For the best experience, open
https://m.punjabitribuneonline.com
on your mobile browser.
Advertisement

ਸੁਖਦੇਵ ਸਿੰਘ ਢੀਂਡਸਾ ਦਾ ਵਿਛੋੜਾ

04:12 AM Jun 01, 2025 IST
ਸੁਖਦੇਵ ਸਿੰਘ ਢੀਂਡਸਾ ਦਾ ਵਿਛੋੜਾ
Advertisement

ਉਜਾਗਰ ਸਿੰਘ

Advertisement

ਉੱਘੇ ਅਕਾਲੀ ਆਗੂ ਤੇ ਸਿਆਸਤਦਾਨ ਪਦਮ ਭੂਸ਼ਣ ਸੁਖਦੇਵ ਸਿੰਘ ਢੀਂਡਸਾ 89 ਸਾਲ ਦੀ ਉਮਰ ਵਿੱਚ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਹ ਧੀਮੀ ਆਵਾਜ਼ ਵਿੱਚ ਘੱਟ ਪਰ ਤੋਲ ਕੇ ਸਹਿਜ ਨਾਲ ਬੋਲਦੇ ਸਨ। 1962 ਵਿੱਚ ਸੰਗਰੂਰ ਜ਼ਿਲ੍ਹੇ ਦੇ ਆਪਣੇ ਜੱਦੀ ਪਿੰਡ ਉਭਾਵਾਲ ਦੇ ਸਰਪੰਚ ਬਣਨ ਤੋਂ ਬਾਅਦ ਉਨ੍ਹਾਂ ਨੇ ਮੁੜ ਕੇ ਪਿੱਛੇ ਨਹੀਂ ਵੇਖਿਆ। ਅਕਾਲੀ ਦਲ ਦੇ ਵੱਖ-ਵੱਖ ਅਹੁਦਿਆਂ ’ਤੇ ਪਹੁੰਚ ਕੇ ਪਿੰਡ, ਦੇਸ਼ ਅਤੇ ਪੰਜਾਬ ਦੀ ਉੱਨਤੀ ਲਈ ਵਚਨਬੱਧਤਾ ਨਾਲ ਸਰਗਰਮ ਰਹੇ। ਉਹ ਪ੍ਰਬੁੱਧ, ਸ਼ਹਿਣਸ਼ੀਲ, ਸਹਿਯੋਗੀ, ਨਮਰਤਾ ਤੇ ਸਬਰ ਸੰਤੋਖ ਵਾਲੇ ਸੰਜਮੀ ਸਿਆਤਦਾਨ ਸਨ। ਉਨ੍ਹਾਂ ਸਿਆਸਤ ਵਿੱਚ ਆਪਣਾ ਸਥਾਨ ਆਪਣੀ ਹਿੰਮਤ, ਦਲੇਰੀ ਅਤੇ ਹਲੀਮੀ ਨਾਲ ਬਣਾਇਆ। ਖੇਤੀਬਾੜੀ ਕਰਨ ਵਾਲੇ ਇੱਕ ਆਮ ਪਰਿਵਾਰ ਵਿੱਚੋਂ ਉੱਠ ਕੇ ਉਨ੍ਹਾਂ ਨੇ ਭਾਰਤ ਦੀ ਸਿਆਸਤ ਵਿੱਚ ਆਪਣਾ ਵਿਲੱਖਣ ਸਥਾਨ ਬਣਾਇਆ ਸੀ। ਉਹ ਪਹਿਲੀ ਵਾਰ ਆਪਣੇ ਦਮ ਨਾਲ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਸਫਲ ਹੋਏ ਹਾਲਾਂਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਸਰਗਰਮ ਵਰਕਰ, ਬਲਾਕ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਸੰਗਰੂਰ ਦੇ ਮੈਂਬਰ ਵੀ ਰਹੇ ਸਨ। ਉਨ੍ਹਾਂ ਆਪਣੀ ਕਾਰਗੁਜ਼ਾਰੀ ਤੇ ਕਾਬਲੀਅਤ ਦਾ ਸਬੂਤ ਦੇਣ ਲਈ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਚੋਣ ਲੜਨ ਦਾ ਫ਼ੈਸਲਾ ਕੀਤਾ ਅਤੇ ਚੋਣ ਜਿੱਤ ਕੇ 1972 ਵਿੱਚ ਵਿਧਾਇਕ ਬਣ ਗਏ। ਸ਼੍ਰੋਮਣੀ ਅਕਾਲੀ ਦਲ ਸਰਕਾਰ ਨਾ ਬਣਾ ਸਕਿਆ। ਚੋਣ ਜਿੱਤਣ ਤੋਂ ਬਾਅਦ ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਪੰਜਾਬ ਵਿਧਾਨ ਸਭਾ ਲਈ 1977, 1980 ਅਤੇ 1985 ਵਿੱਚ ਵੀ ਚੋਣਾਂ ਲੜੀਆਂ ਅਤੇ ਜੇਤੂ ਰਹੇ। ਪਾਰਟੀ ਪ੍ਰਤੀ ਵਫ਼ਾਦਾਰੀ ਅਤੇ ਦਿਆਨਤਦਾਰੀ ਨਾਲ ਕੰਮ ਕਰਨ ਕਰ ਕੇ ਉਨ੍ਹਾਂ ਨੂੰ 1973 ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਜਨਰਲ ਸਕੱਤਰ ਬਣਾ ਦਿੱਤਾ ਗਿਆ ਕਿਉਂਕਿ ਉਹ ਸ. ਪ੍ਰਕਾਸ਼ ਸਿੰਘ ਬਾਦਲ ਦੀ ਸੱਜੀ ਬਾਂਹ ਬਣ ਕੇ ਹਮੇਸ਼ਾ ਦੁੱਖ ਸੁੱਖ ਦੇ ਸਾਥੀ ਰਹੇ ਹਨ। ਉਹ 1977 ਤੋਂ 1980 ਤੱਕ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵਿੱਚ ਖੇਡਾਂ, ਸੱਭਿਆਚਾਰਕ ਮਾਮਲੇ, ਸ਼ਹਿਰੀ ਹਵਾਬਾਜ਼ੀ ਅਤੇ ਟਰਾਂਸਪੋਰਟ ਵਿਭਾਗਾਂ ਦੇ ਮੰਤਰੀ ਰਹੇ। ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਵਿੱਚ ਸੰਤ ਹਰਚੰਦ ਸਿੰਘ ਲੌਂਗੋਵਾਲ ਅਤੇ ਸੁਰਜੀਤ ਸਿੰਘ ਬਰਨਾਲਾ ਵਰਗੇ ਨੇਤਾਵਾਂ ਦੇ ਜ਼ਿਲ੍ਹੇ ਵਿੱਚ ਸਥਾਪਤ ਹੋਣਾ ਬਹੁਤ ਮੁਸ਼ਕਲ ਸੀ ਪਰ ਸੁਖਦੇਵ ਸਿੰਘ ਢੀਂਡਸਾ ਨੇ ਹੌਸਲਾ ਨਹੀਂ ਹਾਰਿਆ। ਉਹ ਚੁੱਪ-ਚੁਪੀਤੇ ਲੋਕਾਂ ਵਿੱਚ ਵਿਚਰਦੇ ਹੋਏ ਲੋਕ ਭਲਾਈ ਦੇ ਕੰਮ ਕਰਦੇ ਰਹੇ। ਸੁਖਦੇਵ ਸਿੰਘ ਢੀਂਡਸਾ ਨਿਮਰਤਾ ਨਾਲ ਸਮਾਜਿਕ ਤੇ ਸਿਆਸੀ ਦਾਇਰੇ ਵਿੱਚ ਆਪਣਾ ਯੋਗਦਾਨ ਪਾਉਂਦੇ ਰਹੇ। ਅਕਾਲੀ ਦਲ ਦੀ ਸਿਆਸਤ ਵਿੱਚ ਕਈ ਵਾਰ ਉਤਰਾਅ ਚੜ੍ਹਾਅ ਆਏ, ਜਿਸ ਕਰਕੇ ਫਿਰ ਉਨ੍ਹਾਂ ਨੂੰ 1997 ਵਿੱਚ ਪੰਜਾਬ ਰਾਜ ਬਿਜਲੀ ਬੋਰਡ ਦਾ ਚੇਅਰਮੈਨ ਲਗਾਇਆ ਗਿਆ, ਜਿਸ ਅਹੁਦੇ ’ਤੇ ਉਹ 1998 ਤੱਕ ਰਹੇ। 1998 ਵਿੱਚ ਹੀ ਉਹ ਪੰਜਾਬ ਤੋਂ ਰਾਜ ਸਭਾ ਲਈ ਚੁਣੇ ਗਏ। ਉਹ 1999 ਤੋਂ 2004 ਤੱਕ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ’ਚ ਯੁਵਕ ਮਾਮਲੇ, ਖੇਡਾਂ ਅਤੇ ਖਾਦ ਤੇ ਰਸਾਇਣ ਵਿਭਾਗਾਂ ਦੇ ਕੇਂਦਰੀ ਮੰਤਰੀ ਰਹੇ। ਸ਼੍ਰੋਮਣੀ ਅਕਾਲੀ ਦਲ ਪੰਥਕ ਵਿਚਾਰਧਾਰਾ ਵਾਲੀ ਪਾਰਟੀ ਹੈ, ਅਜਿਹੀ ਪਾਰਟੀ ਵਿੱਚ ਧਰਮ ਨਿਰਪੱਖ ਰਹਿਣਾ ਅਤੇ ਪਾਰਟੀ ਦੀ ਸਿਖਰਲੀ ਪੌੜੀ ਦੇ ਨਜ਼ਦੀਕ ਪਹੁੰਚਣਾ ਖਾਲਾ ਜੀ ਦਾ ਵਾੜਾ ਨਹੀਂ ਪਰ ਸੁਖਦੇਵ ਸਿੰਘ ਢੀਂਡਸਾ ਦੀ ਹਲੀਮੀ ਅਤੇ ‘ਸਭੇ ਸਾਂਝੀਵਾਲ ਸਦਾਇਨ’ ਵਿੱਚ ਵਿਸ਼ਵਾਸ ਰੱਖਣ ਦੀ ਪ੍ਰਵਿਰਤੀ ਨੇ ਪਾਰਟੀ ਦੇ ਸਕੱਤਰ ਜਨਰਲ ਦੇ ਅਹੁਦੇ ’ਤੇ ਪਹੁੰਚਾਇਆ। ਇਹ ਅਹੁਦਾ ਵੀ ਸੁਖਦੇਵ ਸਿੰਘ ਢੀਂਡਸਾ ਲਈ ਵਿਸ਼ੇਸ਼ ਤੌਰ ’ਤੇ ਬਣਾਇਆ ਗਿਆ ਸੀ। ਅਹੁਦੇ ਪ੍ਰਾਪਤ ਕਰਨੇ ਔਖੇ ਨਹੀਂ ਹੁੰਦੇ ਪਰ ਇਨ੍ਹਾਂ ਅਹੁਦਿਆਂ ਦੀ ਸ਼ਾਲੀਨਤਾ ਨੂੰ ਬਣਾਈ ਰੱਖਣਾ ਔਖਾ ਹੁੰਦਾ ਹੈ। ਉਨ੍ਹਾਂ ਇਸ ਅਹੁਦੇ ਦੀ ਮਾਨਤਾ ਵਧਾਈ। ਸਿਆਸਤ ਵਿੱਚ ਵਾਦ ਵਿਵਾਦ ਸਿਆਸਤਦਾਨਾਂ ਦਾ ਖਹਿੜਾ ਨਹੀਂ ਛੱਡਦੇ ਪਰ ਸੁਖਦੇਵ ਸਿੰਘ ਢੀਂਡਸਾ ਆਪਣੇ 65 ਸਾਲ ਲੰਮੇ ਸਿਆਸੀ ਜੀਵਨ ਵਿੱਚ ਕਿਸੇ ਵਾਦ ਵਿਵਾਦ ਵਿੱਚ ਨਹੀਂ ਉਲਝੇ। ਉਨ੍ਹਾਂ ਦੀ ਵਿਲੱਖਣਤਾ ਇਹ ਹੈ ਕਿ ਲੰਮੇ ਸਿਆਸੀ ਜੀਵਨ ਵਿੱਚ ਜਦੋਂਕਿ ਉਹ ਪੰਜਾਬ ਅਤੇ ਕੇਂਦਰ ਸਰਕਾਰ ਵਿੱਚ ਵੀ ਮੰਤਰੀ ਅਤੇ ਮਹੱਤਵਪੂਰਨ ਖੇਡ ਸੰਸਥਾਵਾਂ ਦੇ ਮੁਖੀ ਰਹੇ, ਉਨ੍ਹਾਂ ਆਪਣੀ ਸਿਆਸੀ ਚਿੱਟੀ ਚਾਦਰ ਨੂੰ ਕੋਈ ਦਾਗ਼ ਨਹੀਂ ਲੱਗਣ ਦਿੱਤਾ। ਉਨ੍ਹਾਂ ਨੇ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਦੀ ਯਾਤਰਾ ਕੀਤੀ। ਉਨ੍ਹਾਂ ਨੂੰ ਖੇਡਾਂ ਵਿੱਚ ਵਿਸ਼ੇਸ਼ ਦਿਲਚਸਪੀ ਸੀ ਅਤੇ ਉਹ ਪੰਜਾਬ ਓਲੰਪਿਕ ਐਸੋਸੀਏਸ਼ਨ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਖੇਡ ਸੰਸਥਾਵਾਂ ਦੇ ਪ੍ਰਧਾਨ ਸਨ, ਜਿਨ੍ਹਾਂ ਵਿੱਚ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ, ਓਲੰਪਿਕ ਐਸੋਸੀਏਸ਼ਨ ਅਤੇ ਪੰਜਾਬ ਬਾਕਸਿੰਗ ਤੇ ਰੋਇੰਗ ਐਸੋਸੀਏਸ਼ਨ ਸ਼ਾਮਲ ਸਨ। ਸੁਖਦੇਵ ਸਿੰਘ ਢੀਂਡਸਾ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਰੀਆਂ ਸਿਆਸੀ ਪਾਰਟੀਆਂ ਦੇ ਨੇਤਾ ਉਨ੍ਹਾਂ ਦੇ ਬਹੁਤ ਹਲੀਮ ਹੋਣ ਕਰਕੇ ਸਤਿਕਾਰ ਦਿੰਦੇ ਸਨ। ਕਾਂਗਰਸ ਦੀਆਂ ਸਰਕਾਰਾਂ ਸਮੇਂ ਵੀ ਉਨ੍ਹਾਂ ਨੂੰ ਖੇਡ ਸੰਸਥਾਵਾਂ ਦੇ ਮੁਖੀ ਚੁਣਿਆ ਜਾਂਦਾ ਰਿਹਾ ਹੈ। ਉਨ੍ਹਾਂ ਨੇ ਬਹੁਤ ਸਾਰੇ ਖਿਡਾਰੀਆਂ ਨੂੰ ਸਰਪ੍ਰਸਤੀ ਦਿੱਤੀ ਤੇ ਉਨ੍ਹਾਂ ਖਿਡਾਰੀਆਂ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ। ਅਕਾਲੀ ਦਲ ਦੇ ਸਕੱਤਰ ਜਨਰਲ ਹੁੰਦੇ ਹੋਏ ਉਨ੍ਹਾਂ ਕਈ ਮਹੱਤਵਪੂਰਨ ਫ਼ੈਸਲਿਆਂ ਤੇ ਪਾਰਟੀ ਦੀਆਂ ਮੀਟਿੰਗਾਂ ਵਿੱਚ ਸਰਕਾਰ ਦੀਆਂ ਪੰਥ ਵਿਰੋਧੀ ਨੀਤੀਆਂ ਬਾਰੇ ਕਿੰਤੂ ਪ੍ਰੰਤੂ ਕੀਤਾ। ਬਰਗਾੜੀ ਕਾਂਡ ਅਕਾਲੀ ਦਲ ਦੀ ਸਰਕਾਰ ਸਮੇਂ ਹੋਇਆ ਜਦੋਂ ਇਹ ਸਾਫ਼ ਹੋ ਗਿਆ ਕਿ ਇਸ ਕਾਂਡ ਵਿੱਚ ਸਰਕਾਰ ਦੀ ਅਣਗਹਿਲੀ ਹੋਈ ਹੈ ਅਤੇ ਸਿੱਖ ਸੰਸਥਾਵਾਂ ਦੇ ਵਕਾਰ ਨੂੰ ਸੱਟ ਵੱਜੀ ਹੈ ਤਾਂ ਉਨ੍ਹਾਂ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ। ਅਕਾਲੀ ਦਲ ਨੂੰ ਬਚਾਉਣ ਲਈ ਪਾਰਟੀ ਦੇ ਪ੍ਰਧਾਨ ਦੀ ਕਾਰਗੁਜ਼ਾਰੀ ’ਤੇ ਵੀ ਕਿੰਤੂ ਪ੍ਰੰਤੂ ਕੀਤਾ। ਸੁਖਦੇਵ ਸਿੰਘ ਢੀਂਡਸਾ ਦੇ ਪਾਰਟੀ ਅਹੁਦਿਆਂ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਹੀ ਬਰਗਾੜੀ ਕਾਂਡ ਵਿੱਚ ਉਦੋਂ ਦੀ ਸਰਕਾਰ ਅਤੇ ਪਾਰਟੀ ਦੀ ਅਣਗਹਿਲੀ ਦੇ ਇਲਜ਼ਾਮ ਲਗਾ ਕੇ ਅਕਾਲੀ ਦਲ ਦੇ ਸੀਨੀਅਰ ਮਾਝੇ ਦੇ ਨੇਤਾਵਾਂ ਨੇ ਅਸਤੀਫ਼ੇ ਦਿੱਤੇ ਸਨ, ਜਿਸ ਦੇ ਸਿੱਟੇ ਵਜੋਂ ਅਕਾਲੀ ਦਲ ਦੋਫ਼ਾੜ ਹੋ ਗਿਆ ਹੈ। ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਪਾਰਟੀ ਦੀ ਬਿਹਤਰੀ ਅਤੇ ਹੋਂਦ ਕਾਇਮ ਰੱਖਣ ਲਈ ਆਪਣੇ ਅਹੁਦੇ ਤੋਂ ਲਾਂਭੇ ਹੋਣ ਦਾ ਬਿਆਨ ਦੇ ਕੇ ਇੱਕ ਵਾਰ ਫਿਰ ਅਕਾਲੀ ਦਲ ਵਿੱਚ ਬਗ਼ਾਵਤ ਦਾ ਰਾਹ ਸਾਫ਼ ਕਰ ਦਿੱਤਾ ਸੀ। ਇਸ ਸਮੇਂ ਉਹ ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਦੀ ਸਰਪ੍ਰਸਤੀ ਕਰ ਰਹੇ ਸਨ।
ਸੁਖਦੇਵ ਸਿੰਘ ਢੀਂਡਸਾ ਦਾ ਜਨਮ ਪਟਿਆਲਾ ਰਿਆਸਤ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਉਭਾਵਾਲ ਵਿੱਚ ਇੱਕ ਸਾਧਾਰਨ ਜੱਟ ਸਿੱਖ ਪਰਿਵਾਰ ਵਿੱਚ ਪਿਤਾ ਰਤਨ ਸਿੰਘ ਅਤੇ ਮਾਤਾ ਲਾਭ ਕੌਰ ਦੇ ਘਰ 9 ਅਪਰੈਲ 1936 ਨੂੰ ਹੋਇਆ ਸੀ। ਉਨ੍ਹਾਂ ਨੇ ਮੁੱਢਲੀ ਸਿੱਖਿਆ ਗੁਰੂ ਨਾਨਕ ਹਾਈ ਸਕੂਲ ਸੰੰਗਰੂਰ ਅਤੇ ਬੀ.