ਸੀਵਰੇਜ ਸਮੱਸਿਆ ਖ਼ਿਲਾਫ਼ ਮੁੱਖ ਮੰਤਰੀ ਤੇ ਵਿਧਾਇਕ ਦਾ ਪੁਤਲਾ ਫੂਕਿਆ
ਜੋਗਿੰਦਰ ਸਿੰਘ ਮਾਨ
ਮਾਨਸਾ, 4 ਫਰਵਰੀ
ਮਾਨਸਾ ’ਚ ਸੀਵਰੇਜ ਸਮੱਸਿਆ ਦੇ ਪੱਕੇ ਹੱਲ ਲਈ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਇਥੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਕ ਵਿੱਚ ਚੱਲ ਰਹੇ ਧਰਨੇ ਦੇ ਅੱਜ 100ਵੇਂ ਦਿਨ ਪੂਰੇ ਹੋ ਗਏ ਹਨ। ਲੋਕਾਂ ਨੇ ਅੱਜ ਰੋਸ ਵਜੋਂ ਪੰਜਾਬ ਦੇ ਮੁੱਖ ਮੰਤਰੀ ਅਤੇ ਹਲਕਾ ਵਿਧਾਇਕ ਦੀ ਅਰਥੀ ਫੂਕ ਕੇ ਰੋਸ ਮੁਜ਼ਾਹਰਾ ਕੀਤਾ। ਧਰਨਾਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਸੁੱਤੀ ਸਰਕਾਰ ਅਤੇ ਪ੍ਰਸ਼ਾਸਨ ਨੂੰ ਜਗਾਉਣ ਲਈ ਅੰਦੋਲਨ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਸੀਪੀਆਈ (ਐੱਮਐੱਲ) ਲਿਬਰੇਸ਼ਨ ਦੇ ਆਗੂ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਸੀਵਰੇਜ ਸਿਸਟਮ ਪੂਰੀ ਤਰ੍ਹਾਂ ਬੇਕਾਬੂ ਹੋ ਚੁੱਕਾ ਹੈ ਪਰ ਪ੍ਰਸ਼ਾਸਨ ਤੇ ਸਰਕਾਰ ਨੇ ਸ਼ਹਿਰ ਦੀ ਭਿਆਨਕ ਤੇ ਵੱਡੀ ਸਮੱਸਿਆ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿਸ ਦੇ ਸਿੱਟੇ ਵਜੋਂ ਸੜਕਾਂ ਅਤੇ ਘਰਾਂ ਤੱਕ ਫੈਲੇ ਗੰਦੇ ਪਾਣੀ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਸੀਵਰੇਜ ਦੇ ਗੰਦੇ ਪਾਣੀ ਕਾਰਨ ਭਿਆਨਕ ਬਿਮਾਰੀਆਂ ਚਿੰਬੜਨ ਦਾ ਡਰ ਹੈ। ਉਨ੍ਹਾਂ ਐਲਾਨ ਕੀਤਾ ਕਿ ਜਿੰਨਾ ਚਿਰ ਸ਼ਹਿਰ ਦੇ ਲੋਕਾਂ ਨੂੰ ਇਸ ਸਮੱਸਿਆ ਤੋਂ ਨਿਜਾਤ ਨਹੀਂ ਮਿਲਦੀ, ਓਨਾ ਚਿਰ ਇਹ ਸੰਘਰਸ਼ ਜਾਰੀ ਰਹੇਗਾ।
ਇਸ ਮੌਕੇ ਕੌਂਸਲਰਾਂ ਰਾਮਪਾਲ ਸਿੰਘ ਬੱਪੀਆਣਾ, ਅੰਮ੍ਰਿਤਪਾਲ ਗੋਗਾ, ਹੰਸਾ ਸਿੰਘ, ਅਜੀਤ ਸਿੰਘ, ਸੰਯੁਕਤ ਕਿਸਾਨ ਮੋਰਚੇ ਦੇ ਰੁਲਦੂ ਸਿੰਘ ਮਾਨਸਾ, ਕ੍ਰਿਸ਼ਨ ਚੌਹਾਨ, ਭਗਵੰਤ ਸਿੰਘ ਸਮਾਓਂ, ਸੰਦੀਪ ਘੰਡ, ਜਗਦੀਸ਼ ਰਾਏ, ਮਨਜੀਤ ਮੀਂਹਾਂ, ਦਲਜੀਤ ਮਾਨਸ਼ਾਹੀਆ, ਜਸਵੰਤ ਸਿੰਘ, ਰਤਨ ਭੋਲਾ ਤੇ ਹਰਜਿੰਦਰ ਮਾਨਸ਼ਾਹੀਆ ਹਾਜ਼ਰ ਸਨ।