For the best experience, open
https://m.punjabitribuneonline.com
on your mobile browser.
Advertisement

ਸੁਰਿੰਦਰ ਲਾਈਨਜ਼ ਸਰੀ ਨੇ ਜਿੱਤਿਆ ਅਲਬਰਟਾ ਫੀਲਡ ਹਾਕੀ ਕੱਪ

04:25 AM Jun 11, 2025 IST
ਸੁਰਿੰਦਰ ਲਾਈਨਜ਼ ਸਰੀ ਨੇ ਜਿੱਤਿਆ ਅਲਬਰਟਾ ਫੀਲਡ ਹਾਕੀ ਕੱਪ
Advertisement

ਸੁਖਵੀਰ ਗਰੇਵਾਲ
ਕੈਲਗਰੀ: ਯੂਨਾਈਟਿਡ ਫੀਲਡ ਹਾਕੀ ਕਲੱਬ ਕੈਲਗਰੀ ਵੱਲੋਂ ਜੈਨੇਸਿਸ ਸੈਂਟਰ ਵਿੱਚ 8ਵਾਂ ਅਲਬਰਟਾ ਫੀਲਡ ਹਾਕੀ ਕੱਪ ਕਰਵਾਇਆ ਗਿਆ। ਇਸ ਦੇ ਪ੍ਰੀਮੀਅਰ ਵਰਗ ਦਾ ਖਿਤਾਬ ਸੁਰਿੰਦਰ ਲਾਇਨਜ਼, ਸਰੀ ਨੇ ਜਿੱਤਿਆ। ਫਾਈਨਲ ਮੈਚ ਵਿੱਚ ਲਾਇਨਜ਼ ਨੇ ਯੂਨਾਈਟਿਡ ਕੈਲਗਰੀ ਨੂੰ 4-3 ਦੇ ਫਰਕ ਨਾਲ ਹਰਾ ਕੇ ਅਲਬਰਟਾ ਕੱਪ ਜਿੱਤਿਆ। ਦਿਲਦੀਪ ਨੂੰ ਇਸ ਵਰਗ ਦੇ ਬਿਹਤਰੀਨ ਖਿਡਾਰੀ ਲਈ ਅਮਰ ਸਿੰਘ ਮਾਂਗਟ ਟਰਾਫੀ ਦਿੱਤੀ ਗਈ।
ਕੈਲਗਰੀ ਵਿੱਚ ਪੰਜਾਬੀ ਭਾਈਚਾਰੇ ਦਾ ਇਹ ਪਹਿਲਾ ਫੀਲਡ ਹਾਕੀ ਟੂਰਨਾਮੈਂਟ ਸੀ ਜਿਸ ਵਿੱਚ ਕੈਨੇਡਾ ਤੋਂ ਇਲਾਵਾ ਅਮਰੀਕਾ ਤੇ ਮੈਕਸਿਕੋ ਦੀਆਂ ਟੀਮਾਂ ਨੇ ਭਾਗ ਲਿਆ। ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਮਨਦੀਪ ਝੱਲੀ ਤੇ ਕੰਵਲ ਢਿੱਲੋਂ ਦੀ ਪ੍ਰਧਾਨਗੀ ਹੇਠ ਕਰਵਾਏ ਇਸ ਟੂਰਨਾਮੈਂਟ ਵਿੱਚ ਹਾਕੀ ਵਿੱਚ ਕੁੱਲ 28 ਟੀਮਾਂ ਨੇ ਭਾਗ ਲਿਆ। ਅੰਡਰ-13 ਦੇ ਫਾਈਨਲ ਵਿੱਚ ਮੇਜ਼ਬਾਨ ਯੂਨਾਈਟਿਡ ਕੈਲਗਰੀ ਦੀ ਟੀਮ ਨੇ ਪੰਜਾਬ ਸਪਰੋਟਸ ਕਲੱਬ ਨੂੰ 2-0 ਨਾਲ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਅੰਡਰ-16 ਵਰਗ ਵਿੱਚ ਮੇਜ਼ਬਾਨ ਯੂਨਾਈਟਡ ਕੈਲਗਰੀ ਨੇ ਪਹਿਲਾ ਤੇ ਬ੍ਰਹਮਟਨ ਵਾਰੀਅਰਜ਼ ਨੇ ਦੂਜਾ ਸਥਾਨ ਹਾਸਲ ਕੀਤਾ। ਅਨਮੋਲ ਝੱਲੀ 16 ਸਾਲਾਂ ਦਾ ਬਿਹਤਰੀਨ ਖਿਡਾਰੀ ਬਣਿਆ।
