ਸੁਣ ਪਿੱਪਲਾ ਵੇ ਮੇਰੇ ਪੇਕੇ ਪਿੰਡ ਦਿਆ...
ਜਸਵਿੰਦਰ ਸਿੰਘ ਰੁਪਾਲ
ਲੰਮੀ ਉਮਰ ਭੋਗਣ ਵਾਲਾ ਪਿੱਪਲ ਦਾ ਦਰੱਖਤ ਭਾਰਤੀ ਸੰਸਕ੍ਰਿਤੀ ਵਿੱਚ ਖ਼ਾਸ ਮਹੱਤਵ ਰੱਖਦਾ ਹੈ। ਇਸ ਦੀ ਮਹੱਤਤਾ ਧਾਰਮਿਕ ਪੱਖ ਤੋਂ ਵੀ ਹੈ ਅਤੇ ਸੱਭਿਆਚਾਰਕ ਪੱਖ ਤੋਂ ਵੀ। ਹਿੰਦੂ ਧਰਮ ਅਨੁਸਾਰ ਇਸ ਦੀ ਜੜ ਵਿੱਚ ਬ੍ਰਹਮਾ, ਤਣੇ ਵਿੱਚ ਵਿਸ਼ਨੂੰ ਅਤੇ ਟਾਹਣੀਆਂ ਵਿੱਚ ਸ਼ਿਵ ਜੀ ਨਿਵਾਸ ਕਰਦੇ ਹਨ। ਹਿੰਦੂ ਲੋਕ ਪਿੱਪਲ ’ਤੇ ਕੁਹਾੜਾ ਨਹੀਂ ਚਲਾਉਂਦੇ ਅਤੇ ਔਰਤਾਂ ਇਸ ਦੀ ਜੜ ਵਿੱਚ ਕੱਚੀ ਲੱਸੀ ਪਾ ਕੇ ਪੂਜਾ ਕਰਦੀਆਂ ਹਨ। ਪਵਿੱਤਰ ਮੰਨਣ ਕਾਰਨ ਇਸ ਰੁੱਖ ਹੇਠਾਂ ਝੂਠ ਬੋਲਣਾ, ਕਿਸੇ ਨਾਲ ਧੋਖਾ ਕਰਨਾ ਜਾਂ ਕਿਸੇ ਨੂੰ ਮਾਰਨਾ ਮਹਾਂ ਪਾਪ ਮੰਨਿਆ ਜਾਂਦਾ ਹੈ। ਪਿੱਪਲ ਰਾਹੀਂ ਆਪਣੇ ਪਿੱਤਰਾਂ ਨੂੰ ਪਾਣੀ ਪਹੁੰਚਾਉਣ ਦਾ ਜ਼ਿਕਰ ਵੀ ਆਉਂਦਾ ਹੈ। ਕਿਸੇ ਘੜੇ ਆਦਿ ਵਿੱਚ ਪਾਣੀ ਪਾ ਕੇ ਪਿੱਪਲ ’ਤੇ ਟੰਗ ਦੇਣਾ ਅਤੇ ਇਹ ਵਿਸ਼ਵਾਸ ਕਰਨਾ ਕਿ ਇਹ ਪਾਣੀ ਪਿੱਤਰਾਂ ਨੂੰ ਪੁੱਜ ਜਾਏਗਾ।
ਸੱਭਿਆਚਾਰਕ ਪੱਖ ਤੋਂ ਇਹ ਪੀਘਾਂ ਝੂਟਣ ਲਈ ਪ੍ਰਸਿੱਧ ਹੈ। ਸਾਉਣ ਮਹੀਨੇ ਵਿੱਚ ਪਿੱਪਲਾਂ ਹੇਠ ਕੁਆਰੀਆਂ ਅਤੇ ਵਿਆਹੀਆਂ ਕੁੜੀਆਂ ਇਕੱਠੀਆਂ ਹੁੰਦੀਆਂ। ਪੀਘਾਂ ਝੂਟਦੀਆਂ ਗੀਤ ਗਾਉਂਦੀਆਂ ਅਤੇ ਆਪਣੇ ਜਜ਼ਬਾਤਾਂ ਨੂੰ ਗਿੱਧੇ ਰਾਹੀਂ ਬਾਹਰ ਕੱਢਦੀਆਂ। ਪਿੱਪਲ ਵੈਸੇ ਵੀ ਕਾਫ਼ੀ ਗੁਣਕਾਰੀ ਹੁੰਦਾ ਹੈ। ਇਸ ਦਾ ਰਸ ਪੈਰ ਦੀਆਂ ਬਿਆਈਆਂ ਠੀਕ ਕਰਨ ਵਿੱਚ ਵਰਤਿਆ ਜਾਂਦਾ ਹੈ। ਇਸ ਦੀ ਲੱਕੜ ਸਿੱਲੀਆਂ ਥਾਵਾਂ ’ਤੇ ਖ਼ਰਾਬ ਨਾ ਹੋਣ ਕਾਰਨ ਉਸ ਤੋਂ ਮਾਚਿਸ, ਪੇਟੀਆਂ ਅਤੇ ਪਹੀਏ ਦਾ ਬਾਹਰਲਾ ਹਿੱਸਾ ਬਣਾਉਣ ਲਈ ਵਰਤੀ ਜਾਂਦੀ ਹੈ। ਇਸ ਦੀਆਂ ਪਿੱਪਲੀਆਂ ਪਿੱਤ ਵਿਕਾਰ ਦੂਰ ਕਰਨ ਵਿੱਚ ਅਤੇ ਦਿਲ ਤੇ ਖੂਨ ਦੀਆਂ ਬਿਮਾਰੀਆਂ ਵਿੱਚ ਵਰਤੀਆਂ ਜਾਂਦੀਆਂ ਹਨ। ਵਿਗਿਆਨਕ ਪੱਖ ਤੋਂ ਇਹ ਰਾਤ ਨੂੰ ਵੀ ਆਕਸੀਜਨ ਛੱਡਦਾ ਹੈ, ਭਾਵੇਂ ਰਾਤ ਨੂੰ ਛੱਡੀ ਗਈ ਆਕਸੀਜਨ ਦੀ ਮਾਤਰਾ ਦਿਨ ਵੇਲੇ ਛੱਡੀ ਗਈ ਮਾਤਰਾ ਨਾਲੋਂ ਘੱਟ ਹੁੰਦੀ ਹੈ। ਇਹ ਰਾਤ ਨੂੰ ਕਾਰਬਨ ਡਾਈਆਕਸਾਈਡ ਵੀ ਛੱਡਦਾ ਹੈ।
ਪਿੱਪਲਾਂ ’ਤੇ ਪੀਘਾਂ ਪਾ ਕੇ ਝੂਟਣਾ ਆਮ ਗੱਲ ਸੀ। ਸਾਉਣ ਮਹੀਨੇ ਦੀਆਂ ਤੀਆਂ ਦਾ ਹਰ ਕੁੜੀ ਨੂੰ ਚਾਅ ਹੁੰਦਾ ਹੈ। ਇਹ ਤੀਆਂ ਵੀ ਵਧੇਰੇ ਕਰਕੇ ਪਿੱਪਲਾਂ ਹੇਠ ਹੀ ਲੱਗਦੀਆਂ ਰਹੀਆਂ ਨੇ;
wਰਲ ਆਓ ਸਹੀਓ ਨੀਂ
ਸਭੇ ਤੀਆਂ ਖੇਡਣ ਜਾਈਏ।
ਹੁਣ ਆ ਗਿਆ ਸਾਉਣ ਨੀਂ
ਪੀਘਾਂ ਪਿੱਪਲਾਂ ’ਤੇ ਜਾ ਪਾਈਏ।
wਆਉਂਦੀ ਕੁੜੀਏ ਜਾਂਦੀ ਕੁੜੀਏ
ਤੁਰਦੀ ਪਿੱਛੇ ਨੂੰ ਜਾਵੇਂ।
ਨੀਂ ਕਾਹਲੀ ਕਾਹਲੀ ਪੈਰ ਪੱਟ ਲੈ
ਤੀਆਂ ਲੱਗੀਆਂ ਪਿੱਪਲ ਦੀ ਛਾਵੇਂ।
ਤੀਆਂ ਪਾਉਣ ਲਈ ਕੁੜੀਆਂ ਹਾਰ ਸ਼ਿੰਗਾਰ ਕਰਕੇ ਆਉਂਦੀਆਂ ਹਨ ਅਤੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਗਿੱਧਾ ਪਾਉਂਦੀਆਂ ਹਨ। ਉਹ ਇਸ ਨਾਚ ਵਿੱਚ ਆਪਣਾ ਆਪਾ ਭੁੱਲ ਜਾਂਦੀਆਂ ਹਨ;
ਪਿੱਪਲਾਂ ਹੇਠਾਂ ਆਈਆਂ ਕੁੜੀਆਂ
ਪਾ ਕੇ ਛਾਪਾਂ ਛੱਲੇ।
ਕੁੜੀਆਂ ਦੀਆਂ ਛਣਕਦੀਆਂ ਝਾਂਜਰਾਂ
ਹੋ ਗਈ ਬੱਲੇ ਬੱਲੇ।
ਗਿੱਧਾ ਤੀਆਂ ਦਾ
ਪੈਂਦਾ ਪਿੱਪਲਾਂ ਥੱਲੇ।
ਪਿੱਪਲਾਂ ਦੁਆਲੇ ਥੜ੍ਹੇ ਬਣੇ ਹੁੰਦੇ ਨੇ ਜਿੱਥੇ ਨੱਚਦੀਆਂ ਕੁੜੀਆਂ ਥੱਕ ਕੇ ਦੋ ਪਲ ਆਰਾਮ ਵੀ ਕਰ ਸਕਦੀਆਂ ਨੇ ਅਤੇ ਆਮ ਹਾਲਾਤ ਵਿੱਚ ਬਜ਼ੁਰਗ ਵੀ ਆਪਣੀ ਢਾਣੀ ਸਮੇਤ ਚਰਚਾ ਇੱਥੇ ਬੈਠ ਕੇ ਹੀ ਕਰਦੇ ਨੇ। ਪਿੱਪਲ ਵੀ ਆਪਣੇ ਹੇਠਾਂ ਕੁੜੀਆਂ ਨੂੰ ਗਿੱਧਾ ਪਾਉਂਦੀਆਂ ਦੇਖ ਕੇ ਧੰਨ ਧੰਨ ਹੋ ਜਾਂਦਾ ਹੈ ਅਤੇ ਆਪਣੇ ਵੱਡੇ ਭਾਗ ਸਮਝਦਾ ਹੈ। ਤਦੇ ਤਾਂ ਆਖਿਆ ਗਿਆ ਹੈ;
ਥੜਿ੍ਹਆਂ ਬਾਝ ਨਾ ਸੋਂਹਦੇ ਪਿੱਪਲ
ਬਾਗ਼ਾਂ ਬਾਝ ਫਲਾਹੀਆਂ।
ਹੰਸਾਂ ਨਾਲ ਹਮੇਲਾਂ ਸੋਹੰਦੀਆਂ
ਬੰਦਾਂ ਨਾਲ ਗਜਰਾਈਆਂ।
ਧੰਨ ਭਾਗ ਮੇਰੇ ਆਖੇ ਪਿੱਪਲ
ਕੁੜੀਆਂ ਨੇ ਪੀਘਾਂ ਪਾਈਆਂ।
ਸਾਉਣ ਵਿੱਚ ਕੁੜੀਆਂ ਨੇ
ਪੀਘਾਂ ਅਸਮਾਨ ਚੜ੍ਹਾਈਆਂ।
