ਸੁਖਮਨੀ ਸਾਹਿਬ ਦੇ ਪਾਠਾਂ ਦੀ ਲੜੀ ਸ਼ੁਰੂ
ਸੁਭਾਸ਼ ਚੰਦਰ
ਸਮਾਣਾ, 8 ਜੂਨ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਅੱਜ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਸਮਾਣਾ ਵਿਖੇ ਨਤਮਸਤਕ ਹੋਏ ਅਤੇ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਸ਼ੁਰੂ ਕੀਤੀ ਗਈ ਸੁਖਮਨੀ ਸਾਹਿਬ ਦੇ ਪਾਠਾਂ ਦੀ ਲੜੀ ਵਿਚ ਸ਼ਮੂਲੀਅਤ ਕੀਤੀ। ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਸੁਖਮਨੀ ਸਾਹਿਬ ਦੇ ਪਾਠਾਂ ਦੀ ਲੜੀ ਦਾ ਸੰਪੂਰਨਤਾ ਸਮਾਗਮ 16 ਜੂਨ ਨੂੰ ਹੋਵੇਗਾ। ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਿੱਖ ਇਤਿਹਾਸ ਦਾ ਅਹਿਮ ਪ੍ਰਸੰਗ ਦੱਸਦਿਆਂ ਕਿਹਾ ਕਿ ਗੁਰੂ ਸਾਹਿਬ ਨੇ ਸੱਚ, ਨਿਆਂ ਅਤੇ ਮਨੁੱਖਤਾ ਦੀ ਰਾਖੀ ਲਈ ਆਪਣੀ ਅਦੁੱਤੀ ਸ਼ਹਾਦਤ ਦਿੱਤੀ, ਜੋ ਸਮੁੱਚੀ ਮਨੁੱਖਤਾ ਲਈ ਪ੍ਰੇਰਨਾਸਰੋਤ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਸਿੱਖ ਧਰਮ ਦੀ ਨੀਂਹ ਨੂੰ ਸੁਖਮਨੀ ਸਾਹਿਬ ਵਰਗੀ ਪ੍ਰੇਰਨਾ ਸਰੋਤ ਬਾਣੀ ਅਤੇ ਸੱਚ ਦੇ ਮਾਰਗ ’ਤੇ ਚੱਲਣ ਦੀ ਸਿੱਖਿਆ ਦੇ ਕੇ ਮਜ਼ਬੂਤ ਕੀਤਾ। ਉਨ੍ਹਾਂ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਭਾਈ ਰਾਜ ਸਿੰਘ ਦੀ ਸੇਵਾ ਦੀ ਸ਼ਲਾਘਾ ਕੀਤੀ। ਇਸ ਮੌਕੇ ਭਾਈ ਰਾਜ ਸਿੰਘ, ਭਾਈ ਸ਼ਮਸ਼ੇਰ ਸਿੰਘ ਅਤੇ ਸੰਗਤ ਨੇ ਪ੍ਰੋ. ਬਡੂੰਗਰ ਦਾ ਸੁਆਗਤ ਕੀਤਾ। ਪ੍ਰੋ. ਬਡੂੰਗਰ ਨੇ ਸਰਬਤ ਦੇ ਭਲੇ ਅਤੇ ਸਮਾਗਮ ਦੀ ਸਫਲਤਾ ਲਈ ਅਰਦਾਸ ਕੀਤੀ।