For the best experience, open
https://m.punjabitribuneonline.com
on your mobile browser.
Advertisement

ਸੁੱਤਿਆਂ ਨੂੰ ਜਗਾਉਣ ਵਾਲੀ ਭਗਤ ਸਿੰਘ ਦੀ ਕਲਮ

04:06 AM Mar 23, 2025 IST
ਸੁੱਤਿਆਂ ਨੂੰ ਜਗਾਉਣ ਵਾਲੀ ਭਗਤ ਸਿੰਘ ਦੀ ਕਲਮ
Advertisement

ਸਰਬਜੀਤ ਸਿੰਘ ਵਿਰਕ, ਐਡਵੋਕੇਟ

Advertisement

‘ਮੈਂ ਇੱਕ ਮਨੁੱਖ ਹਾਂ ਅਤੇ ਉਨ੍ਹਾਂ ਸਾਰੀਆਂ ਗੱਲਾਂ ਨਾਲ ਮੇਰਾ ਸਰੋਕਾਰ ਹੈ, ਜਿਹੜੀਆਂ ਮਨੁੱਖਤਾ ਉੱਤੇ ਅਸਰ-ਅੰਦਾਜ਼ ਹੁੰਦੀਆਂ ਹਨ।’ ਇਨ੍ਹਾਂ ਸ਼ਬਦਾਂ ਨੂੰ ਸ਼ਹੀਦ ਭਗਤ ਸਿੰਘ ਨੇ ਆਪਣੀ ਜੇਲ੍ਹ ਡਾਇਰੀ ਵਿੱਚ ਨੋਟ ਹੀ ਨਹੀਂ ਕੀਤਾ ਸਗੋਂ ਜੀਵਿਆ ਵੀ। ਉਸ ਦੇ ਲੋਕ-ਪੱਖੀ ਸੰਘਰਸ਼ ਅਤੇ ਸਪੱਸ਼ਟ ਵਿਚਾਰਾਂ ਦੀ ਮਿਸਾਲ ਉਸ ਦਾ ਆਪਣਾ ਜੀਵਨ ਅਤੇ ਲਿਖਤਾਂ ਹਨ। ਉਸ ਦੇ ਜੀਵਨ ਦੀ ਜੱਦੋਜਹਿਦ ਵਿੱਚ ਉਦੇਸ਼ ਲਈ ਜੂਝਣ ਦੀ ਦਲੇਰੀ ਅਤੇ ਲਿਖਤਾਂ ਵਿੱਚ ਬੌਧਿਕ ਪਰਿਪੱਕਤਾ ਹੈ। ਸ਼ਹੀਦ ਭਗਤ ਸਿੰਘ ਨੇ ਆਪਣੇ ਨਿੱਕੇ ਜਿਹੇ (ਕੁੱਲ ਸਾਢੇ ਤੇਈ ਵਰ੍ਹੇ ਦੇ) ਜੀਵਨ ਵਿੱਚ ਲਗਨ, ਦਲੇਰੀ ਅਤੇ ਕੁਰਬਾਨੀ ਦੇ ਬਹੁਤ ਸਾਰੇ ਕੀਰਤੀਮਾਨ ਸਥਾਪਤ ਕੀਤੇ। ਇਸ ਦੇ ਨਾਲ ਹੀ ਉਸ ਨੇ ਆਪਣੀ ਕਲਮ ਨਾਲ ਭਾਰਤੀਆਂ ਨੂੰ ਰਾਜਨੀਤਕ ਚੇਤਨਾ ਦੀਆਂ ਬੁਲੰਦੀਆਂ ਉੱਤੇ ਵੀ ਪਹੁੰਚਾਇਆ, ਜਿਨ੍ਹਾਂ ਕਰਕੇ ਦੇਸ਼ ਹਮੇਸ਼ਾ ਸ਼ਹੀਦ ਭਗਤ ਸਿੰਘ ਦਾ ਰਿਣੀ ਰਹੇਗਾ।
ਉਸ ਦੀ ਜ਼ਿੰਦਗੀ ਵਿੱਚ ਮਹੱਤਵਪੂਰਨ ਮੋੜ 1919 ਵਿੱਚ ਵਾਪਰੇ ਜਲ੍ਹਿਆਂਵਾਲਾ ਬਾਗ਼ ਦੇ ਸਾਕੇ ਸਮੇਂ ਆਇਆ। ਇਸ ਸਾਕੇ ਨੇ ਸਾਰੇ ਦੇਸ਼ਵਾਸੀਆਂ ਨੂੰ ਝੰਜੋੜ ਦਿੱਤਾ ਸੀ। ਸੈਂਕੜੇ ਨਿਹੱਥੇ ਬੇਕਸੂਰ ਹਿੰਦੋਸਤਾਨੀਆਂ ਦੇ ਭਿਆਨਕ ਤਰੀਕੇ ਨਾਲ ਕੀਤੇ ਕਤਲਾਂ ਨੇ ਭਗਤ ਸਿੰਘ ਦੇ ਬਾਲਮਨ ਵਿੱਚ ਬਸਤੀਵਾਦੀ ਹਕੂਮਤ ਖ਼ਿਲਾਫ਼ ਰੋਹ ਅਤੇ ਨਫ਼ਰਤ ਭਰ ਦਿੱਤੀ ਅਤੇ ਇਸ ਪਿੱਛੋਂ 1920 ਵਿੱਚ ਉਹ ਦੇਸ਼ਭਗਤੀ ਵਾਲੀ ਵਿਰਾਸਤ ਨੂੰ ਅੱਗੇ ਲਿਜਾਂਦੇ ਹੋਏ ਸਕੂਲ ਸਮੇਂ ਹੀ ਮਹਾਤਮਾ ਗਾਂਧੀ ਵੱਲੋਂ ਸ਼ੁਰੂ ਕੀਤੀ ਨਾ-ਮਿਲਵਰਤਣ ਲਹਿਰ ਵਿੱਚ ਸ਼ਾਮਿਲ ਹੋ ਗਿਆ ਸੀ। ਨੈਸ਼ਨਲ ਕਾਲਜ ਲਾਹੌਰ ਵਿੱਚ ਦਾਖਲੇ ਮਗਰੋਂ ਤਾਂ ਭਗਤ ਸਿੰਘ ਨੇ ਦੇਸ਼ ਵਿੱਚੋਂ ਅੰਗਰੇਜ਼ ਹਕੂਮਤ ਦੀਆਂ ਜੜ੍ਹਾਂ ਪੁੱਟਣ ਦਾ ਅਹਿਦ ਹੀ ਕਰ ਲਿਆ ਅਤੇ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕਰਕੇ ਇਸ ਦਾ ਉਦੇਸ਼ ਹਰ ਸੰਭਵ ਸਾਧਨ ਵਰਤ ਕੇ ਦੇਸ਼ ਨੂੰ ਕਿਰਤੀਆਂ ਦਾ ਸੰਪੂਰਨ ਆਜ਼ਾਦ, ਪ੍ਰਭੂਸੱਤਾ-ਸੰਪੰਨ, ਸਮਾਜਵਾਦੀ ਗਣਤੰਤਰ ਬਣਾਉਣਾ ਮਿੱਥਿਆ। ਇਸ ਸਭਾ ਨੇ ਆਪਣੇ ਮੈਨੀਫੈਸਟੋ ਵਿੱਚ ਇਨ੍ਹਾਂ ਭਾਵੁਕ ਅਤੇ ਜ਼ੋਰਦਾਰ ਸ਼ਬਦਾਂ ਵਿੱਚ ਨੌਜਵਾਨਾਂ ਨੂੰ ਗ਼ੁਲਾਮੀ ਦੀਆਂ ਬੇੜੀਆਂ ਤੋੜਨ ਦਾ ਸੱਦਾ ਦਿੱਤਾ:
- ਕੀ ਸਾਨੂੰ ਹਰ ਰੋਜ਼ ਚੜ੍ਹਦੇ ਸੂਰਜ ਨਾਲ ਇਹ ਸੁਣ ਕੇ ਸ਼ਰਮ ਨਹੀਂ ਆਉਂਦੀ ਕਿ ਅਸੀਂ ਆਪਣਾ ਰਾਜ ਸੰਭਾਲਣ ਦੇ ਯੋਗ ਨਹੀਂ? ਕੀ ਇਹ ਸਾਡੇ ਲਈ ਸੱਚੀਂ-ਮੁੱਚੀਂ ਬੜੀ ਬੇਇੱਜ਼ਤੀ ਵਾਲੀ ਗੱਲ ਨਹੀਂ ਕਿ ਗੁਰੂ ਗੋਬਿੰਦ ਸਿੰਘ ਜੀ, ਸ਼ਿਵਾਜੀ ਅਤੇ ਹਰੀ ਸਿੰਘ ਨਲੂਏ ਜਿਹੇ ਸੂਰਮਿਆਂ ਦੇ ਵਾਰਸ ਹੁੰਦਿਆਂ ਸਾਨੂੰ ਇਹ ਆਖਿਆ ਜਾਵੇ ਕਿ ਤੁਸੀਂ ਆਪਣੀ ਹਿਫ਼ਾਜ਼ਤ ਕਰਨ ਦੇ ਲਾਇਕ ਨਹੀਂ?
- ਮਨੁੱਖੀ ਭਾਈਚਾਰੇ ਦਾ ਅਸੂਲ ਮੰਗ ਕਰਦਾ ਹੈ ਕਿ ਇੱਕ ਬੰਦੇ ਦੇ ਹੱਥੋਂ ਦੂਜੇ ਬੰਦੇ ਦੀ ਅਤੇ ਇੱਕ ਕੌਮ ਦੇ ਹੱਥੋਂ ਦੂਜੀ ਕੌਮ ਦੀ ਲੁੱਟ-ਖਸੁੱਟ ਬੰਦ ਕਰ ਦਿੱਤੀ ਜਾਵੇ। ਹਰੇਕ ਨੂੰ ਬਿਨਾਂ ਕਿਸੇ ਵਿਤਕਰੇ ਤੋਂ ਤਰੱਕੀ ਦੇ ਇੱਕੋ ਜਿਹੇ ਮੌਕੇ ਮੁਹੱਈਆ ਕਰਵਾਏ ਜਾਣ, ਪਰ ਅੰਗਰੇਜ਼ੀ ਹਕੂਮਤ ਇਸ ਤੋਂ ਉਲਟ ਕਰ ਰਹੀ ਹੈ ਇਸ ਕਰਕੇ ਇਹ ਸਾਡੇ ਕਿਸੇ ਕੰਮ ਦੀ ਨਹੀਂ।
- ਕੀ ਅਸੀਂ ਗ਼ੁਲਾਮੀ ਦੀਆਂ ਜ਼ੰਜੀਰਾਂ ਤੋੜਨ ਲਈ ਕਿਸੇ ਰੱਬੀ ਕਰਿਸ਼ਮੇ ਜਾਂ ਗ਼ੈਬੀ ਕਰਾਮਾਤ ਵਾਪਰਨ ਦੀ ਆਸ ਲਾ ਕੇ ਬੈਠੇ ਰਹਾਂਗੇ? ਕੀ ਅਸੀਂ ਆਜ਼ਾਦੀ ਪ੍ਰਾਪਤ ਕਰਨ ਦਾ ਇਹ ਮੁੱਢਲਾ ਅਸੂਲ ਨਹੀਂ ਜਾਣਦੇ ਕਿ ਜੋ ਆਜ਼ਾਦ ਹਵਾਵਾਂ ਮਾਨਣਾ ਚਾਹੁੰਦੇ ਹਨ ਉਨ੍ਹਾਂ ਨੂੰ ਪਹਿਲਾਂ ਆਪ ਰਣਤੱਤੇ ਵਿੱਚ ਕੁੱਦਣਾ ਪੈਂਦਾ ਹੈ। ਨੌਜਵਾਨੋ, ਜਾਗੋ! ਉੱਠੋ! ਸਾਨੂੰ ਸੁੱਤਿਆਂ ਨੂੰ ਯੁੱਗ ਬੀਤ ਗਏ ਹਨ।
ਭਗਤ ਸਿੰਘ ਨੇ ਬਚਪਨ ਵਿੱਚ ਸਿੱਖ ਲਹਿਰ, ਕੂਕਾ ਲਹਿਰ, ਗ਼ਦਰ ਲਹਿਰ, ਬੱਬਰ ਅਕਾਲੀ ਲਹਿਰ, ਸਿੰਘ ਸਭਾ ਲਹਿਰ ਤੇ ਕਿਸਾਨੀ ਲਹਿਰ ਬਾਰੇ ਕਾਫ਼ੀ ਪੜ੍ਹ ਸੁਣ ਲਿਆ ਸੀ। ਉਸ ਨੇ ਚੜ੍ਹਦੀ ਜਵਾਨੀ ਸਮੇਂ ਸਿਵਲ ਨਾ-ਫੁਰਮਾਨੀ ਲਹਿਰ, ਖ਼ਿਲਾਫ਼ਤ ਲਹਿਰ ਅਤੇ ਦੇਸ਼ ਵਿਦੇਸ਼ ਵਿੱਚ ਉੱਠੀਆਂ ਹੋਰ ਸਮਾਜਿਕ ਤੇ ਇਨਕਲਾਬੀ ਲਹਿਰਾਂ ਬਾਰੇ ਵੀ ਬਹੁਤ ਸਾਰੀ ਜਾਣਕਾਰੀ ਹਾਸਲ ਕਰ ਲਈ ਸੀ। ਉਹ ਇਸ ਜਾਣਕਾਰੀ ਨਾਲ ਆਮ ਜਨਤਾ ਅਤੇ ਨੌਜਵਾਨਾਂ ਨੂੰ ਪ੍ਰੇਰਿਤ ਕਰਨਾ ਚਾਹੁੰਦਾ ਸੀ। ਇਨ੍ਹਾਂ ਲਹਿਰਾਂ ਵਿੱਚ ਦੇਸ਼ ਲਈ ਕੁਰਬਾਨੀਆਂ ਕਰਨ ਅਤੇ ਸ਼ਹੀਦ ਹੋਣ ਵਾਲੇ ਬਹਾਦਰ ਯੋਧਿਆਂ ਦੀ ਯਾਦ ਨੂੰ ਉਹ ਹਮੇਸ਼ਾ ਤਾਜ਼ਾ ਰੱਖਣਾ ਚਾਹੁੰਦਾ ਸੀ।
ਸ਼ਹੀਦ ਭਗਤ ਸਿੰਘ ਕੂਕਾ ਲਹਿਰ ਦੇ ਮੋਢੀ ਬਾਬਾ ਰਾਮ ਸਿੰਘ ਵੱਲੋਂ ਅੰਗਰੇਜ਼ਾਂ ਦੇ ਪੰਜਾਬ ਉੱਤੇ ਕਬਜ਼ੇ ਤੋਂ ਇਕਦਮ ਬਾਅਦ ਚਲਾਈ ਸਵਦੇਸ਼ੀ ਲਹਿਰ ਤੋਂ ਵੀ ਪ੍ਰਭਾਵਿਤ ਸੀ। ਇਸ ਲਹਿਰ ਨੇ ਪੰਜਾਬੀਆਂ ਨੂੰ ਗ਼ੁਲਾਮ ਹੋਣ ਦੀ ਹਤਾਸ਼ਾ ਵਿੱਚੋਂ ਕੱਢਿਆ ਸੀ ਅਤੇ ਉਨ੍ਹਾਂ ਦੇ ਹੌਸਲੇ ਬੁਲੰਦ ਕਰਕੇ ਇੱਕ ਵਾਰ ਫਿਰ ਉਨ੍ਹਾਂ ਨੂੰ ਬਸਤੀਵਾਦੀ ਹਕੂਮਤ ਵਿਰੁੱਧ ਜਥੇਬੰਦ ਹੋ ਕੇ ਸੰਘਰਸ਼ ਕਰਨ ਲਈ ਤਿਆਰ ਕੀਤਾ ਸੀ। ਇਸ ਲਹਿਰ ਨੇ ਕੁੱਲ ਹਿੰਦੋਸਤਾਨੀਆਂ ਵਿੱਚ ਆਪਣੇ ਸਮਾਜਿਕ ਸੰਸਕਾਰਾਂ ਤੇ ਸੱਭਿਆਚਾਰ ਦੀ ਰਾਖੀ ਕਰਨ ਦਾ ਜਜ਼ਬਾ ਵੀ ਪੈਦਾ ਕੀਤਾ ਸੀ। ਭਗਤ ਸਿੰਘ ਨੇ ਬਾਬਾ ਰਾਮ ਸਿੰਘ ਜੀ ਬਾਰੇ ਲਿਖਿਆ ਸੀ ਕਿ ‘ਉਨ੍ਹਾਂ ਉਸ ਵੇਲੇ ਠੀਕ ਉਸੇ ਨਾ-ਮਿਲਵਰਤਣ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ ਜੋ 1920 ਵਿੱਚ ਮਹਾਤਮਾ ਗਾਂਧੀ ਨੇ ਕੀਤਾ। ਉਨ੍ਹਾਂ ਦਾ ਨਾ-ਮਿਲਵਰਤਣ ਅੰਦੋਲਨ ਮਹਾਤਮਾ ਗਾਂਧੀ ਦੇ ਨਾ-ਮਿਲਵਰਤਣ ਅੰਦੋਲਨ ਨਾਲੋਂ ਵੀ ਕਈ ਗੱਲਾਂ ਵਿੱਚ ਵਧ-ਚੜ੍ਹ ਕੇ ਸੀ। ਅਦਾਲਤਾਂ ਦਾ ਬਾਈਕਾਟ, ਆਪਣੀਆਂ ਪੰਚਾਇਤਾਂ ਦੀ ਸਥਾਪਨਾ, ਸਰਕਾਰੀ ਸਿੱਖਿਆ ਦਾ ਬਾਈਕਾਟ, ਵਿਦੇਸ਼ੀ ਹਕੂਮਤ ਦੇ ਪੂਰਨ ਬਾਈਕਾਟ ਦੇ ਨਾਲ ਨਾਲ ਰੇਲਾਂ ਅਤੇ ਡਾਕ-ਤਾਰ ਪ੍ਰਬੰਧ ਦੇ ਬਾਈਕਾਟ ਕਰਨ ਦਾ ਪ੍ਰਚਾਰ ਕੀਤਾ ਗਿਆ।’ ਭਗਤ ਸਿੰਘ ਉੱਤੇ ਉਨ੍ਹਾਂ ਸਾਰੇ ਦੇਸ਼ਭਗਤਾਂ ਦੀਆਂ ਕੁਰਬਾਨੀਆਂ ਦਾ ਵੱਡਾ ਅਸਰ ਸੀ, ਜਿਨ੍ਹਾਂ ਨੇ ਵਿਦੇਸ਼ੀ ਹਕੂਮਤ ਦੇ ਜ਼ਾਲਮਾਨਾ ਵਿਹਾਰ ਅਤੇ ਦਮਨਕਾਰੀ ਕਾਨੂੰਨਾਂ ਦਾ ਵਿਰੋਧ ਕੀਤਾ। ਉਸ ਨੇ ਮਦਨ ਲਾਲ ਢੀਂਗਰਾ ਨੂੰ ‘ਵੀਹਵੀਂ ਸਦੀ ਦੇ ਪਹਿਲੇ ਵਿਦਰੋਹੀ ਸ਼ਹੀਦ’ ਦਾ ਦਰਜਾ ਦਿੰਦਿਆਂ ਲਿਖਿਆ ਸੀ-
‘ਐਸੇ ਵਚਿੱਤਰ ਵਿਦਰੋਹੀ ਜੀਵ ਜੋ ਸਾਰੇ ਸੰਸਾਰ ਨਾਲ ਮੱਥਾ ਲਾ ਖਲੋਤੇ ਹਨ ਅਤੇ ਆਪਣੇ ਆਪ ਨੂੰ ਬਲਦੀ ਦੇ ਬੁੱਥੇ ਦੇ ਦੇਂਦੇ ਹਨ, ਆਪਣਾ ਸੁੱਖ-ਐਸ਼ ਸਭ ਭੁੱਲ ਜਾਂਦੇ ਹਨ ਅਤੇ ਦੁਨੀਆ ਦੇ ਹੁਸਨ ਸ਼ਿੰਗਾਰ ਅਤੇ ਸੁਹੱਪਣ ਵਿੱਚ ਕੁਝ ਕੁ ਵਾਧਾ ਕਰ ਦਿੰਦੇ ਹਨ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਕਰਕੇ ਹੀ ਦੁਨੀਆ ਕੁਝ ਤਰੱਕੀ ਕਰਦੀ ਹੈ, ਇਹੋ ਜਿਹੇ ਵੀਰ ਹਰ ਦੇਸ਼ ਵਿੱਚ ਹਰ ਸਮੇਂ ਹੁੰਦੇ ਹਨ। ਹਿੰਦੋਸਤਾਨ ਵਿੱਚ ਵੀ ਇਹ ਪੂਜਨੀਕ ਦੇਵਤੇ ਜਨਮ ਲੈਂਦੇ ਰਹੇ ਹਨ, ਲੈ ਰਹੇ ਹਨ ਅਤੇ ਲੈਂਦੇ ਰਹਿਣਗੇ। ਹਿੰਦੋਸਤਾਨ ਵਿੱਚੋਂ ਵੀ ਪੰਜਾਬ ਨੇ ਐਸੇ ਰਤਨ ਵਧੀਕ ਦਿੱਤੇ ਹਨ। ਵੀਹਵੀਂ ਸਦੀ ਦੇ ਏਹੋ ਜਿਹੇ ਸਭ ਤੋਂ ਪਹਿਲੇ ਸ਼ਹੀਦ ਸ੍ਰੀ ਮਦਨ ਲਾਲ ਜੀ ਢੀਂਗਰਾ ਹਨ।’
ਸ਼ਹੀਦਾਂ ਬਾਰੇ ਲੇਖ ਲਿਖਣ ਦੀ ਲਗਨ ਭਗਤ ਸਿੰਘ ਨੂੰ ਆਪਣੇ ਰਾਜਸੀ ਜੀਵਨ ਦੇ ਪਹਿਲੇ ਪੜਾਅ ਵਿੱਚ ਹੀ ਲੱਗ ਚੁੱਕੀ ਸੀ। ਉਸ ਨੇ 19 ਸਾਲ ਦੀ ਉਮਰ ਵਿੱਚ ਹੀ ਬੱਬਰ ਸ਼ਹੀਦਾਂ ਬਾਰੇ ਆਪਣਾ ਪਹਿਲਾ ਲੇਖ ਲਿਖਿਆ ਸੀ, ਜੋ ਕਿ ‘ਪ੍ਰਤਾਪ’ (ਹਿੰਦੀ) ਅਖ਼ਬਾਰ ਦੇ 15 ਮਾਰਚ 1926 ਦੇ ਅੰਕ ਵਿੱਚ ਛਾਪਿਆ ਗਿਆ ਸੀ। ਸ਼ਹੀਦ ਭਗਤ ਸਿੰਘ ਨੇ ਬੱਬਰ ਅਕਾਲੀਆਂ ਦੀ ਨਿਸੁਆਰਥ ਘਾਲਣਾ ਅਤੇ ਕੁਰਬਾਨੀਆਂ ਨੂੰ ਪਹਿਲੀ ਵਾਰ ਦੇਸ਼-ਦੁਨੀਆ ਅੱਗੇ ਲਿਆਂਦਾ ਸੀ ਅਤੇ ਉਨ੍ਹਾਂ ਲੋਕਾਂ ਨੂੰ ਫਿਟਕਾਰ ਪਾਈ ਸੀ ਜੋ ਬੱਬਰ ਅਕਾਲੀਆਂ ਨੂੰ ਰਾਹ ਤੋਂ ਭਟਕੇ ਹੋਏ ਕਹਿ ਕੇ ਨਿੰਦਦੇ ਸਨ। ਉਸ ਨੇ ਲਿਖਿਆ:
