ਸਿੱਧੂ ਮੂਸੇਵਾਲਾ ਦੇ ਨਜ਼ਦੀਕੀ ਦੇ ਘਰ ’ਤੇ ਗੋਲੀਆਂ ਚਲਾਈਆਂ
05:25 AM Feb 04, 2025 IST
Advertisement
ਜੋਗਿੰਦਰ ਸਿੰਘ ਮਾਨ
ਮਾਨਸਾ, 3 ਫਰਵਰੀ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਜ਼ਦੀਕੀ ਦੇ ਘਰ ’ਤੇ ਐਤਵਾਰ ਦੀ ਰਾਤ ਨੂੰ ਗੈਂਗਸਟਰਾਂ ਨੇ ਗੋਲੀਆਂ ਚਲਾ ਦਿੱਤੀਆਂ। ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਰਾਤ ਕਰੀਬ 11 ਵਜੇ ਮੂਸੇਵਾਲਾ ਦੇ ਨਜ਼ਦੀਕੀ ਪਰਗਟ ਸਿੰਘ ਦੇ ਘਰ ਦੇ ਦਰਵਾਜ਼ੇ ’ਤੇ ਗੋਲੀਆਂ ਚਲਾਈਆਂ। ਇਸ ਤੋਂ ਪਹਿਲਾਂ ਵਿਦੇਸ਼ੀ ਨੰਬਰ ਤੋਂ ਆਈ ਇੱਕ ਕਾਲ ਰਾਹੀਂ ਪਰਗਟ ਸਿੰਘ ਤੋਂ ਗੈਂਗਸਟਰਾਂ ਨੇ 30 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ ਅਤੇ ਉਸ ਨੂੰ ਧਮਕਾਇਆ ਸੀ। ਉਸ ਨੇ ਜਦੋਂ ਇਸ ਦਾ ਕੋਈ ਜਵਾਬ ਨਾ ਦਿੱਤਾ ਤਾਂ ਐਤਵਾਰ ਦੀ ਰਾਤ ਸ਼ਹਿਰ ਦੇ ਵਾਰਡ ਨੰਬਰ-2 ਦੀ ਪ੍ਰੋਫੈਸਰ ਕਾਲੋਨੀ ਵਾਸੀ ਪਰਗਟ ਸਿੰਘ ਦੇ ਘਰ ’ਤੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਚਲਾ ਦਿੱਤੀਆਂ।
ਥਾਣਾ ਸਿਟੀ-2 ਮਾਨਸਾ ਦੀ ਪੁਲੀਸ ਨੇ ਦੋ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਜੇ ਤਕ ਗੋਲੀਆਂ ਚਲਾਉਣ ਵਾਲਿਆਂ ਦਾ ਕੋਈ ਵੀ ਸੁਰਾਗ ਨਹੀਂ ਮਿਲਿਆ ਹੈ। ਪਰਗਟ ਸਿੰਘ ਦੇ ਭਰਾ ਬਲਜਿੰਦਰ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਕੁੱਝ ਦਿਨ ਪਹਿਲਾਂ ਵਿਦੇਸ਼ੀ ਨੰਬਰ ਤੋਂ ਵੱਟਸਐਪ ਕਾਲ ਆਈ ਸੀ।
ਉਨ੍ਹਾਂ ਜਦੋਂ ਇਸ ਦਾ ਕੋਈ ਜਵਾਬ ਨਾ ਦਿੱਤਾ ਤਾਂ ਵੱਟਸਐਪ ’ਤੇ ਉਨ੍ਹਾਂ ਤੋਂ 30 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਇਹ ਧਮਕੀ ਵੀ ਦਿੱਤੀ ਗਈ ਸੀ ਕਿ ਜੇ ਫਿਰੌਤੀ ਨਾ ਦਿੱਤੀ ਤਾਂ ਉਹ ਬੁਲੇਟ ਪਰੂਫ ਗੱਡੀ ਦਾ ਇੰਤਜ਼ਾਮ ਕਰ ਲੈਣ। ਸ਼ਿਕਾਇਤਕਰਤਾ ਨੇ ਦੱਸਿਆ ਕਿ ਇਹ ਧਮਕੀ ਮਿਲਣ ਤੋਂ ਬਾਅਦ ਉਨ੍ਹਾਂ ਲੰਘੀ 23 ਜਨਵਰੀ ਨੂੰ ਪੁਲੀਸ ਨੂੰ ਲਿਖਤੀ ਰੂਪ ’ਚ ਸ਼ਿਕਾਇਤ ਦਿੱਤੀ ਸੀ ਪਰ ਪੁਲੀਸ ਨੇ ਇਸ ’ਤੇ ਕੋਈ ਕਾਰਵਾਈ ਨਹੀਂ ਕੀਤੀ।
ਮਾਮਲੇ ਦੀ ਜਾਂਚ ਲਈ ਟੀਮ ਕਾਇਮ: ਡੀਐੱਸਪੀ
ਮਾਨਸਾ ਦੇ ਡੀਐੱਸਪੀ ਬੂਟਾ ਸਿੰਘ ਗਿੱਲ ਨੇ ਦੱਸਿਆ ਕਿ ਥਾਣਾ ਸਿਟੀ-2 ਮਾਨਸਾ ਵੱਲੋਂ ਦੋ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੂੰ ਹਾਲੇ ਤੱਕ ਇਸ ਤਰ੍ਹਾਂ ਦੀ ਕੋਈ ਸੂਚਨਾ ਨਹੀਂ ਹੈ ਕਿ ਇਹ ਵਿਅਕਤੀ ਸਿੱਧੂ ਮੂਸੇਵਾਲਾ ਦਾ ਨਜ਼ਦੀਕੀ ਹੈ ਅਤੇ ਇਸ ਵੱਲੋਂ ਪਹਿਲਾਂ ਵੀ ਕੋਈ ਸ਼ਿਕਾਇਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਪੜਤਾਲ ਕਰਵਾਈ ਜਾ ਰਹੀ ਹੈ। ਇਸ ਸਬੰਧੀ ਇੱਕ ਪੁਲੀਸ ਟੀਮ ਕਾਇਮ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਛੇਤੀ ਹੀ ਇਸ ਮਾਮਲੇ ਦੀ ਪੂਰੀ ਪੜਤਾਲ ਕਰ ਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਮਿਲੇ ਧਮਕੀ ਭਰੇ ਵੱਟਸਐਪ ਮੈਸੇਜ ਦੀ ਵੀ ਪੁਲੀਸ ਵੱਲੋਂ ਜਾਂਚ-ਪੜਤਾਲ ਕੀਤੀ ਜਾਵੇਗੀ।
Advertisement
Advertisement