ਖੇਤਰੀ ਪ੍ਰਤੀਨਿਧਲੁਧਿਆਣਾ, 9 ਮਈਪੀਏਯੂ ’ਚ ਸਥਾਪਿਤ ਡਾ. ਸੁਰਜੀਤ ਪਾਤਰ ਚੇਅਰ ਵੱਲੋਂ ਸਪੋਟਲਾਈਟ ਦੇ ਸਹਿਯੋਗ ਨਾਲ ਇੱਕ ਸਿਮਰਤੀ ਸਮਾਗਮ ਕਰਵਾਇਆ ਗਿਆ। ਇਸ ਵਿੱਚ ਏਵਨ ਸਾਈਕਲ ਇੰਡਸਟਰੀ ਦੇ ਸੀਐੱਮਡੀ ਓਂਕਾਰ ਸਿੰਘ ਪਾਹਵਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਭੁਪਿੰਦਰ ਪਾਤਰ, ਥਾਮਸਨ ਰਿਵਰਜ਼ ਯੂਨੀਵਰਸਿਟੀ ਕੈਮਲੂਪਸ ਕੈਨੇਡਾ ਤੋਂ ਡਾਕਟਰ ਸੁਰਿੰਦਰ ਧੰਜਲ ਅਤੇ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਜ਼ਫਰ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ।ਪ੍ਰੋਗਰਾਮ ਦਾ ਆਗਾਜ਼ ਬੰਸਰੀ ਵਾਦਨ ਨਾਲ ਹੋਇਆ। ਪੀਏਯੂ ਦੇ ਵਿਦਿਆਰਥੀ ਹਰਮਨ ਅਤੇ ਪੋਇਟਰੀਜ਼ਮ ਦੇ ਕਾਰਕੁਨ ਸੁਖਮਨ ਨੇ ਸੁਰਜੀਤ ਪਾਤਰ ਦੀ ਜ਼ਿੰਦਗੀ, ਉਨ੍ਹਾਂ ਦੀ ਕਵਿਤਾ ਅਤੇ ਜੀਵਨ ਸ਼ੈਲੀ ਬਾਰੇ ਚਰਚਾ ਕੀਤੀ। ਸ੍ਰੀ ਪਾਹਵਾ ਨੇ ਆਪਣੇ ਮੁੱਖ ਭਾਸ਼ਣ ਵਿੱਚ ਕਿਹਾ ਕਿ ਸੁਰਜੀਤ ਪਾਤਰ ਦੀ ਪੰਜਾਬੀ ਜਗਤ ਨੂੰ ਵੱਡੀ ਦੇਣ ਹੈ ਅਤੇ ਪੀਏਯੂ ਨੇ ਉਨ੍ਹਾਂ ਦੇ ਮਾਣ ਵਿੱਚ ਚੇਅਰ ਸਥਾਪਿਤ ਕਰਕੇ ਸ਼ਲਾਘਾਯੋਗ ਕੰਮ ਕੀਤਾ ਹੈ। ਇਸ ਲਈ ਉਨ੍ਹਾਂ ਨੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੂੰ ਵਧਾਈ ਦਿੱਤੀ। ਇਸ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ. ਗੋਸਲ ਨੇ ਚੇਅਰ ਵੱਲੋਂ ਕੀਤੇ ਜਾ ਰਹੇ ਕੰਮਾਂ ਤੇ ਤਸੱਲੀ ਪ੍ਰਗਟਾਈ ਅਤੇ ਭਵਿੱਖ ਵਿੱਚ ਉਲੀਕੇ ਜਾ ਰਹੇ ਕੰਮਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਮੈਡਮ ਭੁਪਿੰਦਰ ਪਾਤਰ ਨੇ ਡਾ. ਪਾਤਰ ਦੀ ਇੱਕ ਕਵਿਤਾ ਨਾਲ ਭਾਵਪੂਰਤ ਹਾਜ਼ਰੀ ਲਵਾਈ। ਡਾ. ਸੁਰਿੰਦਰ ਧੰਜਲ ਨੇ ਪਾਸ਼ ਅਤੇ ਪਾਤਰ ਦੇ ਦ੍ਰਿਸ਼ਟੀਕੋਣਾਂ ਦੀ ਚਰਚਾ ਕਰਦਿਆਂ ਕਿਹਾ ਕਿ ਦੇਖਣ ਨੂੰ ਭਾਵੇਂ ਉਹਨਾਂ ਦੇ ਸ਼ਬਦ ਵੱਖਰੇ ਲੱਗਦੇ ਹਨ ਪਰ ਉਹਨਾਂ ਦਾ ਮਕਸਦ ਸੋਹਣੇ ਸਮਾਜ ਦੀ ਸਿਰਜਣਾ ਹੀ ਹੈ। ਭਾਸ਼ਾ ਵਿਭਾਗ ਦੇ ਨਿਰਦੇਸ਼ਕ ਜਸਵੰਤ ਜ਼ਫਰ ਨੇ ਡਾ. ਪਾਤਰ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਕਦੇ ਵੀ ਇਹ ਨਹੀਂ ਸਨ ਚਾਹੁੰਦੇ ਕਿ ਕਿਸੇ ਦਾ ਹੂਬਹੂ ਅਸਰ ਕਬੂਲਿਆ ਜਾਵੇ। ਪ੍ਰੋਗਰਾਮ ਦੇ ਆਰੰਭ ਵਿੱਚ ਡਾ. ਸੁਰਜੀਤ ਪਾਤਰ ਚੇਅਰ ਦੇ ਚੇਅਰਪਰਸਨ ਡਾ. ਜਗਦੀਸ਼ ਕੌਰ ਨੇ ਇਸ ਚੇਅਰ ਦੇ ਉਲੀਕੇ ਜਾਣ ਵਾਲੇ ਕੰਮਾਂ ’ਤੇ ਰੋਸ਼ਨੀ ਪਾਈ। ਡਾ. ਰਣਜੀਤ ਕੌਰ ਨੇ ਬਹੁਤ ਕਾਵਮਈ ਅੰਦਾਜ਼ ਵਿੱਚ ਸੰਚਾਲਨ ਦੀ ਭੂਮਿਕਾ ਨਿਭਾਈ। ਅਖੀਰ ਵਿੱਚ ਡਾ. ਸੁਰਜੀਤ ਪਾਤਰ ਦੀ ਕਵਿਤਾ ‘ਜਗਾ ਦੇ ਮੋਮਬੱਤੀਆਂ’ ਗਾ ਕੇ ਵਿਸ਼ਵ ਸ਼ਾਂਤੀ ਦੀ ਅਰਦਾਸ ਕੀਤੀ ਗਈ। ਇਸ ਸਿਮਰਤੀ ਸਮਾਰੋਹ ਵਿੱਚ ਪਾਤਰ ਪਰਿਵਾਰ ਤੇ ਮੈਂਬਰ, ਨਾਰਵੇ ਤੋਂ ਕਮਲਜੀਤ ਦੁਸਾਂਝ ਨੱਤ, ਡਾ. ਗੁਲਜ਼ਾਰ ਪੰਧੇਰ, ਰਵਿੰਦਰ ਕੌਰ ਧਾਲੀਵਾਲ, ਬਲਬੀਰ ਕੌਰ ਪੰਧੇਰ , ਕਮਲਦੀਪ ਕੌਰ, ਗੁਰਚਰਨ ਕੌਰ ਕੋਛੜ, ਯੂਨੀਵਰਸਿਟੀ ਦੇ ਅਧਿਆਪਕ ਅਤੇ ਵਿਦਿਆਰਥੀ ਸ਼ਾਮਲ ਹੋਏ।