ਪੱਤਰ ਪ੍ਰੇਰਕਲਹਿਰਾਗਾਗਾ, 9 ਜੂਨਇੱਥੇ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਵਿੱਚ 30 ਮਈ ਤੋਂ ਚੱਲ ਰਿਹਾ 28ਵਾਂ ਬਾਲ ਸ਼ਖ਼ਸੀਅਤ ਉਸਾਰੀ ਕੈਂਪ ‘ਸਿਰਜਣਾ-2025’ ਅਮਿੱਟ ਯਾਦਾਂ ਛੱਡਦਾ ਸੰਪੰਨ ਹੋ ਗਿਆ। ਇਸ ਮੌਕੇ ਬੱਚਿਆਂ ਨੂੰ 16 ਵੱਖ-ਵੱਖ ਕਲਾਵਾਂ ਸਿਖਾਈਆਂ ਗਈਆਂ। ਇਸ ਮੌਕੇ ਨਿਰਦੇਸ਼ਕ ਯਸ਼ ਸੰਗਰੂਰ ਨੇ ਬੱਚਿਆਂ ਨੂੰ ਨਾਟਕ ‘ਅੰਧੇਰ ਨਗਰੀ ਚੌਪਟ ਰਾਜਾ’ ਅਤੇ ‘ਤੋਤਾ’ ਤਿਆਰ ਕਰਵਾਏ। ਚਿੰਤਕ, ਨਾਟਕਕਾਰ ਅਤੇ ਲੇਖਕ ਬਲਰਾਮ ਭਾਅ ਜੀ, ਵਿਕੀਪੀਡੀਆ ਦੇ ਕਾਰਕੁਨ ਚਰਨ ਗਿੱਲ, ਸੰਜੀਵ, ਪ੍ਰੋਫੈਸਰ ਮੇਜਰ ਸਿੰਘ ਚੱਠਾ ਅਤੇ ਡਾ. ਜਗਦੀਸ਼ ਪਾਪੜਾ ਸਮੇਤ ਵੱਖ-ਵੱਖ ਹਸਤੀਆਂ ਨੇ ਬੱਚਿਆਂ ਨਾਲ ਵਿਚਾਰਾਂ ਦੀ ਸਾਂਝ ਪਾਈ। ਡਿਜ਼ਾੲਇਨ ਵਰਕਸ਼ਾਪ ਵਿੱਚ ਬੱਚਿਆਂ ਨੇ ਆਰੀ, ਹਥੌੜੀ ਅਤੇ ਹੋਰ ਔਜ਼ਾਰਾਂ ਦੀ ਵਰਤੋਂ ਕਰਦਿਆਂ ਪੁਰਾਣੇ ਕੰਡਮ ਸਾਮਾਨ ਨੂੰ ਜੋੜ ਕੇ ਕਈ ਨਵੀਂ ਪ੍ਰਕਾਰ ਦੀਆਂ ਵਸਤੂਆਂ ਬਣਾਉਣੀਆਂ ਸਿਖਾਈਆਂ। ਮੈਕੇਨਿਕ ਤਰਸੇਮ ਸਿੰਘ ਦੀ ਦੇਖ-ਰੇਖ ਹੇਠ ਬੱਚਿਆਂ ਨੇ ਪੁਰਾਣੀ ਮਾਰੂਤੀ ਕਾਰ ਨੂੰ ਪੂਰੀ ਤਰ੍ਹਾਂ ਖੋਲ੍ਹਕੇ ਇੰਜਣ, ਗੇਅਰ, ਬਰੇਕ, ਕਲੱਚ ਬਾਰੇ ਤਕਨੀਕੀ ਸਿੱਖਿਆ ਹਾਸਲ ਕੀਤੀ। ਇਸ ਤੋਂ ਇਲਾਵਾ ਬੱਚਿਆਂ ਨੇ ਡਾਂਸ, ਮਿੱਟੀ ਦੇ ਭਾਂਡੇ ਅਤੇ ਖਿਡੌਣੇ ਬਣਾਉਣਾ, ਚਿੱਤਰਕਾਰੀ, ਗੀਤ- ਸੰਗੀਤ, ਮਾਰਸ਼ਲ ਆਰਟ, ਘੋੜ-ਸਵਾਰੀ, ਨਿਸ਼ਾਨੇਬਾਜ਼ੀ, ਗੁੱਡੀਆਂ ਬਣਾਉਣਾ, ਫ਼ੋਟੋਗ੍ਰਾਫੀ ਅਤੇ ਮੰਚ ਸੰਚਾਲਨ ਕਲਾ ਦੇ ਮੁੱਢਲੇ ਸਬਕ ਸਿੱਖੇ। ਚਾਨਣ ਸਿੰਘ ਕੋਟੜਾ ਨੇ ਆਪਣੇ ਚੱਕ ਉੱਪਰ ਮਿੱਟੀ ਦੇ ਭਾਂਡੇ ਬਣਾਉਂਦੇ ਹੋਏ ਇਕਾਗਰ ਚਿੱਤ ਹੋਕੇ ਧਿਆਨ ਲਾਉਣਾ ਸਿਖਾਇਆ। ਰੋਜ਼ਾਨਾ ਸਵੇਰ ਦੀ ਸਭਾ ਦੌਰਾਨ ਯੋਗਾ ਅਤੇ ਪ੍ਰੇਰਨਾਤਮਕ ਵਿਚਾਰਾਂ ਦਾ ਅਭਿਆਸ ਕੀਤਾ ਗਿਆ। ਕੈਂਪ ਦੀਆਂ ਰੋਜ਼ਾਨਾ ਗਤੀਵਿਧੀਆਂ ’ਤੇ ਆਧਾਰਿਤ ਅਖ਼ਬਾਰ ਪ੍ਰਕਾਸ਼ਿਤ ਕੀਤਾ ਗਿਆ। ਸਰਟੀਫਿਕੇਟ ਹਾਸਲ ਕਰਨ ਉਪਰੰਤ ਬੱਚਿਆਂ ਨੇ ਇੱਕ ਦੂਸਰੇ ਨੂੰ ਅਲਵਿਦਾ ਆਖਿਆ। ਇਸ ਮੌਕੇ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ, ਮੈਡਮ ਅਮਨ ਢੀਂਡਸਾ ਅਤੇ ਕੈਂਪ ਕੋ-ਆਰਡੀਨੇਟਰ ਰਜਨੀ ਅਗਰਵਾਲ ਹਾਜ਼ਰ ਸਨ।