੀ ਜਿਹੜੀ ਕਿ ਪੋਹ ਮਹੀਨੇ ਦੀਆਂ ਬਰੂਹਾਂ ’ਤੇ ਪਹੁੰਚਦਿਆਂ ਸਿਖਰਾਂ ਨੂੰ ਛੋਹਣ ਲੱਗ ਪੈਂਦੀ ਸੀ। ਇਸ ਤਰ੍ਹਾਂ ਪੰਜਾਬ ਦੀ ਪੇਡੂ ਜ਼ਿੰਦਗੀ ਵੱਖੋ ਵੱਖਰੀਆਂ ਰੁੱਤਾਂ ਦੇ ਵੱਖੋ ਵੱਖਰੇ ਰੰਗ ਮਾਣਦੀ ਸੂਰਜ ਦੀਆਂ ਲਿਸ਼ਕੋਰਾਂ, ਚੰਦਰਮਾ ਦੀ ਚਾਨਣੀ ਤੇ ਤਾਰਿਆਂ ਦੀਆਂ ਲੋਆਂ ਨਾਲ ਗੁਫਤਗੂ ਕਰਦੀ, ਤਿੱਥ ਤਿਉਹਾਰਾਂ ਦੀਆਂ ਖੁਸ਼ੀਆਂ ਮਾਣਦੀ, ਰੁੱਖ-ਬੂਟਿਆਂ, ਵੱਟਾਂ-ਬੰਨਿਆਂ, ਰਾਹਾਂ-ਟੋਭਿਆਂ, ਪੰਛੀ-ਪੰਖੇਰੂਆਂ ਨਾਲ ਸਾਂਝ ਪੁਗਾਉਂਦੀ ਪੂਰੇ ਸਾਲ ਦਾ ਸਫ਼ਰ ਬੜੀ ਸਹਿਜਤਾ ਨਾਲ ਪੂਰਾ ਕਰ ਲੈਂਦੀ।
ਸੰਪਰਕ: 70877-87700

Advertisement
Author Image

Balwinder Kaur

View all posts

Advertisement