ਸੁਸਰੀ ਦੇ ਹੱਲ ਲਈ ਮੈਣ ਪੰਚਾਇਤ ਨੇ ਮਤਾ ਐੱਸਡੀਐੱਮ ਨੂੰ ਸੌਂਪਿਆ

ਸਰਪੰਚ ਦਰਸ਼ਨ ਸਿੰਘ ਮੈਣ ਦੀ ਅਗਵਾਈ ਹੇਠਾਂ ਪੰਚ ਤੇ ਪਤਵੰਤੇ ਮਤੇ ਦੀ ਕਾਪੀ ਐਸਡੀਐਮ ਰਵਿੰਦਰ ਸਿੰਘ ਅਰੋੜਾ ਨੂੰ ਸੌਂਪਦੇ ਹੋਏ।

ਸਰਬਜੀਤ ਸਿੰਘ ਭੰਗੂ
ਪਟਿਆਲਾ, 19 ਅਗਸਤ
ਨੇੜਲੇ ਪਿੰਡ ਮੈਣ ਵਾਸੀਆਂ ਨੂੰ ਦਰਪੇਸ਼ ਸੁਸਰੀ ਦੀ ਸਮੱਸਿਆ ਦਾ ਸਥਾਈ ਹੱਲ ਯਕੀਨੀ ਬਣਾਉਣ ਲਈ ਜਿਥੇ ਪਿੰਡ ਦੇ ਕੁਝ ਨੌਜਵਾਨ ਸਰਗਰਮ ਹਨ, ਉਥੇ ਹੀ ਪਿੰਡ ਦੀ ਪੰਚਾਇਤ ਨੇ ਵੀ ਲੋਕਾਂ ਨੂੰ ਇਸ ਸਾਂਝੀ ਮੁਸ਼ਕਲ ਵਿੱਚੋਂ ਬਾਹਰ ਕੱਢਣ ਲਈ ਜਿਲ੍ਹਾ ਪ੍ਰਸ਼ਾਸਨ ’ਤੇ ਦਬਾਅ ਪਾਇਆ ਹੈ। ਇਸ ਸਮੱਸਿਆ ਦੇ ਸਥਾਈ ਹੱਲ ਦੀ ਮੰਗ ਕਰਦਾ ਇੱਕ ਮਤਾ ਪਾ ਕੇ ਪੰਚਾਇਤ ਨੇ ਪਿੰਡ ਦੇ ਸਰਪੰਚ ਦਰਸ਼ਨ ਸਿੰਘ ਮੈਣ ਦੀ ਅਗਵਾਈ ਹੇਠਾਂ ਅੱਜ ਇਥੇ ਪਟਿਆਲਾ ਦੇ ਐਸਡੀਐਮ ਰਵਿੰਦਰ ਸਿੰਘ ਅਰੋੜਾ ਨੂੰ ਸੌਂਪਿਆ।
ਐਸਡੀਐਮ ਨੂੰ ਮਿਲੇ ਇਸ ਵਫ਼ਦ ਵਿੱਚ ਸਰਪੰਚ ਦਰਸ਼ਨ ਸਿੰਘ ਮੈਣ ਅਤੇ ਪੰਜ ਪੰਚ ਅਵਤਾਰ ਸਿੰਘ, ਸੰਦੀਪ ਸਿੰਘ, ਹਰਜਿੰਦਰ ਕੌਰ ਕੁਲਵੰਤ ਕੌਰ ਤੇ ਸਨੀ ਪੰਚ ਸਮੇਤ ਹਰਵਿੰਦਰ ਨੰਬਰਦਾਰ, ਕੁਲਦੀਪ ਸਿੰਘ ਸੁਸਾਇਟੀ ਪ੍ਰਧਾਨ,ਗੁਰਧਿਆਨ ਸਿੰਘ ਮੈਣ, ਭੁਪਿੰਦਰ ਸਿੰਘ ਭਿੰਦੀ, ਪ੍ਰਕਾਸ਼ ਸਿੰਘ ਮੈਣ, ਸੁਖਜੀਤ ਸਿੰਘ ਬੰਟੀ, ਗੁਰਨਾਮ ਸਿੰਘ ਚੌਕੀਦਾਰ, ਦਲਬਾਰਾ ਸਿੰਘ ਅਤੇ ਰਿੰਕੂ ਸਿੰਘ ਮੈਣ ਆਦਿ ਪਤਵੰਤੇ ਵੀ ਮੌਜੂਦ ਸਨ। ਸਰਪੰਚ ਦਰਸ਼ਨ ਸਿੰਘ ਦਾ ਕਹਿਣਾ ਸੀ ਕਿ ਪੰਚਾਇਤ ਨੇ ਐਸਡੀਐਮ ਨੂੰ ਦਿੱਤੇ ਮਤੇ ਵਿੱਚ ਆਖਿਆ ਹੈ ਕਿ ਪਿੰਡ ਦੀ ਆਬਾਦੀ ਦੇ ਨਾਲ ਹੀ ਦੂਧੜ ਰੋਡ ’ਤੇ ਸਥਿਤ ਗੋਦਾਮ ਵਿੱਚ ਭੰਡਾਰ ਕੀਤੇ ਜਾਂਦੇ ਅਨਾਜ ਤੋਂ ਪੈਦਾ ਹੁੰਦੀ ਸੁਸਰੀ ਨੇ ਪਿੰਡ ਵਾਸੀਆਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ। ਕਿਉਂਕਿ ਇਹ ਸੁਸਰੀ ਲੋਕਾਂ ਦੇ ਖਾਣੇ ਵਿੱਚ ਪੈ ਜਾਂਦੀ ਹੈ ਅਤੇ ਰਾਤ ਭਰ ਲੋਕਾਂ ਨੂੰ ਸੌਣ ਵੀ ਨਹੀਂ ਦਿੰਦੀ। ਜਿਸ ਕਾਰਨ ਬਹੁਤੇ ਪਿੰਡ ਵਾਸੀ ਆਪਣੇ ਅਤੇ ਆਪਣੇ ਬੱਚਿਆਂ ਦੇ ਕੰਨਾਂ ਵਿਚ ਰੂੰਈਂ ਪਾ ਕੇ ਸੌਂਦੇ ਹਨ। ਇਹ ਸੁਸਰੀ ਪਿੰਡੇ ’ਤੇ ਲੜਨ ਕਾਰਨ ਲੋਕਾਂ ਦੀ ਨੀਂਦ ਵੀ ਹਰਾਮ ਹੋਈ ਰਹਿੰਦੀ ਹੈ। ਰਾਤ ਨੂੰ ਹੁੰਦੇ ਸੁਸਰੀ ਦੇ ਇਸ ਹਮਲੇ ਦੌਰਾਨ ਤੜਕੇ ਤੱਕ ਘਰ, ਭਾਂਡੇ ਅਤੇ ਬਿਸਤਰੇ ਆਦਿ ਸਭ ਸੁਸਰੀ ਨਾਲ਼ ਭਰ ਜਾਂਦੇ ਹਨ। ਪਿੰਡ ਵਾਸੀਆਂ ਦੇ ਕੰਨਾ ਅਤੇ ਅੱਖਾਂ ਵਿਚ ਵੀ ਪੈ ਜਾਂਦੀ ਹੈ।
ਪੰਚਾਇਤ ਦਾ ਕਹਿਣਾ ਸੀ ਕਿ ਇਥੋਂ ਅਨਾਜ ਦੀ ਲੋਡਿੰਗ ਅਤੇ ਅਨਲੋਡਿੰਗ ਮੌਕੇ ਪਿੰਡ ਦੇ ਨਾਲ ਟਰੱਕਾਂ ਦੀਆਂ ਲੱਗਦੀਆਂ ਲੰਬੀਆਂ ਕਤਾਰਾਂ ਵੀ ਪਿੰਡ ਵਾਸੀਆਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਦੀਆਂ ਹਨ। ਇਸ ਲਈ ਪੰਚਾਇਤ ਨੇ ਸੋਚ ਵਿਚਾਰ ਕੇ ਫੈਸਲਾ ਲਿਆ ਹੈ ਕਿ ਸੁਸਰੀ ਨਾਲ ਪੈਦਾ ਹੋਈ ਸਮੱਸਿਆ ਦਾ ਪੂਰਨ ਰੂਪ ’ਚ ਹੱਲ ਯਕੀਨੀ ਬਣਾਇਆ ਜਾਵੇ। ਇਸੇ ਦੌਰਾਨ ਪਿੰਡ ਵਾਸੀਆਂ ਵੱਲੋਂ ਐਸਡੀਐਮ ਦੀ ਅਦਾਲਤ ਵਿਚ ਸੀਆਰਪੀਸੀ ਦੀ ਧਾਰਾ 133 ਤਹਿਤ ਸ਼ਿਕਾਇਤ ਵੀ ਦਾਇਰ ਕੀਤਾ ਹੋਇਆ ਹੈ, ਜੋ ਅਜੇ ਸੁਣਵਾਈ ਅਧੀਨ ਹੈ। ਸੰਪਰਕ ਕਰਨ ’ਤੇ ਐਸਡੀਐਮ ਦਾ ਕਹਿਣਾ ਸੀ ਕਿ ਕਾਨੂੰਨ ਮੁਤਾਬਕ ਜੋ ਵੀ ਕਾਰਵਾਈ ਬਣਦੀ ਹੋਈ, ਉਹ ਯਕੀਨੀ ਬਣਾਈ ਜਾਵੇਗੀ।