ਸੀਵਰੇਜ ਪਾਏ ਜਾਣ ਦਾ ਜਖੇਪਲ ਦੀ ਪੰਚਾਇਤ ਵਲੋਂ ਵਿਰੋਧ
ਹਰਚੰਦ ਸਿੰਘ ਭੁੱਲਰ
ਚੀਮਾ ਮੰਡੀ, 4 ਜੂਨ
ਪੰਜਾਬ ਸੀਵਰੇਜ ਬੋਰਡ ਚੀਮਾ ਤੋਂ ਜਖੇਪਲ ਸੜਕ ਦੇ ਨਾਲ ਨਾਲ ਕਈ ਪਿੰਡਾਂ ਦੇ ਖੇਤਾਂ ਨੂੰ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਸੋਧਿਆ ਹੋਇਆ ਪਾਣੀ ਸਹੀ ਢੰਗ ਨਾਲ ਪਹੁੰਚਾਉਣ ਲਈ ਵੱਲੋਂ ਪੁਰਾਣੀ ਪਾਈਪ ਪੁੱਟ ਕੇ ਪਾਈ ਜਾ ਰਹੀ ਨਵੀਂ ਪਾਈਪਲਾਈਨ ਦਾ ਧਾਲੀਵਾਲ ਜਖੇਪਲ ਦੀ ਪੰਚਾਇਤ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਧਾਲੀਵਾਲ ਜਖੇਪਲ ਦੇ ਸਰਪੰਚ ਮਨਪ੍ਰੀਤ ਸਿੰਘ ਨੇ ਇਸ ਕੰਮ ’ਤੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਇਸ ਪਾਈਪਲਾਈਨ ਨੂੰ ਪਿੰਡ ਤੋਲਾਵਾਲ ਦੇ ਖੇਤਾਂ ਵਾਲੇ ਪਾਸੇ ਹੀ ਪਾਇਆ ਜਾਵੇ ਕਿਉਂਕਿ ਉਨ੍ਹਾਂ ਦਾ ਪਿੰਡ ਉੱਚਾ ਹੋਣ ਕਰਕੇ ਇਹ ਪਾਈਪਲਾਈਨ ਵਿਅਰਥ ਹੋ ਕੇ ਰਹਿ ਗਈ ਹੈ ਜਦੋਂਕਿ ਤੋਲਾਵਾਲ ਵੱਲ ਨਿਵਾਣ ਹੋਣ ਕਾਰਨ ਪਾਣੀ ਅਸਾਨੀ ਨਾਲ ਜਾ ਸਕਦਾ ਹੈ। ਼ਉਨ੍ਹਾਂ ਦੋਸ਼ ਲਾਇਆ ਕਿ ਇਸ ਨਵੀਂ ਪਾਈਪ ਲਾਈਨ ਦੇ ਕੰਮ ਲਟਕਣ ਕਾਰਨ ਹੁਣ ਆਮ ਰਾਹਗੀਰ ਵੀ ਪ੍ਰੇਸ਼ਾਨ ਹੋ ਰਹੇ ਹਨ। ਇਸ ਸਬੰਧੀ ਪੰਜਾਬ ਸੀਵਰੇਜ ਬੋਰਡ ਸੰਗਰੂਰ ਦੇ ਐੱਸਡੀਓ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਬੋਰਡ ਵਲੋਂ ਕੋਈ ਨਵੀਂ ਪਾਈਪਲਾਈਨ ਨਹੀਂ ਪਾਈ ਜਾ ਰਹੀ ਸਗੋਂ ਖਰਾਬ ਹੋ ਚੁੱਕੀ ਪਾਈਪਲਾਈਨ ਨੂੰ ਬਦਲਕੇ ਨਵੀਂ ਪਾਈਪ ਹੀ ਪਾਈ ਜਾ ਰਹੀ ਹੈ।