For the best experience, open
https://m.punjabitribuneonline.com
on your mobile browser.
Advertisement

ਸੁਪਨੇ ‘ਕਰੈਸ਼’: ਅੱਗੇ ਮਿਲੀ ਨਾ ਢੋਈ, ਪਿੱਛੇ ਮਿਲੇ ਨਾ ਖੇਤ

05:00 AM Feb 07, 2025 IST
ਸੁਪਨੇ ‘ਕਰੈਸ਼’  ਅੱਗੇ ਮਿਲੀ ਨਾ ਢੋਈ  ਪਿੱਛੇ ਮਿਲੇ ਨਾ ਖੇਤ
ਅਮਰੀਕਾ ਤੋਂ ਡਿਪੋਰਟ ਕੀਤਾ ਹੁਸ਼ਿਆਰਪੁਰ ਦੇ ਟਾਹਲੀ ਪਿੰਡ ਦਾ ਵਸਨੀਕ ਹਰਵਿੰਦਰ ਸਿੰਘ ਆਪਣੇ ਪਰਿਵਾਰਕ ਮੈਂਬਰਾਂ ਨਾਲ ਹੱਡਬੀਤੀ ਸੁਣਾਉਂਦਾ ਹੋਇਆ। ਫੋਟੋ: ਮਲਕੀਅਤ ਸਿੰਘ
Advertisement
ਚਰਨਜੀਤ ਭੁੱਲਰ
Advertisement

ਚੰਡੀਗੜ੍ਹ, 6 ਫਰਵਰੀ

Advertisement

ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਇਕੱਲਾ ਅਮਰੀਕੀ ਫ਼ੌਜੀ ਜਹਾਜ਼ ਹੀ ਲੈਂਡ ਨਹੀਂ ਹੋਇਆ, ਬਲਕਿ ਇਸ ਨਾਲ ਪੰਜਾਬੀ ਘਰਾਂ ਦੇ ਸੁਪਨੇ ਵੀ ਕਰੈਸ਼ ਹੋਏ ਹਨ। ਨਵੇਂ ਆਲ੍ਹਣੇ ਦੀ ਤਲਾਸ਼ ’ਚ ਪੰਜਾਬ ਛੱਡਣ ਲੱਗਿਆਂ ਇਨ੍ਹਾਂ ਮੁੰਡਿਆਂ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਉਮੀਦਾਂ ਦਾ ਇਹ ਆਲ੍ਹਣਾ ਤੀਲ੍ਹਾ-ਤੀਲ੍ਹਾ ਹੋ ਜਾਏਗਾ।

