ਸੀਟੂ ਕਾਰਕੁਨਾਂ ਨੇ ਸਰਕਾਰ ਦਾ ਪੁਤਲਾ ਫੂਕਿਆ
ਸੰਤੋਖ ਗਿੱਲ
ਗੁਰੂਸਰ ਸੁਧਾਰ
ਦੁਕਾਨਾਂ ਅਤੇ ਵਪਾਰਕ ਸੰਸਥਾਨ ਕਾਨੂੰਨ ਵਿੱਚ ਮਜ਼ਦੂਰ ਵਿਰੋਧੀ ਸੋਧਾਂ ਖ਼ਿਲਾਫ਼ ਸੀਟੂ ਕਾਰਕੁਨਾਂ ਨੇ ਪਿੰਡ ਰਾਜੋਆਣਾ ਵਿੱਚ ਪ੍ਰਦਰਸ਼ਨ ਕਰਦਿਆਂ ਸੂਬਾ ਸਰਕਾਰ ਦਾ ਪੁਤਲਾ ਫੂਕਿਆ। ਸੀਟੂ ਦੇ ਸੂਬਾ ਸਕੱਤਰ ਦਲਜੀਤ ਕੁਮਾਰ ਗੋਰਾ ਅਤੇ ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਪ੍ਰਿਤਪਾਲ ਸਿੰਘ ਬਿੱਟਾ ਨੇ ਕਿਹਾ ਕਿ ਲੰਬੇ ਸੰਘਰਸ਼ਾਂ ਬਾਅਦ ਹਾਸਲ ਕੀਤੇ ਕਾਨੂੰਨੀ ਹੱਕਾਂ ਨੂੰ ਖੋਹ ਲੈਣ ਦਾ ਸੂਬਾ ਸਰਕਾਰ ਦਾ ਫ਼ੈਸਲਾ ਮਜ਼ਦੂਰ ਵਿਰੋਧੀ ਹੈ।
ਉਨ੍ਹਾਂ ਕਿਹਾ ਕਿ ਨਵੀਂਆਂ ਸੋਧਾਂ ਨਾਲ ਮਾਲਕਾਂ ਨੂੰ ਬਿਨਾ ਕੋਈ ਵਾਧੂ ਅਦਾਇਗੀ ਦੇ 8 ਦੀ ਥਾਂ 12 ਘੰਟੇ ਕੰਮ ਲੈਣ ਦਾ ਅਧਿਕਾਰ ਦਿੰਦਾ ਹੈ। ਕਿਸੇ ਸਨਅਤ ਜਾਂ ਅਦਾਰੇ ਵਿੱਚ 20 ਤੋਂ ਘੱਟ ਮਜ਼ਦੂਰ ਹੋਣ 'ਤੇ ਕਾਨੂੰਨੀ ਸਹੂਲਤਾਂ ਦੇ ਦਾਇਰੇ ਵਿੱਚੋਂ ਹੀ ਬਾਹਰ ਕਰ ਦਿੱਤਾ ਗਿਆ ਹੈ ਅਤੇ ਇਸ ਤਰ੍ਹਾਂ ਪ੍ਰਾਵੀਡੈਂਟ ਫ਼ੰਡ ਅਤੇ ਦੁਰਘਟਨਾ ਸੁਰੱਖਿਆ ਤੋਂ ਵੀ ਸਾਫ਼ ਇਨਕਾਰ ਕਰ ਦਿੱਤਾ ਗਿਆ ਹੈ।
ਮਜ਼ਦੂਰ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਵਾਂਗ ਸੂਬੇ ਦੀ ਭਗਵੰਤ ਮਾਨ ਸਰਕਾਰ ਵੀ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਨ ਦੇ ਰਾਹ ਪੈ ਗਈ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਨਾਂ ਹੇਠ ਵੋਟਾਂ ਲੈ ਕੇ ਹੁਣ ਮਾਨ ਸਰਕਾਰ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨਾਲ ਧ੍ਰੋਹ ਕਮਾ ਰਹੀ ਹੈ। ਹੋਰਨਾ ਤੋਂ ਇਲਾਵਾ ਪ੍ਰਕਾਸ਼ ਸਿੰਘ ਬਰ੍ਹਮੀ, ਕਰਮਜੀਤ ਸਿੰਘ, ਕੇਵਲ ਸਿੰਘ ਮੁੱਲਾਂਪੁਰ, ਸੰਤੋਖ ਸਿੰਘ ਹਲਵਾਰਾ, ਗੁਰਪ੍ਰੀਤ ਸਿੰਘ ਟੂਸੇ, ਭਿੰਦਰ ਕੌਰ, ਜਸਮੇਰ ਕੌਰ, ਗੁਰਚਰਨ ਕੌਰ, ਅਮਰਜੀਤ ਕੌਰ ਨੇ ਵੀ ਸੰਬੋਧਨ ਕੀਤਾ।