ਪੱਤਰ ਪ੍ਰੇਰਕਪਟਿਆਲਾ, 9 ਜੂਨਪੰਜਾਬ ਕਾਂਗਰਸ ਦੇ ਆਗੂ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਛੇ ਸਾਲਾਂ ਬਾਅਦ ਕਾਮੇਡੀਅਨ ਕਪਿਲ ਸ਼ਰਮਾ ਨਾਲ ਜੋੜੀ ਬਣਾਉਣ ਜਾ ਰਹੇ ਹਨ। ਉਹ ਕਪਿਲ ਸ਼ਰਮਾ ਦੇ ਨਵੇਂ ਸ਼ੋਅ ‘ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ’ ਵਿੱਚ ਵਾਪਸੀ ਕਰ ਰਹੇ ਹਨ। ਇਸ ਸ਼ੋਅ ਦਾ ਤੀਜਾ ਸੀਜ਼ਨ 21 ਜੂਨ ਨੂੰ ਨੈੱਟਫਲਿਕਸ ’ਤੇ ਪ੍ਰੀਮੀਅਰ ਹੋਵੇਗਾ, ਜਿਸ ਵਿੱਚ ਕਪਿਲ ਸ਼ਰਮਾ ਅਤੇ ਨਵਜੋਤ ਸਿੰਘ ਸਿੱਧੂ ਦੀ ਜੋੜੀ ਇਕੱਠੀ ਨਜ਼ਰ ਆਵੇਗੀ। ਇਸ ਕਰਕੇ ਅੱਜ ਪਟਿਆਲਾ ਵਿਚ ਉਨ੍ਹਾਂ ਦੀ ਯਾਦਵਿੰਦਰਾ ਕਲੋਨੀ ਵਿੱਚ ਸਥਿਤ ਕੋਠੀ ’ਚ ਚਰਚਾ ਛਿੜੀ ਰਹੀ ਤੇ ਪਟਿਆਲਾ ਵਿੱਚ ਸਿੱਧੂ ਦੇ ਸਮਰਥਕਾਂ ਵਿੱਚ ਇਸ ਸਬੰਧੀ ਖ਼ੁਸ਼ੀ ਦੀ ਲਹਿਰ ਹੈ। ਨਵਜੋਤ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਇੱਕ ਵੀਡੀਓ ਸ਼ੇਅਰ ਕਰਕੇ ਸ਼ੋਅ ਵਿੱਚ ਆਪਣੀ ਵਾਪਸੀ ਦੀ ਪੁਸ਼ਟੀ ਕੀਤੀ ਹੈ। ਇਸ ਬਾਰੇ ਪਟਿਆਲਾ ਦੇ ਕਾਂਗਰਸ ਪ੍ਰਧਾਨ ਰਹੇ ਨਰਿੰਦਰ ਲਾਲੀ ਨੇ ਕਿਹਾ ਕਿ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਉਹ ਮੁੜ ਕਪਿਲ ਸ਼ਰਮਾ ਸ਼ੋਅ ਵਿੱਚ ਆ ਰਹੇ ਹਨ।