ਪਿੰਡ ਚਹੇੜੂ (ਫਗਵਾੜਾ) ਦਾ ਜਸਕਰਨ ਸਿੰਘ ਉਨ੍ਹਾਂ ਤੀਹ ਪੰਜਾਬੀਆਂ ’ਚੋਂ ਇੱਕ ਹੈ ਜੋ ਮਾਪਿਆਂ ਦੀ ਦੁੱਖਾਂ ਦੀ ਪੰਡ ਨੂੰ ਹੌਲਾ ਕਰਨਾ ਚਾਹੁੰਦੇ ਸਨ। ਹੁਣ ਜ਼ਿੰਮੇਵਾਰੀ ਦਾ ਬੋਝ ਕਿਵੇਂ ਉਠਾਏਗਾ, ਨਵਾਂ ਫ਼ਿਕਰ ਉਸ ਨੂੰ ਵੱਢ ਵੱਢ ਖਾ ਰਿਹਾ ਹੈ। ਘਰ ਦੇ ਵਿਹੜੇ ’ਚ ਬੈਠੀ ਮਾਂ ਦੇ ਸਿਰ ’ਤੇ ਲਈ ਕਾਲੀ ਚੁੰਨੀ ਨਵੇਂ ਉੱਠੇ ਵਾਵਰੋਲੇ ਵੱਲ ਸੰਕੇਤ ਕਰ ਰਹੀ ਸੀ। ਬੇਸ਼ੱਕ ਇਸ ਮਾਂ ਨੂੰ ਅੱਖਾਂ ਤੋਂ ਦਿਸਦਾ ਨਹੀਂ ਪਰ ਉਹ ਪੁੱਤ ’ਤੇ ਪਈ ਭੀੜ ਨੂੰ ਧੁਰ ਅੰਦਰੋਂ ਮਹਿਸੂਸ ਕਰਦੀ ਹੈ। ਸਿਰ ’ਤੇ 45 ਲੱਖ ਦਾ ਕਰਜ਼ਾ ਹੈ ਜੋ ਪੁੱਤ ਨੂੰ ਵਿਦੇਸ਼ ਭੇਜਣ ਲਈ ਚੁੱਕਿਆ ਸੀ। ਬਾਪ ਜੋਗਾ ਸਿੰਘ ਨੇ ਕਿਹਾ ਕਿ ਪੁੱਤ ਸੱਤ ਮਹੀਨੇ ਪਹਿਲਾਂ ਦੁਬਈ ਗਿਆ ਜਿੱਥੋਂ ਏਜੰਟ ਨੇ ਅੱਗੇ ਅਮਰੀਕਾ ਭੇਜ ਦਿੱਤਾ। ਉਸ ਦੇ ਟੇਕ ਹੁਣ ਸਰਕਾਰ ’ਤੇ ਹੈ। ਜਸਕਰਨ ਚਾਰ ਭੈਣਾਂ ਦਾ ਇਕਲੌਤਾ ਭਰਾ ਹੈ। ਭੈਣਾਂ ਨੂੰ ਰੱਖੜੀ ਵਾਲੇ ਹੱਥਾਂ ’ਤੇ ਹੱਥਕੜੀ ਦਾ ਪਤਾ ਲੱਗਿਆ ਤਾਂ ਉਨ੍ਹਾਂ ਦਾ ਤ੍ਰਾਹ ਨਿਕਲ ਗਿਆ।

ਜਦੋਂ ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਉੱਤਰੇ ਤਾਂ ਹਰ ਕਿਸੇ ਦੇ ਚਿਹਰੇ ’ਤੇ ਉਦਾਸੀ ਤੇ ਮੂੰਹਾਂ ’ਤੇ ਚੁੱਪ, ਹੱਥਾਂ ’ਚ ਹੱਥਕੜੀ, ਪੈਰਾਂ ’ਚ ਜ਼ੰਜੀਰ ਸੀ। ਅਜਨਾਲਾ ਦੇ ਸਲੇਮਪੁਰ ਦੇ ਦਲੇਰ ਸਿੰਘ ਤੋਂ ਆਪਣੇ ਖੇਤ ਝੱਲ ਨਾ ਹੋਏ ਜਿਨ੍ਹਾਂ ਨੂੰ ਗਹਿਣੇ ਕਰਕੇ ਉਹ ਅਮਰੀਕਾ ਪੁੱਜਿਆ ਸੀ। ਉਹ ਵਾਇਆ ਦੁਬਈ, ਜੰਗਲਾਂ ਵਿੱਚੋਂ ਦੀ ਹੁੰਦਾ ਹੋਇਆ ਅਮਰੀਕਾ ਪੁੱਜਿਆ ਸੀ। ਉਹ ਆਖਦਾ ਹੈ ਕਿ ਹੁਣ ਵਾਪਸ ਆ ਗਏ ਤੇ ਸਰਕਾਰ ਰੁਜ਼ਗਾਰ ਦਾ ਪ੍ਰਬੰਧ ਕਰੇ।

