ਸੁਖਦੇਵ ਢੀਂਡਸਾ ਨੂੰ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀਆਂ
ਗੁਰਦੀਪ ਸਿੰਘ ਲਾਲੀ
ਸੰਗਰੂਰ, 8 ਜੂਨ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦੀ ਅੰਤਿਮ ਅਰਦਾਸ ਮੌਕੇ ਗੁਰਦੁਆਰਾ ਨਾਨਕਿਆਣਾ ਸਾਹਿਬ ਵਿੱਚ ਸ਼ਰਧਾਂਜਲੀ ਸਮਾਗਮ ਹੋਇਆ। ਇਸ ਮੌਕੇ ਰਾਜਸੀ ਪਾਰਟੀਆਂ, ਧਾਰਮਿਕ, ਕਿਸਾਨ, ਮੁਲਾਜ਼ਮ ਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਸਮੇਤ ਆਮ ਲੋਕਾਂ ਨੇ ਆਪਣੇ ਵਿਛੜੇ ਆਗੂ ਨੂੰ ਸ਼ਰਧਾਂਜਲੀ ਭੇਟ ਕੀਤੀ।
ਇਸ ਮੌਕੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਪੰਜਾਬ ਸਰਕਾਰ ਵੱਲੋਂ ‘ਆਪ’ ਦੇ ਸੂਬਾ ਪ੍ਰਧਾਨ ਅਮਨ ਅਰੋੜਾ, ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਸੰਸਦ ਮੈਂਬਰ ਮੀਤ ਹੇਅਰ, ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਮੀਤ ਪ੍ਰਧਾਨ ਅਰਵਿੰਦ ਖੰਨਾ, ਤਰੁਣ ਚੁੱਘ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪ੍ਰਤਾਪ ਸਿੰਘ ਬਾਜਵਾ, ਸਿਮਰਨਜੀਤ ਸਿੰਘ ਮਾਨ, ਇਕਬਾਲ ਸਿੰਘ ਲਾਲਪੁਰਾ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ, ਗਿਆਨੀ ਹਰਪ੍ਰੀਤ ਸਿੰਘ, ਗੋਬਿੰਦ ਸਿੰਘ ਲੌਂਗੋਵਾਲ, ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿਘ ਢਿੱਲੋਂ, ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ, ਮਨਪ੍ਰੀਤ ਸਿੰਘ ਬਾਦਲ, ਵਿਜੈਇੰਦਰ ਸਿੰਗਲਾ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ, ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਸੀਨੀਅਰ ਪੱਤਰਕਾਰ ਬਰਜਿੰਦਰ ਸਿੰਘ ਹਮਦਰਦ, ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ, ਗੁਰਪ੍ਰਤਾਪ ਸਿੰਘ ਵਡਾਲਾ, ਵਿਧਾਇਕਾ ਨਰਿੰਦਰ ਕੌਰ ਭਰਾਜ, ਐਡਵੋਕੇਟ ਐੱਚਐੱਸ ਫੂਲਕਾ, ਮਨਪ੍ਰੀਤ ਸਿੰਘ ਇਆਲੀ, ਸੰਤਾ ਸਿੰਘ ਉਮੈਦਪੁਰੀ, ਇਕਬਾਲ ਸਿੰਘ ਝੂੰਦਾਂ, ਬਲਵਿੰਦਰ ਸਿੰਘ ਭੂੰਦੜ, ਸੁੱਚਾ ਸਿੰਘ ਛੋਟੇਪੁਰ, ਜਗਮੀਤ ਸਿੰਘ ਬਰਾੜ, ਬਲਵੰਤ ਸਿੰਘ ਰਾਮੂਵਾਲੀਆ, ਸੁਰਜੀਤ ਸਿੰੰਘ ਰੱਖੜਾ, ਬੀਬੀ ਜਗੀਰ ਕੌਰ, ਹਰਿਆਣਾ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ, ਵਿਧਾਇਕ ਪਰਗਟ ਸਿੰਘ, ਪ੍ਰਕਾਸ਼ ਚੰਦ ਗਰਗ, ਬਲਦੇਵ ਸਿੰਘ ਮਾਨ, ਗੁਰਬਚਨ ਸਿੰਘ ਬਚੀ, ਡਾ. ਦਲਜੀਤ ਸਿੰਘ ਚੀਮਾ, ਸਿਕੰਦਰ ਸਿੰਘ ਮਲੂਕਾ, ਹੰਸ ਰਾਜ ਹੰਸ, ਮੁਹੰਮਦ ਸਦੀਕ, ਮੁਹੰਮਦ ਮੁਸਤਫਾ ਆਦਿ ਸ਼ਾਮਲ ਹੋਏ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਸਣੇ ਅਨੇਕਾਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਸ੍ਰੀ ਢੀਂਡਸਾ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਦੀ ਦਸਤਾਰਬੰਦੀ ਦੀ ਰਸਮ ਅਦਾ ਕੀਤੀ ਗਈ।
‘ਆਪ ’ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਸ੍ਰੀ ਢੀਂਡਸਾ ਨੇ ਰਾਜਸੀ ਖੇਤਰ ਵਿੱਚ ਆਪਣੀ ਜ਼ਿੰਦਗੀ ਦੇ 60 ਸਾਲਾਂ ਦੌਰਾਨ ਜੋ ਕਮਾਇਆ, ਉਸ ਦਾ ਅੰਦਾਜ਼ਾ ਅੱਜ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਤੋਂ ਲਗਾਇਆ ਜਾ ਸਕਦਾ ਹੈ। ਸਰਪੰਚੀ ਤੋਂ ਲੈ ਕੇ ਕੇਂਦਰੀ ਵਜ਼ੀਰ ਤੱਕ ਪੁੱਜਣਾ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ ਜਿਸ ਕਰਕੇ ਸ੍ਰੀ ਢੀਂਡਸਾ ਦੇ ਜੀਵਨ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ। ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸ੍ਰੀ ਢੀਂਡਸਾ ਨੇ ਹਮੇਸ਼ਾ ਕੌਮ ਅਤੇ ਪੰਜਾਬ ਦੇ ਮੁੱਦਿਆਂ ਨੂੰ ਤਰਜੀਹ ਦਿੱਤੀ। ਉਨ੍ਹਾਂ ਸਾਹਮਣੇ ਬੈਠੀ ਅਕਾਲੀ ਲੀਡਰਸ਼ਿਪ ਤੇ ਪੰਥ ਹਿਤੈਸ਼ੀਆਂ ਨੂੰ ਕਿਹਾ ਕਿ ਆਪਣੇ ਵਖਰੇਵੇਂ ਅਤੇ ਮਤਭੇਦ ਭੁਲਾ ਕੇ ਪੰਥਕ ਪਾਰਟੀ ਦੀ ਮਜ਼ਬੂਤੀ ਲਈ ਇਕਜੁੱਟ ਹੋਵੋ ਅਤੇ ਆਪਣੀ ਵਿਰਾਸਤ ਸੰਭਾਲ ਲਓ। ਕਿਤੇ ਇਹ ਨਾ ਹੋ ਜਾਵੇ ਕਿ ਵਿਰਾਸਤ ਦਾ ਇੰਤਕਾਲ ਕੋਈ ਹੋਰ ਆਪਣੇ ਨਾਮ ਦਰਜ ਕਰਵਾ ਜਾਵੇ। ਉਨ੍ਹਾਂ ਕਿਹਾ ਕਿ ਆਖ਼ਰੀ ਸਮੇਂ ਤੱਕ ਢੀਂਡਸਾ ਦੀ ਇੱਛਾ ਪੰਥਕ ਏਕਤਾ ਦੀ ਰਹੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਸ੍ਰੀ ਢੀਂਡਸਾ ਨੇ ਸਾਰੀ ਜ਼ਿੰਦਗੀ ਲੋਕਾਂ ਦੀ ਸੇਵਾ ਕੀਤੀ। ਉਨ੍ਹਾਂ ਕਿਹਾ ਕਿ ਅਕਾਲ ਚਲਾਣੇ ਤੋਂ ਦੋ ਦਿਨ ਪਹਿਲਾਂ ਹੀ ਉਹ ਸ੍ਰੀ ਢੀਂਡਸਾ ਨੂੰ ਮਿਲੇ ਸੀ ਜਿਨ੍ਹਾਂ ਨੇ ਪੰਥ ਨੂੰ ਇਕੱਠਾ ਕਰਨ ਦੀ ਅਪੀਲ ਕੀਤੀ ਸੀ। ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਢੀਂਡਸਾ ਨਾਲ ਉਨ੍ਹਾਂ ਦੇ ਨਿੱਜੀ ਸਬੰਧ ਸਨ ਅਤੇ ਅੱਗੇ ਵੀ ਪਰਮਿੰਦਰ ਢੀਂਡਸਾ ਨਾਲ ਹਮੇਸ਼ਾ ਰਹਿਣਗੇ। ਭਾਜਪਾ ਆਗੂ ਤਰੁਣ ਚੁੱਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਵੱਲੋਂ ਭੇਜੇ ਸ਼ੋਕ ਸੰਦੇਸ਼ ਦੇ ਹਵਾਲੇ ਨਾਲ ਕਿਹਾ ਕਿ ਢੀਂਡਸਾ ਹਮੇਸ਼ਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਜ਼ਿੰਦਾ ਰੱਖਣ ਲਈ ਯਤਨਸ਼ੀਲ ਰਹੇ ਅਤੇ ਆਪਣਾ ਸਾਰਾ ਜੀਵਨ ਰਾਸ਼ਟਰ ਤੇ ਪੰਜਾਬ ਦੀ ਭਲਾਈ ਲਈ ਸਮਰਪਿਤ ਕੀਤਾ। ਮੰਚ ਸੰਚਾਲਨ ਪ੍ਰੇਮ ਸਿੰਘ ਚੰਦੂਮਾਜਰਾ ਨੇ ਕੀਤਾ। ਆਖ਼ੀਰ ਪਰਮਿੰਦਰ ਸਿੰਘ ਢੀਂਡਸਾ ਨੇ ਭਾਵੁਕ ਹੁੰਦਿਆਂ ਸਾਰਿਆਂ ਦਾ ਧੰਨਵਾਦ ਕੀਤਾ।
ਪਿਤਾ ਦੀ ਅੰਤਿਮ ਅਰਦਾਸ ਮੌਕੇ ਭਾਵੁਕ ਹੋਏ ਪਰਮਿੰਦਰ ਢੀਂਡਸਾ
ਸੰਗਰੂਰ: ਅਕਾਲੀ ਸਿਆਸਤ ਦੀ ਮਹਾਨ ਸ਼ਖ਼ਸੀਅਤ ਸੁਖਦੇਵ ਸਿੰਘ ਢੀਂਡਸਾ ਦੀ ਅੰਤਿਮ ਅਰਦਾਸ ਮੌਕੇ ਜੁੜੇ ਲੋਕਾਂ ਦੇ ਇਕੱਠ ਦਾ ਧੰਨਵਾਦ ਕਰਦਿਆਂ ਪਰਮਿੰਦਰ ਸਿੰਘ ਢੀਂਡਸਾ ਭਾਵੁਕ ਹੋ ਗਏ ਅਤੇ ਆਪਣੇ ਹੰਝੂ ਨਾ ਰੋਕ ਸਕੇ। ਉਨ੍ਹਾਂ ਕਿਹਾ ਕਿ ਭਾਵੇਂ ਪੁੱਤਰ ਲਈ ਇਸ ਤੋਂ ਔਖੀ ਘੜੀ ਨਹੀਂ ਹੋ ਸਕਦੀ ਪਰ ਉਹ ਸਮਝਦਾ ਹੈ ਕਿ ਉਹ ਭਾਗਾਂ ਵਾਲਾ ਹੈ ਕਿ ਉਸ ਨੂੰ ਸੁਖਦੇਵ ਸਿੰਘ ਢੀਂਡਸਾ ਵਰਗਾ ਪਿਤਾ ਮਿਲਿਆ। ਉਨ੍ਹਾਂ ਕਿਹਾ ਕਿ ਉਸ ਵਿੱਚ ਬੱਸ ਇੱਕੋ ਕਾਬਲੀਅਤ ਹੈ ਕਿ ਉਹ ਸੁਖਦੇਵ ਢੀਂਡਸਾ ਦਾ ਪੁੱਤਰ ਹੈ। ਪਰਮਿੰਦਰ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਦੀ ਸੰਤ ਹਰਚੰਦ ਸਿੰਘ ਲੌਂਗੋਵਾਲ ਅਤੇ ਪ੍ਰਕਾਸ਼ ਸਿੰਘ ਬਾਦਲ ਨਾਲ ਬਹੁਤ ਨੇੜਤਾ ਰਹੀ ਹੈ। ਢੀਂਡਸਾ ਨੇ ਸੱਚੇ ਮਨੋਂ ਲੌਂਗੋਵਾਲ ਅਤੇ ਬਾਦਲ ਦਾ ਸਾਥ ਦਿੱਤਾ ਅਤੇ ਕਦੇ ਮਾੜਾ ਨਹੀਂ ਸੋਚਿਆ। ਉਨ੍ਹਾਂ ਕਿਹਾ ਕਿ ਸ੍ਰੀ ਢੀਂਡਸਾ ਦਾ ਸੁਫਨਾ ਸੀ ਕਿ ਅਕਾਲ ਤਖ਼ਤ ਦੀ ਅਗਵਾਈ ਹੇਠ ਅਕਾਲੀ ਦਲ ਤਕੜਾ ਤੇ ਮਜ਼ਬੂਤ ਹੋਵੇ। ਉਨ੍ਹਾਂ ਕਿਹਾ ਕਿ ਉਹ ਆਪਣੇ ਪਿਤਾ ਦਾ ਸੁਫ਼ਨਾ ਸਾਕਾਰ ਕਰਨ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ। ਉਨ੍ਹਾਂ ਆਖ਼ਰ ਵਿੱਚ ਕਿਹਾ ਕਿ ਉਹ ਵਿਸ਼ਵਾਸ ਦਿਵਾਉਂਦਾ ਹੈ ਕਿ ਉਹ ਸੁਖਦੇਵ ਸਿੰਘ ਢੀਂਡਸਾ ਤਾਂ ਨਹੀਂ ਬਣ ਸਕਦਾ ਪਰ ਹਮੇਸ਼ਾ ਯਤਨ ਕਰੇਗਾ ਕਿ ਉਨ੍ਹਾਂ ਦੀ ਕਮੀ ਲੋਕਾਂ ਅਤੇ ਵਰਕਰਾਂ ਨੂੰ ਮਹਿਸੂਸ ਨਾ ਹੋਵੇ।ਮੁੱਖ ਮੰਤਰੀ ਨੇ ਸ਼ੋਕ ਸੰਦੇਸ਼ ਭੇਜਿਆ
ਸੁਖਦੇਵ ਸਿੰਘ ਢੀਂਡਸਾ ਨਮਿਤ ਅੰਤਿਮ ਅਰਦਾਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰਸ਼ਾਸਨ ਰਾਹੀਂ ਸ਼ੋਕ ਸੰਦੇਸ਼ ਭੇਜਿਆ ਗਿਆ। ਪਰਮਿੰਦਰ ਸਿੰਘ ਢੀਂਡਸਾ ਦੇ ਨਾਮ ਭੇਜੇ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਦਾ ਇਸ ਦੁਨੀਆ ਤੋਂ ਰੁਖ਼ਸਤ ਹੋ ਜਾਣਾ, ਜਿੱਥੇ ਢੀਂਡਸਾ ਪਰਿਵਾਰ ਲਈ ਅਸਹਿ ਅਤੇ ਅਕਹਿ ਸਦਮਾ ਹੈ, ਉੱਥੇ ਪੰਜਾਬ ਇਕ ਮਾਣਮੱਤੀ ਸ਼ਖਸੀਅਤ ਤੋਂ ਮਹਿਰੂਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਢੀਂਡਸਾ ਦੇ ਕੇਂਦਰੀ ਖੇਡ ਮੰਤਰੀ ਵਜੋਂ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸੰਦੇਸ਼ ਵਿੱਚ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀਂ ਨਿਵਾਸ ਦੇਣ ਅਤੇ ਦੁੱਖ ਦੀ ਇਸ ਘੜੀ ਵਿੱਚ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਪੀਲ ਕੀਤੀ ਗਈ।