ਸੁਨੀਲ ਸ਼ੈੱਟੀ ਨੇ ਪਰੇਸ਼ ਰਾਵਲ ਨੂੰ ਜਨਮ ਦਿਨ ਦੀ ਵਧਾਈ ਦਿੱਤੀ
ਮੁੰਬਈ:
ਬੌਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ਨੇ ਆਪਣੇ ਦੋਸਤ ਅਦਾਕਾਰ ਪਰੇਸ਼ ਰਾਵਲ ਨੂੰ ਉਸ ਦੇ 70ਵੇਂ ਜਨਮ ਦਿਨ ’ਤੇ ਵਧਾਈ ਦਿੱਤੀ ਹੈ। ਇਸ ਸਬੰਧੀ ਅਦਾਕਾਰ ਨੇ ਸੋਸ਼ਲ ਮੀਡੀਆ ਦੇ ‘ਐੱਕਸ’ ਖਾਤੇ ’ਤੇ ਪੋਸਟ ਪਾਈ ਹੈ। ਉਸ ਨੇ ਲਿਖਿਆ ਹੈ,‘ਅਦਾਕਾਰ ਪਰੇਸ਼ ਰਾਵਲ ਸਮਝ ਤੇ ਗਿਆਨ ਵਾਲੀ ਸ਼ਖ਼ਸੀਅਤ ਹਨ। ਜਨਮ ਦਿਨ ਦੀਆਂ ਮੁਬਾਰਕਾਂ ਪਰੇਸ਼ ਜੀ। ਬਹੁਤ ਸਾਰਾ ਪਿਆਰ ਅਤੇ ਸਤਿਕਾਰ।’’ ਇਸ ਦੇ ਨਾਲ ਹੀ ਅਦਾਕਾਰ ਨੇ ਪਰੇਸ਼ ਰਾਵਲ ਨਾਲ ਆਪਣੀ ਪਿੱਛਲੇ ਸਾਲ ਦੀ ਤਸਵੀਰ ਸਾਂਝੀ ਕੀਤੀ ਹੈ। ਇਸ ਵਿੱਚ ਦੋਵੇਂ ਜਣੇ ਮੁੰਬਈ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਦਿਖਾਈ ਦੇ ਰਹੇ ਹਨ। ਸੁਨੀਲ ਸ਼ੈੱਟੀ ਨੇ ਪਰੇਸ਼ ਰਾਵਲ ਨੂੰ ਇਹ ਵਧਾਈ ਉਸ ਵਿਵਾਦ ਦੌਰਾਨ ਦਿੱਤੀ ਹੈ ਜਦੋਂ ਅਦਾਕਾਰ ਅਕਸ਼ੈ ਕੁਮਾਰ ਨਾਲ ਪਰੇਸ਼ ਰਾਵਲ ਦਾ ਰੌਲਾ ਚੱਲ ਰਿਹਾ ਹੈ। ਪਰੇਸ਼ ਦਾ ਇਸ ਤਰ੍ਹਾਂ ਅਚਾਨਕ ਫਿਲਮ ਤੋਂ ਵੱਖ ਹੋਣਾ ਸੁਨੀਲ ਸ਼ੈੱਟੀ ਲਈ ਝਟਕਾ ਹੈ। ਇਸ ਬਾਰੇ ਗੱਲਬਾਤ ਕਰਦਿਆਂ ਅਦਾਕਾਰ ਨੇ ਖ਼ੁਲਾਸਾ ਕੀਤਾ ਸੀ ਕਿ ਇਹ ਖ਼ਬਰ ਉਸ ਲਈ ਵੱਡਾ ਝਟਕਾ ਸੀ। ਇਸ ਬਾਰੇ ਪਤਾ ਲੱਗਣ ਤੋਂ ਉਹ ਨਿਰਾਸ਼ ਹੋ ਗਿਆ ਸੀ। ਸੁਨੀਲ ਸ਼ੈੱਟੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਹ ਨਵੀਂ ਫਿਲਮ ਪਰੇਸ਼ ਰਾਵਲ ਤੋਂ ਬਿਨਾਂ ਬਣਨੀ ਔਖੀ ਹੈ। ਇਸ ਦੀ ਇਕ ਫ਼ੀਸਦੀ ਆਸ ਹੈ ਕਿ ਇਹ ਫਿਲਮ ਮੇਰੇ (ਸੁਨੀਲ) ਅਤੇ ਅਕਸ਼ੈ ਤੋਂ ਬਿਨਾਂ ਬਣ ਸਕਦੀ ਹੈ ਪਰ ਇਹ ਸੌ ਫ਼ੀਸਦੀ ਸਪਸ਼ਟ ਹੈ ਕਿ ਇਹ ਫਿਲਮ ਪਰੇਸ਼ ਰਾਵਲ ਤੋਂ ਬਿਨਾਂ ਨਹੀਂ ਬਣ ਸਕਦੀ। -ਏਐੱਨਆਈ