ਜਸਬੀਰ ਸਿੰਘ ਚਾਨਾਕਪੂਰਥਲਾ , 7 ਜੂਨਰਾਜ ਸਭਾ ਮੈਂਬਰ ਅਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਕੇਂਦਰੀ ਅਵਾਸ, ਸ਼ਹਿਰੀ ਮਾਮਲਿਆਂ ਬਾਰੇ ਤੇ ਬਿਜਲੀ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਕੀਤੀ। ਚੰਡੀਗੜ੍ਹ ਵਿੱਚ ਹਰਿਆਣਾ ਨਿਵਾਸ ’ਚ ਅੱਧੇ ਘੰਟੇ ਤੋਂ ਵੱਧ ਚੱਲੀ ਮੀਟਿੰਗ ਦੌਰਾਨ ਇਤਿਹਾਸਕ ਨਗਰੀ ਸੁਲਤਾਨਪੁਰ ਲੋਧੀ ਦੇ ਵਿਕਾਸ ਕਾਰਜਾਂ ਬਾਰੇ ਵਿਚਾਰ-ਚਰਚਾ ਕੀਤੀ ਗਈ। ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਰਵਜੋਤ ਸਿੰਘ, ਵਿਭਾਗ ਦੇ ਪ੍ਰਿੰਸੀਪਲ ਸਕੱਤਰ ਤੇਜਬੀਰ ਸਿੰਘ, ਆਈਏਐੱਸ ਦੀਪਤੀ ਉੱਪਲ ਤੇ ਮੀਟਿੰਗ ਦੇ ਪ੍ਰਬੰਧਕ ਡਾ. ਪ੍ਰਭਲੀਨ ਸਿੰਘ ਵੀ ਹਾਜ਼ਰ ਸਨ।ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਸਾਲ 2019 ’ਚ ਸੁਲਤਾਨਪੁਰ ਲੋਧੀ ਨੂੰ ਸਮਾਰਟ ਸਿਟੀ ਐਲਾਨਿਆ ਸੀ। ਦੋ ਸਾਲ 2020 ਤੇ 2021 ਕਰੋਨਾ ਦੀ ਭੇਟ ਚੜ੍ਹ ਗਏ ਜਿਸ ਕਾਰਨ ਇਨ੍ਹਾਂ ਦੋ ਸਾਲਾਂ ’ਚ ਕੋਈ ਕੰਮ ਨਹੀਂ ਹੋ ਸਕਿਆ। ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨੇ ਸਪੱਸ਼ਟ ਕੀਤਾ ਕਿ ਹੁਣ ਇਸ ਸਕੀਮ ਦੀ ਮਿਆਦ 31 ਮਾਰਚ 2025 ਤੱਕ ਸੀ। ਖੱਟਰ ਨੇ ਦੱਸਿਆ ਕਿ ਉਨ੍ਹਾਂ ਹਰਿਆਣੇ ਦੇ ਮੁੱਖ ਮੰਤਰੀ ਹੁੰਦਿਆਂ ਸੁਲਤਾਨਪੁਰ ਲੋਧੀ ਤੇ ਸੀਚੇਵਾਲ ਦਾ ਦੌਰਾ ਕੀਤਾ ਸੀ। ਉਦੋਂ ਉਸ ਦੌਰੇ ਦਾ ਮੰਤਵ ਹਰਿਆਣਾ ਵਿੱਚ ਸੁਰਜੀਤ ਕੀਤੀ ਜਾ ਰਹੀ ਸਰਸਵਤੀ ਨਦੀ ਦੇ ਵਹਾਅ ਨੂੰ ਲਗਾਤਾਰਤਾ ’ਚ ਵਹਿਣ ਦਾ ਤਜਰਬਾ ਹਾਸਲ ਕਰਨਾ ਸੀ। ਉਨ੍ਹਾਂ ਕਿਹਾ ਕਿ ਪਵਿੱਤਰ ਵੇਈਂ ਦੇ ਆਲੇ-ਦੁਆਲੇ ਪੱਥਰ ਲਗਾਉਣ ਦਾ ਜਿਹੜਾ ਕੰਮ ਰਹਿ ਗਿਆ ਹੈ, ਉਸ ਨੂੰ ਕੇਂਦਰ ਦੇ ਹੋਰ ਵਿਭਾਗਾਂ ਦੀਆਂ ਚੱਲ ਰਹੀਆਂ ਸਕੀਮਾਂ ਰਾਹੀਂ ਕਰਨ ਦੇ ਯਤਨ ਕੀਤੇ ਜਾਣਗੇ।