ਪਿੱਪਲ ਨਾਲ ਕੁੜੀਆਂ ਚਿੜੀਆਂ ਦੀ ਖ਼ਾਸ ਸਾਂਝ ਰਹੀ ਹੈ। ਫ਼ਰਕ ਸਿਰਫ਼ ਇੰਨਾ ਹੀ ਹੈ ਕਿ ਚਿੜੀਆਂ ਆਪਣੀ ਮਰਜ਼ੀ ਨਾਲ ਆ ਜਾ ਸਕਦੀਆਂ ਨੇ, ਪਰ ਕੁੜੀਆਂ ਸਮੇਂ ਅਤੇ ਸਥਾਨ ਵਿੱਚ ਬੱਝੀਆਂ ਹੁੰਦੀਆਂ ਨੇ। ਹਰ ਕੁੜੀ ਨੇ ਵਿਆਹ ਤੋਂ ਬਾਅਦ ਸਹੁਰੇ ਘਰ ਚਲੀ ਜਾਣਾ ਹੁੰਦਾ ਹੈ ਅਤੇ ਵਿਆਹ ਤੋਂ ਬਾਅਦ ਇਨ੍ਹਾਂ ਪਿੱਪਲਾਂ ਥੱਲੇ ਮੁੜ ਗੇੜਾ ਸਿਰਫ਼ ਸਹੁਰਿਆਂ ਦੀ ਇੱਛਾ ਅਨੁਸਾਰ ਹੀ ਲੱਗ ਸਕਦਾ ਹੈ। ਤਦ ਹੀ ਤਾਂ ਉਹ ਵਿਆਹ ਤੋਂ ਬਾਅਦ ਵੀ ਪੇਕਿਆਂ ਦੇ ਪਿੱਪਲ ਨੂੰ ਯਾਦ ਕਰਦੀਆਂ ਰਹਿੰਦੀਆਂ ਹਨ ਅਤੇ ਉਸ ਦੀ ਹਰ ਸਮੇਂ ਖੈਰ ਸੁੱਖ ਮੰਗਦੀਆਂ ਹਨ;
ਪਿੱਪਲਾ ਵੇ ਪੇਕੇ ਪਿੰਡ ਦਿਆ
ਤੇਰੀ ਸੁੱਖ ਮਨਾਵਾਂ।
ਆਵੇ ਸਾਉਣ ਮਹੀਨਾ ਵੇ
ਮੈਂ ਪੀਂਘ ਤੇਰੇ ’ਤੇ ਪਾਵਾਂ।
ਇਸੇ ਲਈ ਤਾਂ ਕੁੜੀਆਂ ਤੋਂ ਪਿੱਪਲਾਂ ਦੀ ਜੁਦਾਈ ਝੱਲ ਨਹੀਂ ਹੁੰਦੀ;
ਸੁਣ ਪਿੱਪਲਾ ਵੇ ਮੇਰੇ ਪਿੰਡ ਦਿਆ
ਪੀਘਾਂ ਤੇਰੇ ’ਤੇ ਪਾਈਆਂ।
ਦਿਨ ਤੀਆਂ ਦੇ ਨੇੜੇ ਆ ਗਏ
ਉੱਠ ਪੇਕਿਆਂ ਨੂੰ ਆਈਆਂ।
ਹਾੜ੍ਹ ਮਹੀਨੇ ਬੈਠਣ ਛਾਵੇਂ
ਪਿੰਡ ਦੀਆਂ ਮੱਝਾਂ ਗਾਈਆਂ।
ਪਿੱਪਲਾ ਸਹੁੰ ਤੇਰੀ
ਝੱਲੀਆਂ ਨਾ ਜਾਣ ਜੁਦਾਈਆਂ।