‘ਜੇ ਉਹ ਰਾਹ ਤੋਂ ਥਿੜਕ ਗਏ ਸਨ ਤਾਂ ਕਿਹੜੀ ਗੱਲ ਸੀ, ਉਹ ਬਹਾਦਰ ਦੇਸ਼ਭਗਤ ਤਾਂ ਸਨ। ਉਨ੍ਹਾਂ ਜੋ ਕੁਝ ਵੀ ਕੀਤਾ ਸੀ ਇਸ ਕਰਮਾਂ ਮਾਰੇ ਦੇਸ਼ ਲਈ ਤਾਂ ਕੀਤਾ ਸੀ। ਉਹ ਬੇਇਨਸਾਫ਼ੀਆਂ ਸਹਿਣ ਨਹੀਂ ਸਨ ਕਰ ਸਕੇ, ਉਹ ਦੇਸ਼ ਦੀ ਨਿੱਘਰਦੀ ਹਾਲਤ ਨਹੀਂ ਸਨ ਵੇਖ ਸਕੇ, ਕਮਜ਼ੋਰਾਂ ਉੱਤੇ ਕੀਤੇ ਜਾ ਰਹੇ ਜ਼ੁਲਮਾਂ ਨੂੰ ਬਰਦਾਸ਼ਤ ਕਰਨਾ ਉਨ੍ਹਾਂ ਲਈ ਮੁਸ਼ਕਿਲ ਹੋ ਗਿਆ ਸੀ। ਉਹ ਆਮ ਲੋਕਾਂ ਦਾ ਸ਼ੋਸ਼ਣ ਹੁੰਦਾ ਸਹਿ ਨਹੀਂ ਸਕੇ। ਉਹ ਲਲਕਾਰ ਕੇ ਰਣ-ਭੂਮੀ ਵਿੱਚ ਜਾ ਵੜੇ। ਉਹ ਜ਼ਿੰਦਾਦਿਲ ਤੇ ਸੁਹਿਰਦ ਸਨ। ਉਨ੍ਹਾਂ ਦੀ ਰਣਖੇਤਰ ਵਿੱਚ ਦਿੱਤੀ ਕੁਰਬਾਨੀ ਮਹਾਨ ਹੈ। ਮੌਤ ਤੋਂ ਪਿੱਛੋਂ ਤਾਂ ਦੋਸਤ ਤੇ ਦੁਸ਼ਮਣ ਵੀ ਇੱਕ ਬਰਾਬਰ ਸਮਝੇ ਜਾਂਦੇ ਹਨ। ਮਨੁੱਖਾਂ ਵਿੱਚ ਇਹ ਚਲਦਾ ਆ ਰਿਹਾ ਹੈ। ਜੇਕਰ ਉਨ੍ਹਾਂ ਨੇ ਕੋਈ ਘ੍ਰਿਣਾ ਵਾਲਾ ਕਾਰਜ ਵੀ ਕੀਤਾ ਹੋਵੇ ਤਾਂ ਵੀ, ਜਿਸ ਸਾਹਸ ਅਤੇ ਤੀਬਰ ਇੱਛਾ ਨਾਲ ਉਨ੍ਹਾਂ ਆਪਣੇ ਪ੍ਰਾਣ ਦੇਸ਼ ਲਈ ਨਿਛਾਵਰ ਕੀਤੇ, ਉਸ ਕੁਰਬਾਨੀ ਲਈ ਉਨ੍ਹਾਂ ਦੀ ਪੂਜਾ ਕਰਨੀ ਬਣਦੀ ਹੈ।’
ਇਨਕਲਾਬੀਆਂ ਦੇ ਜੀਵਨ, ਕੰਮਾਂ ਅਤੇ ਦੇਸ਼ਪ੍ਰਸਤੀ ਬਾਰੇ ਲਿਖਣਾ ਭਗਤ ਸਿੰਘ ਦਾ ਸ਼ੌਕ ਅਤੇ ਜ਼ਿੰਮੇਵਾਰੀ ਦੋਵੇਂ ਬਣ ਚੁੱਕੇ ਸਨ ਕਿਉਂਕਿ ਉਸ ਨੇ ਭਾਰਤ ਨੂੰ ਵਿਦੇਸ਼ੀ ਗ਼ੁਲਾਮੀ ਤੋਂ ਨਿਜਾਤ ਦਿਵਾ ਕੇ ਨਵਾਂ ਸਮਾਜ ਸਿਰਜਣ ਦਾ ਪ੍ਰਣ ਕੀਤਾ ਹੋਇਆ ਸੀ, ਜਿਸ ਲਈ ਆਮ ਜਨਤਾ, ਖ਼ਾਸਕਰ ਨੌਜਵਾਨਾਂ ਨੂੰ ਪ੍ਰੇਰਿਤ ਕਰਨਾ ਜ਼ਰੂਰੀ ਸੀ। ਭਗਤ ਸਿੰਘ ਨੇ ਜਾਣ ਲਿਆ ਸੀ ਕਿ ਬਿਨਾਂ ਕਿਸੇ ਲੋਭ ਲਾਲਚ ਦੇ ਆਪਣੀਆਂ ਜ਼ਿੰਦਗੀਆਂ ਦੇਸ਼ ਨੂੰ ਸਮਰਪਿਤ ਕਰਨ ਵਾਲੇ ਅਤੇ ਅਥਾਹ ਤਕਲੀਫ਼ਾਂ ਝੱਲ ਕੇ ਵੀ ਸੀਅ ਨਾ ਕਰਨ ਵਾਲੇ ਬਹਾਦਰ ਦੇਸ਼ਭਗਤ ਉੱਠ ਰਹੀ ਆਜ਼ਾਦੀ ਲਹਿਰ ਲਈ ਵੱਡੀ ਪ੍ਰੇਰਣਾ ਦਾ ਸ੍ਰੋਤ ਹਨ। ਇਸੇ ਕਰਕੇ ਉਸ ਨੇ ਹਰ ਉਸ ਲਹਿਰ ਬਾਰੇ ਲਿਖਿਆ ਜੋ ਨੌਜਵਾਨਾਂ ਨੂੰ ਆਜ਼ਾਦੀ ਦੇ ਮਹਾਂਯੱਗ ਵਿੱਚ ਹਿੱਸਾ ਪਾਉਣ ਲਈ ਪ੍ਰੇਰਦੀ ਸੀ। ਯੂਰੋਪ ਵਿੱਚ ਚੱਲੀ ਅਨਾਰਕਿਜ਼ਮ (ਅਰਾਜਕਤਾਵਾਦ) ਦੀ ਲਹਿਰ ਬਾਰੇ ਲੋਕਾਂ ਦੇ ਵਿਚਾਰਾਂ ਨੂੰ ਦਰੁਸਤ ਕਰਦਿਆਂ ਭਗਤ ਸਿੰਘ ਨੇ ਜਾਂਬਾਜ਼ ਅਨਾਰਕਿਸਟ ਵਿਦਰੋਹੀਆਂ ਦੀ ਬੇਜੋੜ ਕੁਰਬਾਨੀ ਦੀ ਸ਼ਲਾਘਾ ਕੀਤੀ। ਉਸ ਨੇ ਲਿਖਿਆ:
‘ਲੋਕੀਂ ‘ਅਨਾਰਕਿਸਟ’ ਨਾਮ ਤੋਂ ਬੜਾ ਡਰਦੇ ਹਨ। ‘ਅਨਾਰਕਿਸਟ’ ਇੱਕ ਬੜਾ ਖ਼ੂੰਖਾਰ ਆਦਮੀ ਸਮਝਿਆ ਜਾਂਦਾ ਹੈ, ਜਿਸ ਦੇ ਦਿਲ ਵਿੱਚ ਕਿ ਜ਼ਰਾ ਭਰ ਵੀ ਤਰਸ ਨਾ ਹੋਵੇ ਅਤੇ ਜੋ ਖ਼ੂਨ ਦਾ ਪਿਆਸਾ ਹੋਵੇ। ... ਖ਼ੁਦਗ਼ਰਜ਼ ਪੂੰਜੀਦਾਰਾਂ ਨੇ ਜਿਸ ਤਰ੍ਹਾਂ ‘ਬੋਲਸ਼ਿਵਕ’, ‘ਕਮਿਊਨਿਸਟ’, ‘ਸੋਸ਼ਲਿਸਟ’ (Bolshevik, Communist, Socialist) ਆਦਿ ਲਫ਼ਜ਼ ਬਦਨਾਮ ਕੀਤੇ ਹਨ, ਉਸੇ ਤਰ੍ਹਾਂ ਇਸ ਲਫ਼ਜ਼ ਨੂੰ ਵੀ ਬਦਨਾਮ ਕੀਤਾ। ਹਾਲਾਂਕਿ ਅਨਾਰਕਿਸਟ ਸਭ ਤੋਂ ਵਧੀਕ ਦਰਦਮੰਦ ਦਿਲ ਵਾਲੇ, ਸਾਰੀ ਦੁਨੀਆ ਦਾ ਭਲਾ ਚਾਹੁਣ ਵਾਲੇ ਹੁੰਦੇ ਹਨ। ਉਨ੍ਹਾਂ ਦੇ ਵਿਚਾਰਾਂ ਨਾਲ ਭੇਦ ਰੱਖਦਿਆਂ ਹੋਇਆਂ ਵੀ ਉਨ੍ਹਾਂ ਦੀ ਗੰਭੀਰਤਾ, ਲੋਕ ਪਿਆਰ, ਤਿਆਗ ਅਤੇ ਉਨ੍ਹਾਂ ਦੀ ਸਚਾਈ ਆਦਿ ਉੱਤੇ ਕਿਸੇ ਨੂੰ ਸ਼ੱਕ ਨਹੀਂ ਹੋ ਸਕਦਾ।’
ਨੌਜਵਾਨਾਂ ਦੇ ਮਨ ਵਿੱਚ ਜੋਸ਼ ਅਤੇ ਕੁਰਬਾਨੀ ਦਾ ਜਜ਼ਬਾ ਜਗਾਉਣ ਦੇ ਮਕਸਦ ਨਾਲ ਹੀ ਭਗਤ ਸਿੰਘ ਨੇ ਰੂਸ ਵਿੱਚ ਛੇਵੇਂ ਸੱਤਵੇਂ ਦਹਾਕੇ ਵਿੱਚ ਚੱਲੀ ‘ਨਾਇਲਿਸਟ ਲਹਿਰ’ (Nihilist Movement) ਦੇ ਯੁੱਗ-ਪਲਟਾਊ ਨੌਜਵਾਨਾਂ ਬਾਰੇ ਲਿਖਿਆ ਸੀ, ਜਿਨ੍ਹਾਂ ਸਮਾਜ ਦੇ ਗ਼ਰੀਬ ਵਰਗਾਂ ਦੀ ਤਕਦੀਰ ਬਦਲਣ ਲਈ ਆਪਣੇ ਸਾਰੇ ਸੁੱਖ ਆਰਾਮ ਛੱਡ ਕੇ ਬਗ਼ਾਵਤੀ ਰਾਹ ਅਖ਼ਤਿਆਰ ਕੀਤਾ ਸੀ।
ਦਿੱਲੀ ਦੇ ਲਾਰੈਂਸ ਗਾਰਡਨ ਵਿੱਚ 23 ਦਸੰਬਰ 1913 ਨੂੰ ਹੋਏ ਇੱਕ ਬੰਬ ਧਮਾਕੇ ਵਿੱਚ ਇੱਕ ਵਿਕਅਤੀ ਦੀ ਜਾਨ ਗਈ ਸੀ ਪਰ ਚਾਰ ਇਨਕਲਾਬੀਆਂ ਉੱਤੇ ਮੁਕੱਦਮਾ ਪਾ ਕੇ ਉਨ੍ਹਾਂ ਨੂੰ ਫਾਂਸੀ ਉੱਤੇ ਲਟਕਾ ਦਿੱਤਾ ਗਿਆ ਸੀ। ਫਾਂਸੀ ਪਾਉਣ ਵਾਲਿਆਂ ਵਿੱਚ ਭਾਈ ਮਤੀਦਾਸ ਜੀ ਦੇ ਖਾਨਦਾਨ ਵਿੱਚੋਂ ਭਾਈ ਬਾਲ ਮੁਕੰਦ ਵੀ ਸ਼ਾਮਲ ਸਨ। ਭਗਤ ਸਿੰਘ ਨੇ ਭਾਈ ਬਾਲ ਮੁਕੰਦ ਬਾਰੇ ਲਿਖਿਆ, ‘ਭਾਈ ਬਾਲ ਮੁਕੰਦ ਜੀ, ਜੋ ਕਿ ਮਸਤ ਸੁਭਾਅ ਦੇ ਜੁਝਾਰੂ ਸੈਨਿਕ ਸਨ, ਨੂੰ ਸਭ ਕੁਝ ਇੱਕ ਨਾਟਕ ਦੀ ਤਰ੍ਹਾਂ ਹੀ ਲੱਗ ਰਿਹਾ ਸੀ। ਉਨ੍ਹਾਂ ਨੇ ਜਦੋਂ ਮੌਤ ਦੀ ਸਜ਼ਾ ਸੁਣੀ ਤਾਂ ਆਖ਼ਰ ਵਿੱਚ ਏਨਾ ਹੀ ਆਖਿਆ: ਅੱਜ ਮੈਂ ਬਹੁਤ ਖ਼ੁਸ਼ ਹਾਂ ਕਿ ਮੈਂ ਉਸੇ ਸਥਾਨ ਉੱਤੇ ਆਪਣੇ ਆਪ ਨੂੰ ਭਾਰਤ ਮਾਂ ਦੇ ਚਰਨਾਂ ਵਿੱਚ ਅਰਪਣ ਕਰ ਰਿਹਾ ਹਾਂ, ਜਿਸ ਸਥਾਨ ਉੱਤੇ ਸਾਡੇ ਪੂਰਵਜ ਭਾਈ ਮਤੀਦਾਸ ਜੀ ਨੇ ਆਜ਼ਾਦੀ ਲਈ ਸ਼ਹੀਦੀ ਪਾਈ ਸੀ।’ ਭਗਤ ਸਿੰਘ ਨੇ ਉਨ੍ਹਾਂ ਬਾਰੇ ਅੱਗੇ ਲਿਖਿਆ, ‘ਭਾਈ ਬਾਲ ਮੁਕੰਦ ਜੀ ਨੂੰ ਫਾਂਸੀ ਦੇ ਦਿੱਤੀ ਗਈ। ਕਿਹਾ ਜਾਂਦਾ ਹੈ ਕਿ ਉਸ ਦਿਨ ਉਹ ਬੜੇ ਆਨੰਦ ਵਿੱਚ ਸਨ। ਉਹ ਸਿਪਾਹੀਆਂ ਤੋਂ ਛੁੱਟਕੇ ਪਹਿਲਾਂ ਹੀ ਫਾਂਸੀ ਦੇ ਤਖਤੇ ਉਤੇ ਜਾ ਖੜ੍ਹੇ ਹੋਏ ਸਨ। ਇਨਕਲਾਬੀਆਂ ਤੋਂ ਬਿਨਾਂ ਅਜਿਹਾ ਹੌਸਲਾ ਹੋਰ ਕੌਣ ਕਰ ਸਕਦਾ ਹੈ? ਮੌਤ ਬਾਰੇ ਅਜਿਹੀ ਬੇਪ੍ਰਵਾਹੀ ਵਿਖਾਉਣ ਦੀ ਹਿੰਮਤ ਆਮ ਲੋਕਾਂ ਵਿੱਚ ਕਿੱਥੇ ਹੁੰਦੀ ਹੈ?’
ਭਗਤ ਸਿੰਘ ਇਨ੍ਹਾਂ ਇਨਕਲਾਬੀ ਦੇਸ਼ਭਗਤਾਂ ਦੀਆਂ ਜੀਵਨੀਆਂ ਰਾਹੀਂ ਉਨ੍ਹਾਂ ਦੀ ਵਤਨਪ੍ਰਸਤੀ, ਸਬਰ, ਸਿਰੜ ਤੇ ਜਾਂਬਾਜ਼ੀ ਨੂੰ ਪੇਸ਼ ਕਰਕੇ ਨੌਜਵਾਨਾਂ ਵਿੱਚ ਨਵੀਂ ਚੇਤਨਾ ਅਤੇ ਉਤਸ਼ਾਹ ਜਗਾਉਣਾ ਚਾਹੁੰਦਾ ਸੀ। ਉਸ ਨੂੰ ਕਰਤਾਰ ਸਿੰਘ ਸਰਾਭਾ, ਰਾਸ ਬਿਹਾਰੀ ਬੋਸ, ਬਾਬਾ ਸੋਹਣ ਸਿੰਘ ਭਕਨਾ, ਵਿਸ਼ਣੂ ਗਣੇਸ਼ ਪਿੰਗਲੇ, ਰਾਮ ਪ੍ਰਸਾਦ ਬਿਸਮਿਲ ਅਤੇ ਅਸ਼ਫ਼ਾਕਉੱਲਾ ਜਿਹੇ ਯੋਧੇ, ਜੋ ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਦੇਸ਼ ਦੇ ਲੋਕਾਂ ਦੀ ਬਿਹਤਰੀ ਅਤੇ ਖ਼ੁਸ਼ਹਾਲੀ ਲਈ ਲੜੇ, ਆਪਣੇ ਆਪਣੇ ਲੱਗਦੇ ਸਨ। ਇਹੋ ਜਿਹੇ ਪੁਰਸ਼ਾਂ ਬਾਰੇ ਉਸ ਨੇ ਲਿਖਿਆ ਸੀ, ‘ਇਹ ਯੁੱਗ-ਪਲਟਾਊ (ਇਨਕਲਾਬੀ) ਜਾਂ ਵਿਦਰੋਹੀ ਲੋਕ ਕਿਹੋ ਜਿਹੇ ਵਿਚਿੱਤ੍ਰ ਜੀਵ ਹੁੰਦੇ ਹਨ, ... ਮੌਤ ਦੇ ਨਾਲ ਹੱਥ ਵਿੱਚ ਹੱਥ ਪਾ ਕੇ ਖੇਡ ਕਰਨ ਵਾਲੇ, ਗ਼ਰੀਬਾਂ ਦੇ ਸਹਾਇਕ, ਆਜ਼ਾਦੀ ਦੇ ਰਾਖੇ, ਗ਼ੁਲਾਮੀ ਦੇ ਦੁਸ਼ਮਣ, ਜ਼ਾਲਮਾਂ, ਜਾਬਰਾਂ ਅਤੇ ਮਨਮਾਨੀਆਂ ਕਰਨ ਵਾਲੇ ਸ਼ਾਸਕਾਂ-ਹਾਕਮਾਂ ਦੇ ਵੈਰੀ...।’
