ਸਿੱਧੂ ਜਿਹੜੀ ਪਾਰਟੀ ’ਚ ਜਾਵੇਗਾ ਸਰਕਾਰ ਉਸੇ ਦੀ ਬਣੇਗੀ: ਬ੍ਰਹਮਪੁਰਾ

ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਆਗੂ। -ਫੋਟੋ: ਸਰਬਜੀਤ ਸਿੰਘ

ਪਾਲ ਸਿੰਘ ਨੌਲੀ
ਜਲੰਧਰ, 28 ਜਨਵਰੀ
ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਨਾਗਰਿਕਤਾ ਸੋਧ ਕਾਨੂੰਨ ਨੂੰ ਦੇਸ਼ ਲਈ ਸਭ ਤੋਂ ਵੱਡਾ ਖਤਰਾ ਦੱਸਦਿਆਂ ਕਿਹਾ ਕਿ ਇਸ ਨੇ ਭਾਰਤ ਦੇ ਸੰਵਿਧਾਨ ਦੀ ਧਰਮ ਨਿਰਪੱਖਤਾ ਦੀ ਮੂਲ ਭਾਵਨਾ ਨੂੰ ਸੱਟ ਮਾਰੀ ਹੈ। ਪਾਰਟੀ ਦੀ ਕੋਰ ਕਮੇਟੀ ਵੱਲੋਂ ਅੱਜ ਕੀਤੀ ਗਈ ਮੀਟਿੰਗ ਦੌਰਾਨ ਜਿਹੜੇ ਸੱਤ ਮਤੇ ਪਾਸ ਕੀਤੇ ਗਏ, ਉਨ੍ਹਾਂ ਵਿਚ ਪਹਿਲਾ ਮਤਾ ਇਸ ਕਾਨੂੰਨ ਦੇ ਵਿਰੋਧ ਵਿਚ ਸੀ। ਸਰਕਟ ਹਾਊਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦਾ ਸਭ ਤੋਂ ਵੱਧ ਹਰਮਨਪਿਆਰਾ ਆਗੂ ਹੈ। ਉਸ ਦੀ ਇਹ ਹਰਮਨਪਿਆਰਤਾ ਏਨੀ ਜ਼ਿਆਦਾ ਹੈ ਕਿ ਉਹ ਜਿਸ ਵੀ ਪਾਰਟੀ ਵੱਲ ਜਾਵੇਗਾ ਸਰਕਾਰ ਉਸ ਦੀ ਹੀ ਬਣੇਗੀ। ਜਦੋਂ ਉਨ੍ਹਾਂ ਨੂੰ ਇਹ ਸਵਾਲ ਕੀਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਪਹਿਲਾਂ ਇਹ ਬਿਆਨਬਾਜ਼ੀ ਵੀ ਕੀਤੀ ਸੀ ਕਿ ਜੇਕਰ ਸਿੱਧੂ ਉਨ੍ਹਾਂ ਦੀ ਪਾਰਟੀ ਵਿਚ ਸ਼ਾਮਲ ਹੁੰਦਾ ਹੈ ਤਾਂ ਉਹ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਹੋਵੇਗਾ, ਤਾਂ ਸ੍ਰੀ ਬ੍ਰਹਮਪੁਰਾ ਨੇ ਕਿਹਾ ਕਿ ਇਹ ਪੁਰਾਣਾ ਬਿਆਨ ਹੈ, ਕਿਉਂਕਿ ਹੁਣ ਦੂਜੀਆਂ ਧਿਰਾਂ ਵੀ ਉਨ੍ਹਾਂ ਦੇ ਨਾਲ ਹਨ ਤੇ ਉਨ੍ਹਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਇਸ ਬਾਰੇ ਕੋਈ ਫੈਸਲਾ ਲਿਆ ਜਾ ਸਕਦਾ ਹੈ। ਜਦੋਂ ਉਨ੍ਹਾਂ ਨੂੰ ਇਹ ਸਵਾਲ ਕੀਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਿੱਲੀ ਦੇ ਸਿੱਖਾਂ ਨੂੰ ਕਿਹੜੀ ਧਿਰ ਨੂੰ ਵੋਟ ਪਾਉਣ ਲਈ ਅਪੀਲ ਕਰੇਗਾ ਤਾਂ ਉਨ੍ਹਾਂ ਇਸ ਦਾ ਜਵਾਬ ਦਿੰਦਿਆਂ ਕਿਹਾ ਕਿ ਇਹ ਬਾਰੇ ਫੈਸਲਾ ਵੀ 2 ਫਰਵਰੀ ਤੋਂ ਬਾਅਦ ਹੋਣ ਵਾਲੀ ਮੀਟਿੰਗ ਵਿਚ ਹੀ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਅਫਗਾਨਿਸਤਾਨ, ਪਾਕਿਸਤਾਨ ਤੇ ਬੰਗਲਾਦੇਸ਼ ਤੋਂ ਆਉਣ ਵਾਲੇ ਜਿਹੜੇ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣ ਲਈ ਕਾਨੂੰਨ ਬਣਾਇਆ ਹੈ, ਉਸ ਵਿਚ ਮੁਸਲਿਮ ਭਾਈਚਾਰੇ ਨੂੰ ਬਾਹਰ ਰੱਖਣ ਨਾਲ ਭਾਜਪਾ ਨੇ ਵੱਡਾ ਗੁਨਾਹ ਕੀਤਾ ਹੈ। ਉਨ੍ਹਾਂ ਮੰਗ ਕੀਤੀ ਕਿ ਮੁਸਲਿਮ ਭਾਈਚਾਰੇ ਦੇ ਸ਼ਰਨਾਰਥੀਆਂ ਨੂੰ ਵੀ ਇਸ ਵਿਚ ਸ਼ਾਮਲ ਕਰਨ ਲਈ ਸੋਧ ਕੀਤੀ ਜਾਵੇ। ਉਨ੍ਹਾਂ ਸੂਬੇ ਦੇ ਲੋਕਾਂ ਨੂੰ ਪੰਜਾਬ ਵਿਚ ਕਾਂਗਰਸ, ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਹਰਾਉਣ ਲਈ ਤੀਜਾ ਫਰੰਟ ਬਣਾਇਆ ਦੀ ਅਪੀਲ ਕੀਤੀ। ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ 2 ਫਰਵਰੀ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਤੇ ਰਵੀਇੰਦਰ ਸਿੰਘ ਨਾਲ ਵੀ ਮੀਟਿੰਗ ਕੀਤੀ ਜਾਵੇਗੀ।
ਇਕ ਹੋਰ ਮਤੇ ਰਾਹੀਂ ਪਾਰਟੀ ਨੇ ਮੰਗ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲਾਂ ਦੇ ਪਰਿਵਾਰ ਤੋਂ ਅਜ਼ਾਦ ਕਰਾਉਣ ਲਈ ਕਮੇਟੀ ਦੀਆਂ ਚੋਣਾਂ ਜਲਦੀ ਕਰਵਾਈਆਂ ਜਾਣ। ਮਤੇ ਵਿਚ ਫੈਸਲਾ ਕੀਤਾ ਗਿਆ ਕਿ ਪਾਰਟੀ ਦੇ ਪ੍ਰਧਾਨ ਦੀ ਅਗਵਾਈ ਹੇਠ ਵਫਦ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲੇਗਾ। ਇਸ ਦੌਰਾਨ ਭਵਿੱਖ ਵਿਚ ਚੋਣਾਂ ਸਮੇਂ ਸਿਰ ਕਰਾਉਣ ਲਈ ਭਾਰਤੀ ਚੋਣ ਕਮਿਸ਼ਨ ਦੀ ਤਰਜ਼ ’ਤੇ ਗੁਰਦੁਆਰਾ ਚੋਣ ਕਮਿਸ਼ਨ ਬਣਾਉਣ ਦੀ ਮੰਗ ਵੀ ਕੀਤੀ ਗਈ।
ਬ੍ਰਹਮਪੁਰਾ ਨੇ ਸਵਾਲ ਕੀਤਾ ਕਿ ਜੇ ਲੋਕ ਸਭਾ, ਵਿਧਾਨ ਸਭਾ, ਪੰਚਾਇਤਾਂ ਤੇ ਨਗਰ ਕੌਂਸਲਾਂ ਦੀਆਂ ਚੋਣਾਂ ਸਮੇਂ ਸਿਰ ਹੋ ਸਕਦੀਆਂ ਹਨ ਤਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਿਉਂ ਨਹੀਂ? ਨੌਂ ਸਾਲ ਤੋਂ ਵੱਧ ਦਾ ਸਮਾਂ ਬੀਤ ਗਿਆ ਹੈ ਪਰ ਅਜੇ ਤੱਕ ਵੀ ਕਮੇਟੀ ਦੀਆਂ ਚੋਣਾਂ ਕਰਾਉਣ ਦੀ ਕੋਈ ਗੱਲ ਨਹੀਂ ਚੱਲ ਰਹੀ।
ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਪੰਜਾਬ ਦੀ ਕੈਪਟਨ ਸਰਕਾਰ ਨੂੰ ਵੀ ਰਗੜੇ ਲਾਏ। ਪਾਸ ਕੀਤੇ ਗਏ ਮਤਿਆਂ ਵਿਚ ਕਿਹਾ ਗਿਆ ਕਿ ਗੰਨੇ ਦਾ ਭਾਅ ਸਹੀ ਨਹੀਂ ਦਿੱਤਾ ਜਾ ਰਿਹਾ ਤੇ ਨਾ ਹੀ ਪੰਜਾਂ ਸਾਲਾਂ ਤੋਂ ਗੰਨੇ ਦਾ ਭਾਅ ਵਧਾਇਆ ਗਿਆ। ਵੇਚੇ ਗਏ ਗੰਨੇ ਦੀ ਅਦਾਇਗੀ ਵੀ ਨਹੀਂ ਕੀਤੀ ਗਈ, ਜਿਹੜੀ 500 ਕਰੋੜ ਦੇ ਕਰੀਬ ਬਣਦੀ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਏ ਦਰਜਨ ਵਰਕਰਾਂ ਨੇ ਅਕਾਲੀ ਦਲ ਟਕਸਾਲੀ ਵਿਚ ਸ਼ਮੂਲੀਅਤ ਕੀਤੀ।