ਮਨਮੋਹਨ ਸਿੰਘ ਢਿੱਲੋਂਅੰਮ੍ਰਿਤਸਰ, 11 ਮਾਰਚਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਜਨਵਾਦੀ ਲੇਖਕ ਸੰਘ ਦੇ ਸਹਿਯੋਗ ਨਾਲ ਸਥਾਨਕ ਆਤਮ ਪਬਲਿਕ ਸਕੂਲ ਵਿੱਚ ਪੰਜਾਬੀ ਸ਼ਾਇਰ ਅਤੇ ‘ਹੁਣ’ ਰਸਾਲੇ ਦੇ ਸੰਪਾਦਕ ਸੁਸ਼ੀਲ ਦੁਸਾਂਝ ਦਾ ਨਵ ਪ੍ਰਕਾਸ਼ਿਤ ਗ਼ਜ਼ਲ ਸੰਗ੍ਰਹਿ ‘ਪੀਲੀ ਧਰਤੀ ਕਾਲਾ ਅੰਬਰ’ ਲੋਕ ਅਰਪਣ ਕੀਤਾ ਗਿਆ।ਸ਼ਾਇਰ ਦੇਵ ਦਰਦ ਦੀ ਯਾਦ ਵਿੱਚ ਹੋਏ ਇਸ ਸਮਾਗਮ ਨੂੰ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਤਰਤੀਬ ਦਿੱਤੀ ਜਦੋਂਕਿ ਪ੍ਰਤੀਕ ਸਹਿਦੇਵ ਅਤੇ ਮੋਹਿਤ ਸਹਿਦੇਵ ਨੇ ਸਵਾਗਤੀ ਸ਼ਬਦ ਕਹੇ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਡਾ. ਵਰਿਆਮ ਸਿੰਘ ਸੰਧੂ ਨੇ ਕਿਹਾ ਕਿ ਪੁਸਤਕ ਦੀ ਸਮੁੱਚੀ ਸ਼ਾਇਰੀ ਮਨੁੱਖੀ ਜੀਵਨ ਦਾ ਸਾਹ-ਸਤ ਹੈ ਅਤੇ ਸਮਾਜਿਕ ਰਿਸ਼ਤਿਆਂ ਨੂੰ ਰੂਪ ਮਾਨ ਕਰਦੀ ਹੈ। ਡਾ. ਲਖਵਿੰਦਰ ਜੌਹਲ ਨੇ ਕਿਹਾ ਕਿ ਸੁਸ਼ੀਲ ਹੁਰਾਂ ਦੀ ਸਮੁੱਚੀ ਸ਼ਾਇਰੀ ਮਨੁੱਖੀ ਮਨ ਵਿੱਚ ਉਪਜੇ ਭਾਵਾਂ ਦੀ ਤਰਜਮਾਨੀ ਕਰਦਿਆਂ ਸਾਰਥਿਕ ਸੁਨੇਹਾ ਦਿੰਦੀ ਹੈ। ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਨੇ ਕਿਹਾ ਕਿ ਇਸ ਪੁਸਤਕ ਦੀ ਸ਼ਾਇਰੀ ਜ਼ਿੰਦਗੀ ਦੀਆਂ ਵਿਭਿੰਨ ਪਰਤਾਂ ਅਤੇ ਦੁਸ਼ਵਾਰੀਆਂ ਨੂੰ ਪ੍ਰਗਟ ਕਰਦੀ ਹੈ। ਸ਼ਾਇਰ ਬਲਵਿੰਦਰ ਸੰਧੂ ਅਤੇ ਸੂਫੀ ਸ਼ਾਇਰ ਬਖਤਾਵਰ ਸਿੰਘ ਨੇ ਸ਼ੁਸੀਲ ਦੁਸਾਂਝ ਨੂੰ ਵਧਾਈ ਦਿੱਤੀ। ਪ੍ਰਿੰ. ਅੰਕਿਤਾ ਸਹਿਦੇਵ ਅਤੇ ਕੋਮਲ ਸਹਿਦੇਵ ਨੇ ਸਭ ਦਾ ਧੰਨਵਾਦ ਕੀਤਾ।ਇਸ ਮੌਕੇ ਡਾ. ਹੀਰਾ ਸਿੰਘ, ਡਾ. ਪਰਮਜੀਤ ਸਿੰਘ ਬਾਠ, ਡਾ. ਸੀਮਾ ਗਰੇਵਾਲ, ਰਾਜਬੀਰ ਗਰੇਵਾਲ, ਨਵ ਭੁੱਲਰ, ਰਮਿੰਦਰਜੀਤ ਕੌਰ, ਵਿਪਨ ਗਿੱਲ, ਡਾ ਕਸ਼ਮੀਰ ਸਿੰਘ, ਹਰਮੀਤ ਆਰਟਿਸਟ, ਰਸ਼ਪਿੰਦਰ ਗਿੱਲ, ਸੁਰਿੰਦਰ ਖਿਲਚੀਆਂ, ਐਸ ਪਰਸ਼ੋਤਮ, ਬਰਕਤ ਵੋਹਰਾ, ਕਰਮ ਸਿੰਘ ਹੁੰਦਲ, ਸੁਰਿੰਦਰ ਸਿੰਘ ਘਰਿਆਲਾ, ਬਲਵਿੰਦਰ ਝਬਾਲ, ਡਾ. ਕਸ਼ਮੀਰ ਸਿੰਘ, ਸੁਮੀਤ ਸਿੰਘ ਅਤੇ ਕੁਲਜੀਤ ਵੇਰਕਾ ਹਾਜ਼ਰ ਸਨ।