ਸੀਟੀਯੂ ਨੇ ਡਾ. ਅੰਬੇਡਕਰ ਅਤੇ ਵਿਸਾਖੀ ਦਾ ਦਿਹਾੜਾ ਮਨਾਇਆ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 13 ਅਪਰੈਲ
ਸੀਟੀਯੂ ਪੰਜਾਬ ਵੱਲੋਂ ਅੱਜ ਜਮਾਲਪੁਰ ਵਿੱਖੇ ਵਿਸਾਖੀ ਪੁਰਬ ਅਤੇ ਡਾ: ਬੀਆਰ ਅੰਬੇਦਕਰ ਦੇ ਜਨਮ ਦਿਹਾੜੇ ਸਬੰਧੀ ਇੱਕ ਸਮਾਗਮ ਕੀਤਾ ਗਿਆ ਜਿਸ ਵਿੱਚ ਮਿਹਨਤੀ ਕਾਮਿਆਂ ਸਮੇਤ ਵੱਖ ਵੱਖ ਵਰਗਾਂ ਦੇ ਪ੍ਰਤੀਨਿਧਾਂ ਨੇ ਹਿੱਸਾ ਲਿਆ।
ਸਮਾਗਮ ਦੀ ਪ੍ਰਧਾਨਗੀ ਬਰਲਾਮ ਸਿੰਘ, ਸਰੇਸ਼ ਤਿਵਾੜੀ ਅਤੇ ਅਜੀਤ ਰਾਮ ਵੱਲੋਂ ਕੀਤੀ ਗਈ ਜਦਕਿ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਘਬੀਰ ਸਿੰਘ ਬੈਨੀਪਾਲ ਵਿਸ਼ੇਸ਼ ਤੌਰ ਤੇ ਪੁੱਜੇ। ਸਮਾਗਮ ਦੌਰਾਨ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜਿੱਥੇ ਅੱਜ ਕਿਸਾਨ ਨੂੰ ਪੱਕੀ ਫ਼ਸਲ ਘਰ ਆਉਣ ਦੀ ਖੁਸ਼ੀ ਹੈ, ਉੱਥੇ ਅਪਰੈਲ 1919 ਵਿੱਚ ਵਾਪਰੇ ਜ਼ਲਿਆਂਵਾਲੇ ਬਾਗ ਦੇ ਸ਼ਹੀਦਾਂ ਨੂੰ ਵੀ ਯਾਦ ਕੀਤਾ ਜਾ ਰਿਹਾ ਹੈ। ਉਨ੍ਹਾਂ ਸੰਵਿਧਾਨ ਦੇ ਨਿਰਮਾਤਾ ਡਾ. ਬੀਆਰ ਅੰਬੇਦਕਰ ਨੂੰ ਯਾਦ ਕਰਦਿਆਂ ਕਿਹਾ ਕਿ ਅੱਜ ਉਨ੍ਹਾਂ ਦੀ ਬਦੌਲਤ ਹੀ ਕਿਰਤੀ ਲੋਕਾਂ ਨੂੰ ਪੜ੍ਹਨ ਲਿਖਣ ਅਤੇ ਇਕੱਠੇ ਹੋ ਕੇ ਸੰਘਰਸ਼ ਕਰਨ ਦੀ ਪ੍ਰੇਰਨਾ ਮਿਲੀ ਹੈ।
ਉਨ੍ਹਾਂ ਕਿਹਾ ਕਿ ਅੱਜ ਭਾਰਤੀ ਜਨਤਾ ਪਾਰਟੀ ਇਨ੍ਹਾਂ ਮਹਾਨ ਆਗੂਆਂ ਦੀਆਂ ਕੁਰਬਾਨੀਆਂ ਨੂੰ ਰੋਲ ਕੇ ਨਕਲੀ ਆਜ਼ਾਦੀ ਘੁਲਾਟੀਏ ਪੈਦਾ ਕਰ ਰਹੀ ਹੈ। ਜਿਨਾਂ ਦਾ ਦੇਸ਼ ਦੇ ਲੋਕਾਂ ਵੱਲੋਂ ਡਟਵਾਂ ਵਿਰੋਧ ਕੀਤਾ ਜਾਵੇਗਾ।