ਸਾਉਣ ਦੇ ਮਹੀਨਾ ਜਿੱਥੇ ਪਿੱਪਲਾਂ ਹੇਠਾਂ ਲੱਗਦੀਆਂ ਤੀਆਂ ਕਰਕੇ ਪਿੱਪਲਾਂ ’ਤੇ ਵੀ ਬਹਾਰ ਆਈ ਹੁੰਦੀ ਸੀ, ਇਸ ਦੌਰਾਨ ਵਿਆਹੀ ਮੁਟਿਆਰ ਦਾ ਫੌਜੀ ਪਤੀ ਉਸ ਨੂੰ ਛੱਡ ਕੇ ਜੰਗ ਵਿੱਚ ਜਾਣ ਨੂੰ ਮਜਬੂਰ ਏ, ਇਹ ਮੁਟਿਆਰ ਆਪਣੀ ਜਵਾਨੀ ਦੇ ਜਜ਼ਬਾਤ ਪ੍ਰਗਟਾਉਂਦੀ ਹੋਈ ਆਪਣੇ ਪਤੀ ਨੂੰ ਜੰਗ ਵਿੱਚ ਜਾਣ ਤੋਂ ਰੋਕਦੀ ਹੈ;
ਪਿੱਪਲਾਂ ਉੱਤੇ ਆਈਆਂ ਬਹਾਰਾਂ
ਬੋਹੜਾਂ ਨੂੰ ਲੱਗੀਆਂ ਗੋਲ੍ਹਾਂ।
ਜੰਗ ਨੂੰ ਨਾ ਜਾ ਵੇ
ਦਿਲ ਦੇ ਬੋਲ ਮੈਂ ਬੋਲਾਂ।
ਜਿਸ ਦਾ ਪਤੀ ਜੰਗ ’ਚ ਜਾ ਚੁੱਕਿਆ ਹੋਵੇ, ਜਦ ਉਹ ਪੇਕੇ ਪਿੰਡ ਆਉਂਦੀ ਹੈ ਤਾਂ ਉਸ ਦੀਆਂ ਹਮ ਉਮਰ ਸਾਰੀਆਂ ਸਖੀਆਂ ਉਸ ਨੂੰ ਨਹੀਂ ਮਿਲਦੀਆਂ ਕਿਉਂਕਿ ਸਾਰੀਆਂ ਨੂੰ ਸਾਉਣ ਵਿੱਚ ਵੀ ਪੇਕੇ ਆਉਣਾ ਨਹੀਂ ਮਿਲਦਾ। ਉਹ ਵੀ ਆਪਣੇ ਦਰਦ ਪਿੱਪਲ ਕੋਲ ਹੀ ਬਿਆਨਦੀ ਹੈ;
ਪਿੱਪਲਾ ਵੇ ਮੇਰੇ ਪੇਕੇ ਪਿੰਡ ਦਿਆ
ਤੇਰੀਆਂ ਠੰਢੀਆਂ ਛਾਵਾਂ
ਢਾਬ ਤੇਰੀ ਦਾ ਗੰਧਲਾ ਪਾਣੀ
ਉੱਤੋਂ ਬੂਰ ਹਟਾਵਾਂ।
ਸਭੇ ਸਹੇਲੀਆਂ ਸਹੁਰੇ ਗਈਆਂ
ਕਿਸ ਨੂੰ ਹਾਲ ਸੁਣਾਵਾਂ।
ਚਿੱਠੀਆਂ ਬਰੰਗ ਭੇਜਦਾ
ਕਿਹੜੀ ਛਾਉਣੀ ਲੁਆ ਲਿਆ ਨਾਵਾਂ।
ਪਿੱਪਲ ਹੇਠਾਂ ਬੈਠ ਕੇ ਭਗਤੀ ਵਧੇਰੇ ਵਧੀਆ ਹੁੰਦੀ ਮੰਨੀ ਜਾਂਦੀ ਹੈ, ਸ਼ਾਇਦ ਇਸੇ ਲਈ ਸਵਰਗਾਂ ਦਾ ਰਾਹ ਵੀ ਪਿੱਪਲ ਤੋਂ ਹੀ ਪੁੱਛਿਆ ਗਿਆ ਹੋਵੇ;
ਪਿੱਪਲਾ ਦੱਸ ਦੇ ਵੇ
ਕਿਹੜਾ ਰਾਹ ਸੁਰਗਾਂ ਨੂੰ ਜਾਵੇ।
ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ। ਸਾਉਣ ਲੰਘਣ ਨਾਲ ਇਹ ਤੀਆਂ ਦੀਆਂ ਰੌਣਕਾਂ ਵੀ ਖ਼ਤਮ ਹੋ ਜਾਂਦੀਆਂ ਹਨ। ਰੁੱਤਾਂ ਬਦਲਦੀਆਂ ਰਹਿੰਦੀਆਂ ਹਨ। ਹਰ ਬਹਾਰ ਤੋਂ ਬਾਅਦ ਪੱਤਝੜ ਨੇ ਆਉਣਾ ਹੁੰਦਾ ਹੈ ਅਤੇ ਉਸ ਨੇ ਫਿਰ ਨਵੀਂ ਬਹਾਰ ਲਿਆਉਣੀ ਹੁੰਦੀ ਹੈ। ਪੁਰਾਣੇ ਪੱਤੇ ਝੜਦੇ ਰਹਿੰਦੇ ਹਨ, ਨਵੇਂ ਆਉਂਦੇ ਰਹਿੰਦੇ ਹਨ। ਕੁਆਰੀਆਂ ਕੁੜੀਆਂ ਵਿਆਹ ਕੇ ਆਪਣੇ ਸਹੁਰੇ ਘਰ ਜਾਈ ਜਾਂਦੀਆਂ ਹਨ। ਵਕਤ ਨਾਲ ਉਨ੍ਹਾਂ ਦਾ ਪੇਕੇ ਆਉਣਾ ਘਟੀ ਜਾਂਦਾ ਹੈ, ਪਰ ਇੱਧਰ ਛੋਟੀਆਂ ਬਾਲੜੀਆਂ ਜਵਾਨ ਹੋ ਕੇ ਪਿੱਪਲਾਂ ਹੇਠ ’ਕੱਠੀਆਂ ਹੁੰਦੀਆਂ ਰਹਿੰਦੀਆਂ ਹਨ। ਨਵਿਆਂ ਨੇ ਪੁਰਾਣਿਆਂ ਦੀ ਥਾਂ ਲੈਣੀ ਹੀ ਹੁੰਦੀ ਹੈ, ਇਹ ਕੁਦਰਤ ਦਾ ਨਿਯਮ ਹੈ। ਇਸੇ ਲਈ ਤਾਂ ਲਿਖਾਰੀ ਦੀ ਕਲਮ ਲਿਖਦੀ ਹੈ;
ਪਿੱਪਲ ਦਿਆ ਪੱਤਿਆ ਵੇ
ਕੇਹੀ ਖੜ ਖੜ ਲਾਈ ਆ।
ਪੱਤ ਝੜੇ ਪੁਰਾਣੇ ਵੇ
ਰੁੱਤ ਨਵਿਆਂ ਦੀ ਆਈ ਆ।
ਸ਼ਾਲਾ! ਸਾਡੇ ਪੰਜਾਬ ਵਿੱਚੋਂ ਪਿੱਪਲ ਖ਼ਤਮ ਨਾ ਹੋਣ। ਲੋੜ ਹੈ ਮੁੜ ਅਜਿਹੇ ਦਰੱਖਤ ਲਗਾਉਣ ਦੀ ਜਿਹੜੇ ਵਿਗਿਆਨਕ, ਧਾਰਮਿਕ ਅਤੇ ਸੱਭਿਆਚਾਰਕ ਵਿਰਸੇ ਨੂੰ ਸੰਭਾਲੀ ਬੈਠੇ ਨੇ। ਆਓ, ਦੁਆ ਕਰੀਏ ਕਿ ਪਿੱਪਲਾਂ ’ਤੇ ਪੀਘਾਂ ਪੈਂਦੀਆਂ ਰਹਿਣ, ਤੀਆਂ ਲੱਗਦੀਆਂ ਰਹਿਣ ਤੇ ਗਿੱਧੇ ਦੀ ਧਮਕ ਸਦਾ ਕਾਇਮ ਰਹੇ।
ਸੰਪਰਕ: 98147-15796