ਬਹੁਤੇ ਨੌਜਵਾਨਾਂ ਦੀ ਇੱਕੋ ਕਹਾਣੀ ਹੈ। ਅਮਰੀਕਾ ਨੇ ਅੱਗੇ ਢੋਈ ਨਹੀਂ ਦਿੱਤੀ, ਪਿੱਛੇ ਖੇਤ ਵੀ ਨਹੀਂ ਬਚ ਸਕੇ। ਬੱਸ ਇੱਕ ਕਰਜ਼ੇ ਦੀ ਪੰਡ ਬਚੀ ਹੈ ਜੋ ਸਭਨਾਂ ਦੇ ਅੱਗੇ ਵੱਡੀ ਚੁਣੌਤੀ ਹੈ। ਜ਼ਿਲ੍ਹਾ ਕਪੂਰਥਲਾ ਦੇ ਪਿੰਡ ਡੋਗਰਾਂਵਾਲ ਦੇ ਵਿਕਰਮਜੀਤ ਸਿੰਘ ਦੇ ਹੱਥ ਅੱਜ ਖਾਲੀ ਹਨ। ਉਸ ਨੇ ਆਪਣੇ ਖੇਤ ਵੇਚ ਦਿੱਤੇ ਅਤੇ 42 ਲੱਖ ਰੁਪਏ ਏਜੰਟ ਨੂੰ ਦਿੱਤੇ। ਅਮਰੀਕਾ ਤੋਂ ਵਾਪਸ ਹੋਣ ’ਤੇ ਹੁਣ ਉਸ ਦੀਆਂ ਭੈਣਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਟਰੰਪ ਦੇ ਇੱਕੋ ਫ਼ੈਸਲੇ ਨੇ ਇਨ੍ਹਾਂ ਭੈਣਾਂ ਦੇ ਅਰਮਾਨ ਤਾਰ-ਤਾਰ ਕਰ ਦਿੱਤੇ।

ਇਸੇ ਜ਼ਿਲ੍ਹੇ ਦੇ ਤਾਰਫ ਬਹਿਬਲ ਬਹਾਦਰ ਸਿੰਘ ਦਾ ਗੁਰਪ੍ਰੀਤ ਸਿੰਘ ਪਹਿਲਾਂ ਹੀ ਖੇਤਾਂ ਤੋਂ ਵਿਰਵਾ ਸੀ। ਉਸ ਦੀ ਮਾਲਕੀ ਵਾਲਾ ਸਿਰਫ਼ ਇੱਕ ਘਰ ਬਚਿਆ ਸੀ ਜਿਸ ਨੂੰ ਗਹਿਣੇ ਕਰਕੇ ਉਹ ਵਿਦੇਸ਼ ਦੇ ਰਾਹ ਪਿਆ। ਉਸ ਨੂੰ ਚਿੰਤਾ ਹੈ ਕਿ 45 ਲੱਖ ਦਾ ਕਰਜ਼ ਕਿਵੇਂ ਉਤਾਰੇਗਾ। ਸਭਨਾਂ ਮਾਪਿਆਂ ਦੀ ਇੱਕੋ ਸੁਰ ਹੈ ਕਿ ਜ਼ਮੀਨ ਨਾਲ ਇੱਕ ਭਾਵੁਕ ਰਿਸ਼ਤਾ ਵੀ ਹੁੰਦਾ ਹੈ। ਵਿਰਾਸਤ ਨੂੰ ਵੇਚ ਕੇ ਉਨ੍ਹਾਂ ਨੇ ਵਾਰਸਾਂ ਨੂੰ ਚੰਗੇ ਦਿਨਾਂ ਦੀ ਆਸ ’ਚ ਵਿਦੇਸ਼ ਤੋਰਿਆ ਸੀ ਪਰ ਚੰਗੇ ਭਵਿੱਖ ਦੇ ਸੁਫ਼ਨੇ ਟੁੱਟ ਗਏ ਹਨ। ਇਸੇ ਤਰ੍ਹਾਂ ਖੰਨਾ ਦੇ ਪਿੰਡ ਕਾਹਨਪੁਰਾ ਦੇ ਜਸਵਿੰਦਰ ਸਿੰਘ ਕੋਲ ਸਿਰਫ਼ ਇੱਕ ਏਕੜ ਜ਼ਮੀਨ ਦੀ ਮਾਲਕੀ ਹੈ। ਅਮਰੀਕਾ ਤੋਂ ਵਾਪਸ ਮੁੜ ਆਇਆ ਹੈ ਤੇ ਉਸ ਕੋਲ ਹੁਣ ਸਿਰ ਚੜ੍ਹਿਆ 50 ਲੱਖ ਦਾ ਕਰਜ਼ਾ ਲਾਹੁਣ ਦਾ ਕੋਈ ਚਾਰਾ ਨਹੀਂ ਬਚਿਆ। ਇਨ੍ਹਾਂ ਮੁੰਡਿਆਂ ਦੇ ਖ਼ੁਸ਼ੀਆਂ ਦੇ ਬਾਗ਼ ਹੀ ਨਹੀਂ ਉੱਜੜੇ ਬਲਕਿ ਆਸਾਂ ਦਾ ਬੂਰ ਵੀ ਝੜਿਆ ਹੈ। ਇਨ੍ਹਾਂ ਪਰਿਵਾਰਾਂ ਦੀ ਮੰਗ ਹੈ ਕਿ ਇਸ ਔਖ ਦੀ ਘੜੀ ’ਚ ਸਰਕਾਰਾਂ ਉਨ੍ਹਾਂ ਦੀ ਬਾਂਹ ਫੜਨ ਤਾਂ ਜੋ ਉਹ ਜ਼ਿੰਦਗੀ ਦਾ ਤੋਰਾ ਤੋਰ ਸਕਣ।

ਜੰਗਲਾਂ ’ਚੋਂ ਗੁਜਰੀ ਜ਼ਿੰਦਗੀ

ਸੋਸ਼ਲ ਮੀਡੀਆ ’ਤੇ ਤਸਵੀਰ ਵਾਇਰਲ ਹੋਈ ਹੈ ਜੋ ਇਨ੍ਹਾਂ ਪੰਜਾਬੀ ਨੌਜਵਾਨਾਂ ਦੇ ਜੰਗਲਾਂ ’ਚ ਗੁਜ਼ਰੇ ਦਿਨਾਂ ਦੀ ਕਹਾਣੀ ਬਿਆਨਦੀ ਹੈ। ਚਿੱਕੜ ’ਚ ਲਿੱਬੜੇ ਹੋਏ ਪੈਰ ਅਤੇ ਵਗਦਾ ਗੰਦਾ ਪਾਣੀ ਇਸ ਗੱਲ ਦਾ ਗਵਾਹ ਹੈ ਕਿ ਆਸਾਂ ਦਾ ਫਲ ਤੋੜਨ ਲਈ ਜ਼ਿੰਦਗੀ ਦਾਅ ’ਤੇ ਲਾਉਣੀ ਪੈਂਦੀ ਹੈ। ਇਨ੍ਹਾਂ ਲੜਕਿਆਂ ਨੇ ਬਿਆਨ ਵੀ ਕੀਤਾ ਹੈ ਕਿ ਕਿਵੇਂ ਉਹ ਜੰਗਲਾਂ ਵਿੱਚੋਂ ਦੀ ਤਿੰਨ ਦਿਨਾਂ ’ਚ ਲੰਘੇ ਸਨ ਅਤੇ ਟੈਂਟਾਂ ’ਚ ਰਾਤਾਂ ਗੁਜ਼ਾਰੀਆਂ ਸਨ। ਦਲੇਰ ਸਿੰਘ ਆਖਦਾ ਹੈ ਕਿ ਰਾਤਾਂ ਨੂੰ ਕਿਸੇ ਕੀਟ ਵੱਲੋਂ ਕੱਟੇ ਜਾਣ ਦਾ ਡਰ ਵੀ ਰਹਿੰਦਾ ਸੀ। ਲੋੜ ਜੋਗਾ ਖਾਣਾ ਹੀ ਖਾਣ ਨੂੰ ਦਿੱਤਾ ਜਾਂਦਾ ਸੀ।

Advertisement
Author Image

Gurpreet Singh

View all posts

Advertisement