ਸ਼ਹੀਦ ਭਗਤ ਸਿੰਘ ਨੇ ਗ਼ਦਰ ਲਹਿਰ, ਬੱਬਰ ਅਕਾਲੀ ਲਹਿਰ ਅਤੇ ਇਨਕਲਾਬੀ ਲਹਿਰ ਨਾਲ ਸਬੰਧਿਤ ਬਹੁਤ ਸਾਰੇ ਸ਼ਹੀਦਾਂ ਦੇ ਜੀਵਨ ਬਾਰੇ ਤੱਥ ਇਕੱਠੇ ਕਰਕੇ ਲਿਖੇ ਲੇਖਾਂ ਨੂੰ ਨਾ ਸਿਰਫ਼ ਪੰਜਾਬੀ ਅਤੇ ਉਰਦੂ ਦੇ ‘ਕਿਰਤੀ’ ਰਸਾਲੇ ਵਿੱਚ ਸਗੋਂ ਹਿੰਦੀ ਦੇ ਅਖ਼ਬਾਰਾਂ-ਰਸਾਲਿਆਂ: ਕਾਨਪੁਰ ਤੋਂ ਛਪਦੇ ‘ਪ੍ਰਤਾਪ’, ਦਿੱਲੀ ਤੋਂ ਛਪਦੇ ‘ਅਰਜੁਨ’, ‘ਪ੍ਰਭਾ’ ਤੇ ‘ਮਹਾਂਰਥੀ’ ਅਤੇ ਅਲਾਹਾਬਾਦ ਤੋਂ ਛਪਦੇ ਤ੍ਰੈਮਾਸਿਕ ਰਸਾਲੇ ‘ਚਾਂਦ’ ਵਿੱਚ ਵੀ ਛਪਵਾਇਆ ਤਾਂ ਕਿ ਦੇਸ਼ ਦੀ ਜਨਤਾ ਆਜ਼ਾਦੀ ਦੀ ਜੰਗ ਵਿੱਚ ਪੰਜਾਬ ਦੇ ਮਹਾਨ ਯੋਗਦਾਨ ਤੋਂ ਵਾਕਫ਼ ਅਤੇ ਸਾਰਾ ਦੇਸ਼ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਪ੍ਰੇਰਿਤ ਹੋ ਸਕੇ।
ਸ਼ਹੀਦ ਭਗਤ ਸਿੰਘ ਨੂੰ ਇਹ ਮਲਾਲ ਰਿਹਾ ਕਿ ਵੱਡੀਆਂ ਕੁਰਬਾਨੀਆਂ ਕਰਨ ਵਾਲੇ ਇਨ੍ਹਾਂ ਮਹਾਨ ਯੋਧਿਆਂ ਦੀਆਂ ਜੀਵਨੀਆਂ ਬਾਰੇ ਜਾਣਕਾਰੀ
ਇਕੱਠੀ ਕਰਨ ਦੇ ਕੋਈ ਖ਼ਾਸ ਯਤਨ ਨਹੀਂ ਕੀਤੇ ਗਏ। ਇਸੇ ਸੰਦਰਭ ਵਿੱਚ ਉਹ ਲਿਖਦਾ ਹੈ: ‘ਕੌਣ ਜਾਣਦਾ ਹੈ ਕਿ ਉਹ (ਮਹਾਨ ਯੋਧੇ) ਦੁਨੀਆ ਦੀ ਕਿਸ ਨੁੱਕਰੋਂ ਆਏ, ਆਪਣਾ ਤਨ ਮਨ ਧਨ ਮਨੁੱਖਤਾ ਨੂੰ ਅਰਪਣ ਕੀਤਾ ਤੇ ਅਚਾਨਕ ਹੀ ਸਾਡੇ ਵਿੱਚੋਂ ਚਲੇ ਗਏ। ਉਨ੍ਹਾਂ ਨੂੰ ਲੋਕ ਹੈਰਾਨੀ ਨਾਲ ਤੱਕਦੇ ਰਹੇ। ਉਨ੍ਹਾਂ ਪ੍ਰਤੀ ਸ਼ਰਧਾ ਵੀ ਭੇਟ ਕਰਦੇ ਰਹੇ। ਪਰ ਕਿਸੇ ਵਿਅਕਤੀ ਨੇ ਉਨ੍ਹਾਂ ਦੇ ਇਨਕਲਾਬੀ ਜੀਵਨ ਦੀਆਂ ਦੋ-ਚਾਰ ਗੱਲਾਂ ਨੂੰ ਵੀ ਇਕੱਠੀਆਂ ਕਰਕੇ ਛਪਵਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਇਸੇ ਕਰਕੇ ਅੱਜ ਅਜਿਹੇ ਆਦਰਸ਼ਪ੍ਰਸਤ ਇਨਕਲਾਬੀਆਂ ਦੇ ਜੀਵਨ ਦਾ ਵਿਸਥਾਰ ਲਿਖਣਾ ਬੜਾ ਮੁਸ਼ਕਿਲ ਹੋ ਗਿਆ ਹੈ।’
ਭਗਤ ਸਿੰਘ ਦੀ ਕਲਮ ਵਿੱਚ ਅਸੀਂ ਬਸਤੀਵਾਦੀ ਹਾਕਮਾਂ ਖ਼ਿਲਾਫ਼ ਫਨਾਹ ਕਰਨ ਵਾਲੀ ਫੁੰਕਾਰ ਅਤੇ ਹਿੰਦੋਸਤਾਨੀਆਂ ਨੂੰ ਜਗਾਉਣ ਵਾਲੀ ਵਿਰਾਸਤੀ ਵੰਗਾਰ ਦਾ ਜਲਾਲ ਵੇਖਦੇ ਹਾਂ, ਜੋੋ ਉਸ ਦੀ ਬੌਧਿਕ ਅਤੇ ਚੇਤੰਨ ਮਾਨਸਿਕਤਾ ਵਾਲੀ ਜਾਂਬਾਜ਼ ਸ਼ਖ਼ਸੀਅਤ ਦੀ ਤਰਜ਼ਮਾਨੀ ਕਰਦੀ ਹੈ।
ਸੰਪਰਕ: 94170-72314

Advertisement
Advertisement

Advertisement
Author Image

Ravneet Kaur

View all posts

Advertisement