ਸੁਨਾਮ ’ਚ ਬੁਲਡੋਜ਼ਰ ਨਾਲ ਨਸ਼ਾ ਤਸਕਰ ਦਾ ਘਰ ਢਾਹਿਆ
ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 11 ਮਾਰਚ
ਪੰਜਾਬ ਸਰਕਾਰ ਵੱਲੋਂ ਸੂਬੇ ’ਚੋਂ ਨਸ਼ਾ ਤਸਕਰਾਂ ਦਾ ਮੁਕੰਮਲ ਤੌਰ ’ਤੇ ਖਾਤਮਾ ਕਰਨ ਲਈ ਵਿੱਢੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਸੁਨਾਮ ਵਿੱਚ ਅੱਜ ਜ਼ਿਲ੍ਹਾ ਪੁਲੀਸ ਮੁਖੀ ਸਰਤਾਜ ਸਿੰਘ ਚਾਹਲ ਦੀ ਮੌਜੂਦਗੀ ’ਚ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲੀਸ ਦੀ ਸਾਂਝੀ ਟੀਮ ਨੇ ਸ਼ਹਿਰ ਦੀ ਅਨਾਜ ਮੰਡੀ ਦੇ ਗੇਟ ਨਜ਼ਦੀਕ ਇੱਕ ਨਸ਼ਾ ਤਸਕਰ ਬੁੱਧ ਸਿੰਘ ਉਰਫ ਬੁੱਧੂ ਦੇ ਮਕਾਨ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ। ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਪੁਲੀਸ ਨਸ਼ਿਆਂ ਖ਼ਿਲਾਫ਼ ਵਿੱਢੀ ਇਸ ਮੁਹਿੰਮ ਤਹਿਤ ਲਗਾਤਾਰ ਨਸ਼ਾ ਤਸਕਰਾਂ ਖ਼ਿਲਾਫ਼ ਪਿਛਲੇ ਕਈ ਦਿਨਾਂ ਤੋਂ ਠੋਸ ਕਾਰਵਾਈ ਨੂੰ ਅਮਲ ਵਿੱਚ ਲਿਆ ਰਹੀ ਹੈ ਅਤੇ ਜਲਦੀ ਹੀ ਜ਼ਿਲ੍ਹਾ ਸੰਗਰੂਰ ਵਿੱਚੋਂ ਨਸ਼ਾ ਤਸਕਰਾਂ ਤੇ ਨਸ਼ਿਆਂ ਦਾ ਪੂਰੀ ਤਰ੍ਹਾਂ ਸਫਾਇਆ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮਾਰਕੀਟ ਕਮੇਟੀ ਸੁਨਾਮ ਦੀ ਜਗ੍ਹਾ ’ਤੇ ਨਾਜਾਇਜ਼ ਕਬਜ਼ਾ ਕਰਦਿਆਂ ਇਸ ਵਿਅਕਤੀ ਵੱਲੋਂ ਮਕਾਨ ਤੇ ਦੁਕਾਨ ਚਲਾਈ ਜਾ ਰਹੀ ਸੀ ਜਿਥੋਂ ਨਸ਼ਾ ਤਸਕਰੀ ਦੀਆਂ ਸ਼ਿਕਾਇਤਾਂ ਵੀ ਮਿਲ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਇਸ ਵਿਰੁੱਧ ਐੱਨਡੀਪੀਐੱਸ ਐਕਟ ਅਤੇ ਐਕਸਾਈਜ਼ ਐਕਟ ਤਹਿਤ ਅਨੇਕਾਂ ਮਾਮਲੇ ਦਰਜ ਹਨ ਅਤੇ ਇਸ ਕਾਰਵਾਈ ਰਾਹੀਂ ਸਾਰੇ ਹੀ ਮਾੜੇ ਅਨਸਰਾਂ ਨੂੰ ਇਹ ਸਖ਼ਤ ਚਿਤਾਵਨੀ ਦੇਣਾ ਚਾਹੁੰਦੇ ਹਾਂ ਕਿ ਜਾਂ ਤਾਂ ਨਸ਼ਾ ਤਸਕਰੀ ਦੇ ਕਾਲੇ ਕਾਰੋਬਾਰ ਨੂੰ ਖੁਦ ਹੀ ਛੱਡ ਦਿੱਤਾ ਜਾਵੇ ਅਤੇ ਜਾਂ ਫਿਰ ਇਸ ਦੇ ਗੰਭੀਰ ਨਤੀਜੇ ਭੁਗਤਣ ਲਈ ਤਿਆਰ ਰਿਹਾ ਜਾਵੇ। ਇਸ ਮੌਕੇ ਐੱਸਪੀ ਨਵਰੀਤ ਸਿੰਘ ਵਿਰਕ, ਡੀਐੱਸਪੀ ਕਰਨੈਲ ਸਿੰਘ, ਡੀਐੱਸਪੀ ਹਰਵਿੰਦਰ ਸਿੰਘ ਖਹਿਰਾ ਤੇ ਥਾਣਾ ਮੁਖੀ ਪ੍ਰਤੀਕ ਜਿੰਦਲ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਪੁਲੀਸ ਮੁਲਾਜ਼ਮਾਂ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਦਿਆਂ ਬੁਲਡੋਜ਼ਰ ਨਾਲ ਮਕਾਨ ਨੂੰ ਢਾਹੁਣ ਦੀ ਕਾਰਵਾਈ ਨੂੰ ਅੰਜਾਮ ਦਿੱਤਾ। ਪ੍ਰਸ਼ਾਸਨ ਵੱਲੋਂ ਅਚਨਚੇਤ ਕੀਤੀ ਗਈ ਇਸ ਵੱਡੀ ’ਤੇ ਅਹਿਮ ਕਾਰਵਾਈ ਨਾਲ ਸੁਨਾਮ ਦੀ ਸਬੰਧਤ ਕਲੋਨੀ ਅਤੇ ਸ਼ਹਿਰ ਵਿੱਚ ਵੱਸਦੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ। ਲੋਕਾਂ ਨੇ ਕਿਹਾ ਕਿ ਹੁਣ ਉਨ੍ਹਾਂ ਨੂੰ ਪੂਰੀ ਆਸ ਬੱਝ ਗਈ ਹੈ ਕਿ ਰਾਜ ਵਿੱਚੋਂ ਨਸ਼ਾ ਤਸਕਰਾਂ ਤੇ ਨਸ਼ਿਆਂ ਦਾ ਖਾਤਮਾ ਕਰ ਦਿੱਤਾ ਜਾਵੇਗਾ।