ਏ ਦੀ ਡਿਗਰੀ ਰਣਬੀਰ ਕਾਲਜ ਸੰਗਰੂਰ ਤੋਂ ਹਾਸਲ ਕੀਤੀ। ਉਹ ਉਭਾਵਾਲ ਪਿੰਡ ਦੇ ਕਾਲਜ ਵਿੱਚ ਦਾਖਲਾ ਲੈਣ ਵਾਲੇ ਪਹਿਲੇ ਵਿਦਿਆਰਥੀ ਸਨ। ਕਾਲਜ ਦੀ ਪੜ੍ਹਾਈ ਦੌਰਾਨ ਹੀ ਉਨ੍ਹਾਂ ਨੇ ਸਿਆਸਤ ਵਿੱਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਤੇ ਉਹ ਕਾਲਜ ਦੀ ਸਟੂਡੈਂਟਸ ਯੂਨੀਅਨ ਦੇ ਵੀ ਪ੍ਰਧਾਨ ਰਹੇ। ਬੀ.ਏ. ਕਰਨ ਤੋਂ ਬਾਅਦ ਥੋੜ੍ਹੀ ਦੇਰ ਲਈ ਰਣਬੀਰ ਕਾਲਜ ਦੀ ਲਾਇਬਰੇਰੀ ਵਿੱਚ ਕੰਮ ਕੀਤਾ। ਸੁਖਦੇਵ ਸਿੰਘ ਢੀਂਡਸਾ ਦਾ ਵਿਆਹ 1962 ਵਿੱਚ ਹਰਜੀਤ ਕੌਰ ਨਾਲ ਹੋਇਆ। ਉਨ੍ਹਾਂ ਦਾ ਇੱਕ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਅਤੇ ਦੋ ਲੜਕੀਆਂ ਹਨ। ਉਨ੍ਹਾਂ ਦਾ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਸੰਗਰੂਰ ਜ਼ਿਲ੍ਹੇ ਦੇ ਲਹਿਰਾਗਾਗਾ ਅਤੇ ਸੁਨਾਮ ਹਲਕੇ ਤੋਂ ਵਿਧਾਇਕ ਰਿਹਾ ਹੈ। ਉਹ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵਿੱਚ ਵਿੱਤ ਮੰਤਰੀ ਵੀ ਰਿਹਾ ਹੈ ਅਤੇ
ਹੁਣ ਅਕਾਲੀ ਦਲ ਦੀ ਸੁਧਾਰ ਲਹਿਰ ਦਾ ਸਰਗਰਮ ਨੇਤਾ ਹੈ। ਉਨ੍ਹਾਂ ਦਾ ਇੱਕ ਜਵਾਈ ਤੇਜਿੰਦਰਪਾਲ ਸਿੰਘ ਸਿੱਧੂ ਆਈ.ਏ.ਐੱਸ.ਅਧਿਕਾਰੀ ਸੇਵਾ ਮੁਕਤ ਹੋਇਆ ਹੈ।
* ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ।
ਸੰਪਰਕ: 94178-13072

Advertisement
Advertisement

Advertisement
Author Image

Ravneet Kaur

View all posts

Advertisement