ਮਾਸਟਰ 40+ ਵਿੱਚੋਂ ਪੰਜਾਬ ਸਪੋਰਟਸ ਕਲੱਬ ਨੇ ਪਹਿਲਾ ਤੇ ਅਮਰੀਕਾ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਵਰਗ ਵਿੱਚ ਅਮਰੀਕਾ ਦੇ ਖਿਡਾਰੀ ਡੀਸੀ ਜੁਨੇਜਾ ਨੂੰ ਬਿਹਤਰੀਨ ਖਿਡਾਰੀ ਦਾ ਇਨਾਮ ਦਿੱਤਾ ਗਿਆ। ਰਾਣਾ ਹੇਅਰ ਦੀ ਅਗਵਾਈ ਵਿੱਚ ਕਰਵਾਏ ਗਏ ਰੱਸਾਕਸ਼ੀ ਮੁਕਾਬਲੇ ਵਿੱਚੋਂ ਸ਼ਹੀਦ ਦੀਪ ਸਿੰਘ ਸਿੱਧੂ ਕਲੱਬ ਦੀ ਟੀਮ ਪਹਿਲੇ ਸਥਾਨ ’ਤੇ ਰਹੀ। ਇਸ ਤੋਂ ਇਲਾਵਾ ਭੰਗੜੇ ਵਿੱਚ ਜਸ਼ਨ ਗਿੱਲ ਤੇ ਉਸ ਦੀ ਟੀਮ ਨੇ ਲੋਕਾਂ ਦਾ ਦਿਲ ਜਿੱਤਿਆ। 8ਵੇਂ ਅਲਬਰਟਾ ਫੀਲਡ ਹਾਕੀ ਕੌਮਾਂਤਰੀ ਕੱਪ ਦੇ ਆਖਰੀ ਦਿਨ ਪਹਿਲੀ ਜੂਨ ਨੂੰ 5 ਸ਼ਖ਼ਸੀਅਤਾਂ ਨੂੰ ਯੂਨਾਈਟਿਡ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿੱਚ ਕੈਲਗਰੀ 4 ਜੂਨੀਅਰ ਖਿਡਾਰੀ ਵੀ ਸ਼ਾਮਿਲ ਸਨ। ਕੌਮਾਂਤਰੀ ਪੱਧਰ ’ਤੇ ਕੈਲਗਰੀ ਦਾ ਨਾਮ ਚਮਕਾਉਣ ਵਾਲਿਆਂ ਵਿੱਚ ਹਰਕਰਨਵੀਰ ਸਿੰਘ ਪਲਾਹਾ, ਸ਼ਾਨ ਬਰਾੜ, ਅਨਮੋਲ ਝੱਲੀ ਤੇ ਪ੍ਰਭਲੀਨ ਕੌਰ ਗਰੇਵਾਲ ਸ਼ਾਮਲ ਸਨ। ਸਮਾਜ ਸੇਵੀ ਕੰਮਾਂ ਲਈ ਬਿੱਕਰ ਸਿੰਘ ਸੰਧੂ ਨੂੰ ਸਨਮਾਨਿਤ ਕੀਤਾ ਗਿਆ।
ਟੂਰਨਾਮੈਂਟ ਦੇ ਮੁੱਖ ਸੰਚਾਲਕ ਮਨਦੀਪ ਸਿੰਘ ਝੱਲੀ ਨੇ ਦੱਸਿਆ ਕਿ ਯੂਨਾਈਟਿਡ ਯੂਥ ਐਵਾਰਡਾਂ ਨੂੰ ਸ਼ੁਰੂ ਕਰਨ ਦਾ ਮਕਸਦ ਖਿਡਾਰੀਆਂ ਦੀਆਂ ਪ੍ਰਾਪਤੀਆਂ ਦਾ ਮਾਣ-ਸਨਮਾਨ ਕਰਨ ਤੋਂ ਇਲਾਵਾ ਹੋਰਨਾਂ ਖਿਡਾਰੀਆਂ ਵਿੱਚ ਖੇਡਣ ਦੀ ਚਿਣਗ ਪੈਦਾ ਕਰਨਾ ਹੈ। ਹਰਕਰਨਵੀਰ ਸਿੰਘ ਪਲਾਹਾ, ਸ਼ਾਨ ਬਰਾੜ ਅਤੇ ਅਨਮੋਲ ਝੱਲੀ ਨੇ ਮਲੇਸ਼ੀਆ ਵਿੱਚ ਹੋਏ ਅੰਡਰ-17 ਉਮਰ ਵਰਗ ਦੇ ਕੌਮਾਂਤਰੀ ਕੱਪ ਵਿੱਚ ਕੈਨੇਡਾ ਦੀ ਜੂਨੀਅਰ ਟੀਮ ਵੱਲੋਂ ਭਾਗ ਲਿਆ। ਹਰਕਰਨਵੀਰ ਸਿੰਘ ਪਲਾਹਾ ਨੇ ਸਾਲ 2024 ਵਿੱਚ ਅਲਬਰਟਾ ਦੀ ਅੰਡਰ-16 ਟੀਮ ਦੀ ਕਪਤਾਨੀ ਕੀਤੀ। ਉਸ ਦਾ ਪਿਛੋਕੜ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਨਾਲ ਹੈ। ਇਸੇ ਤਰ੍ਹਾਂ ਅਨਮੋਲ ਝੱਲੀ ਦਾ ਪਿਛੋਕੜ ਪਿੰਡ ਐਤੀਆਣਾ ਅਤੇ ਸ਼ਾਨ ਬਰਾੜ ਦਾ ਜੱਦੀ ਪਿੰਡ ਢੁੱਡੀਕੇ ਹੈ। ਦੋਵੇਂ ਪਿੰਡ ਹਾਕੀ ਲਈ ਜਾਣੇ ਜਾਂਦੇ ਹਨ। ਯੂਨਾਈਟਿਡ ਯੂਥ ਐਵਾਰਡ ਨਾਲ ਸਨਮਾਨਿਤ ਹੋਣ ਵਾਲੀ ਪ੍ਰਭਲੀਨ ਕੌਰ ਗਰੇਵਾਲ ਦਾ ਜੱਦੀ ਪਿੰਡ ਖੇਡਾਂ ਲਈ ਪ੍ਰਸਿੱਧ ਕਿਲਾ ਰਾਏਪੁਰ ਹੈ। ਕੈਨੇਡਾ ਦੀ ਜੂਨੀਅਰ ਟੀਮ ਵੱਲੋਂ ਖੇਡਣ ਵਾਲੀ ਪ੍ਰਭਲੀਨ ਅਲਬਰਟਾ ਸੂਬੇ ਦੀ ਪਹਿਲੀ ਪੰਜਾਬਣ ਖਿਡਾਰਨ ਬਣੀ।
ਇਸ ਮੌਕੇ ਸਲਾਹਕਾਰ ਪ੍ਰੀਮੀਅਰ ਹੈਪੀ ਮਾਨ ਵੱਲੋਂ ਕਲੱਬ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਇਸ ਮੌਕੇ ’ਤੇ ਐੱਮ.ਪੀ. ਜਸਰਾਜ ਹੱਲ੍ਹਣ, ਐੱਮ.ਪੀ. ਅਮਨਪ੍ਰੀਤ ਗਿੱਲ, ਐੱਮ.ਪੀ. ਦਲਵਿੰਦਰ ਗਿੱਲ, ਗੁਰਿੰਦਰ ਬਰਾੜ ਤੇ ਪਰਮੀਤ ਬੋਪਾਰਾਏ (ਦੋਵੇਂ ਐੱਮਐੱਲਏ), ਗੁਰੂਘਰ ਧਛ ਤੋਂ ਪ੍ਰਧਾਨ ਬਲਜਿੰਦਰ ਸਿੰਘ ਗਿੱਲ ਅਤੇ ਚੇਅਰਮੈਨ ਗੁਰਜੀਤ ਸਿੱਧੂ ਨੇ ਹਾਜ਼ਰੀ ਭਰੀ।

Advertisement

Advertisement
Advertisement
Advertisement
Author Image

Balwinder Kaur

View all posts

Advertisement