ਸੀਟੂ ਨੇ ਬਜਟ ਦੀਆਂ ਕਾਪੀਆਂ ਸਾੜੀਆਂ
ਸੰਤੋਖ ਗਿੱਲ
ਰਾਏਕੋਟ, 3 ਫਰਵਰੀ
ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨਜ਼ (ਸੀਟੂ) ਨੇ ਕੇਂਦਰੀ ਵਿੱਤ ਮੰਤਰੀ ਸੀਤਾਰਮਨ ਵੱਲੋਂ ਪੇਸ਼ ਕੀਤੇ ਬਜਟ ਨੂੰ ਮਜ਼ਦੂਰ, ਕਿਸਾਨ ਅਤੇ ਲੋਕ ਵਿਰੋਧੀ ਅਤੇ ਕਾਰਪੋਰੇਟ ਪੱਖੀ ਦੱਸਿਆ ਹੈ। ਸੀਟੂ ਨਾਲ ਸਬੰਧਤ ਵੱਖ-ਵੱਖ ਯੂਨੀਅਨਾਂ ਦੇ ਸਰਗਰਮ ਕਾਰਕੁਨਾਂ ਨੇ ਪਿੰਡ ਬੁਰਜ ਹਰੀ ਸਿੰਘ ਵਿੱਚ ਕੇਂਦਰੀ ਬਜਟ ਦੀਆਂ ਕਾਪੀਆਂ ਸਾੜੀਆਂ, ਇਸ ਮੌਕੇ ਸੀਟੂ ਦੇ ਸੂਬਾ ਸਕੱਤਰ ਅਤੇ ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਦਲਜੀਤ ਕੁਮਾਰ ਗੋਰਾ ਅਤੇ ਮਨਰੇਗਾ ਮਜ਼ਦੂਰ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਸਾਥੀ ਪ੍ਰਕਾਸ਼ ਸਿੰਘ ਬਰ੍ਹਮੀ ਨੇ ਬਜਟ ਨੂੰ ਕਾਰਪੋਰੇਟ ਪੱਖੀ ਅਤੇ ਮਜ਼ਦੂਰ, ਕਿਸਾਨ, ਦੁਕਾਨਦਾਰ, ਛੋਟੇ ਸਨਅਤਕਾਰਾਂ ਅਤੇ ਕਾਰੋਬਾਰੀਆਂ ਦਾ ਵਿਰੋਧੀ ਦੱਸਿਆ ਹੈ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੀ ਪੂਰਤੀ ਲਈ, ਦੇਸ਼ ਦੇ ਕਰੋੜਾਂ ਮਿਹਨਤਕਸ਼ ਕਿਸਾਨਾਂ, ਮਜ਼ਦੂਰਾਂ, ਮੱਧ ਵਰਗ ਅਤੇ ਛੋਟੇ ਕਾਰੋਬਾਰੀਆਂ ਨੂੰ ਰੋਲ ਕੇ ਰੱਖ ਦਿੱਤਾ ਹੈ। ਮਜ਼ਦੂਰ ਆਗੂਆਂ ਨੇ 12 ਲੱਖ ਰੁਪਏ ਸਾਲਾਨਾ ਆਮਦਨ ਟੈਕਸ ਦੇਣ ਵਾਲਿਆਂ ਨੂੰ ਕੁਝ ਰਾਹਤ ਦੇਣ ਦਾ ਐਲਾਨ ਵੀ ਨਿਰੀ ਡਰਾਮੇਬਾਜ਼ੀ ਹੈ। ਦਿੱਲੀ ਚੋਣਾਂ ਤੋਂ ਬਾਅਦ ਨਵਾਂ ਆਮਦਨ ਟੈਕਸ ਪੇਸ਼ ਕਰਨ ਦਾ ਦਾਅਵਾ ਕੀਤਾ ਹੈ, ਇਸ ਲਈ ਅਸਲ ਤਸਵੀਰ 5 ਫਰਵਰੀ ਤੋਂ ਬਾਅਦ ਹੀ ਸਾਹਮਣੇ ਆਵੇਗੀ। ਆਗੂਆਂ ਨੇ ਕਿਹਾ ਕਿ ਪੈਟਰੋਲ, ਡੀਜ਼ਲ, ਘਰੇਲੂ ਗੈਸ ਦੀਆਂ ਕੀਮਤਾਂ ਵਿੱਚ ਪਹਿਲਾਂ ਹੀ ਅਥਾਹ ਵਾਧਾ ਕਰ ਦਿੱਤਾ ਹੈ, ਜੋ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੈ। ਪ੍ਰਧਾਨ ਦਲਜੀਤ ਕੁਮਾਰ ਗੋਰਾ ਨੇ ਕਿਹਾ ਕਿ ਕੇਂਦਰੀ ਬਜਟ ਵਿੱਚ ਖੇਤੀ ਸੈਕਟਰ ਨੂੰ ਅਣਡਿੱਠ ਕੀਤਾ ਗਿਆ ਹੈ ਅਤੇ ਸਭ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਤੋਂ ਵੀ ਮੋਦੀ ਹਕੂਮਤ ਨੇ ਮੂੰਹ ਮੋੜ ਲਿਆ ਹੈ। ਇਸ ਮੌਕੇ ਸੀਟੂ ਆਗੂ ਰਾਜਜਸਵੰਤ ਸਿੰਘ ਤਲਵੰਡੀ, ਹਰਬੰਸ ਸਿੰਘ, ਬਲਵਿੰਦਰ ਸਿੰਘ, ਚਮਕੌਰ ਸਿੰਘ ਨੂਰਪੁਰਾ, ਰੁਲਦਾ ਸਿੰਘ ਗੋਬਿੰਦਗੜ੍ਹ, ਤੇਜਵੰਤ ਕੌਰ ਤੇ ਨਸੀਬ ਕੌਰ ਵੀ ਮੌਜੂਦ ਸਨ।
ਬਜਟ ਲੋਕ ਵਿਰੋਧੀ ਕਰਾਰ
ਦੋਰਾਹਾ: ਭਾਰਤੀ ਮਾਰਕਸਵਾਦੀ ਕਮਿਊਨਿਸਟ ਪਾਰਟੀ (ਯੂਨਾਈਟਡ) ਦੇ ਮੈਂਬਰਾਂ ਦੀ ਇਕੱਤਰਤਾ ਕੁਲਦੀਪ ਸਿੰਘ ਦੀ ਅਗਵਾਈ ਹੇਠਾਂ ਹੋਈ। ਜਿਸ ਵਿਚ ਕੇਂਦਰੀ ਬਜਟ ਨੂੰ ਚੁਣਾਵੀਂ, ਕਾਰਪੋਰੇਟ ਘਰਾਣਿਆਂ ਪੱਖੀਂ ਅਤੇ ਲੋਕ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਬਜਟ ਦਿੱਲੀ ਵਿਧਾਨ ਸਭਾ ਦੀਆਂ 5 ਫਰਵਰੀ ਨੂੰ ਹੋਣ ਜਾ ਰਹੀਆਂ ਚੋਣਾਂ ਅਤੇ ਬਿਹਾਰ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਤਿਆਰ ਕੀਤਾ ਗਿਆ ਹੈ ਅਤੇ ਬਾਕੀ ਦੇਸ਼ ਨੂੰ ਅਣਡਿੱਠ ਕੀਤਾ ਗਿਆ ਹੈ। ਇਸ ਮੌਕੇ ਪਵਨ ਕੁਮਾਰ ਕੌਸ਼ਲ ਨੇ ਕਿਹਾ ਕਿ ਅਤਿ ਦੀ ਮਹਿੰਗਾਈ ਅੰਦਰ ਮੱਧ ਵਰਗ ਨੂੰ ਆਮਦਨ ਕਰ ਵਿੱਚ ਦਿੱਤੀ ਰਿਆਇਤ ਕੋਈ ਮਾਇਨੇ ਨਹੀਂ ਰੱਖਦੀ ਜਦੋਂਕਿ ਨਿੱਤ ਵਰਤੋਂ ਦੀਆਂ ਅਤੇ ਲੋੜੀਂਦੀਆਂ ਵਸਤਾਂ ’ਤੇ ਜੀਐੱਸਟੀ ਤੇ ਹੋਰ ਟੈਕਸਾਂ ਦੀ ਮਾਰ ਬਰਕਰਾਰ ਹੈ। ਉਨ੍ਹਾਂ ਕਿਹਾ ਕਿ ਇਸ ਬਜਟ ’ਚ ਬੇਰੁਜ਼ਗਾਰੀ, ਮਹਿੰਗਾਈ ਅਤੇ ਗਰੀਬੀ ਦਾ ਕੋਈ ਹੱਲ ਨਹੀਂ ਹੈ। ਇਸੇ ਤਰ੍ਹਾਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਲੋਕਾਂ ਦੀ ਸਿਹਤ ਸੁਧਾਰ ਲਈ ਕੋਈ ਖਾਸ ਕਦਮ ਨਹੀਂ ਚੁੱਕੇ ਗਏ। -ਪੱਤਰ ਪ੍ਰੇਰਕ