ਸਿੱਖ ਸਿਆਸਤ: ਮੀਰੀ ਪੀਰੀ ਆਹਮੋ-ਸਾਹਮਣੇ
ਸੁੱਚਾ ਸਿੰਘ ਖੱਟੜਾ
ਜੇਕਰ ਪੀਰੀ ਦਾ ਖੇਤਰ ਅਧਿਆਤਮਕਤਾ ਅਤੇ ਮੀਰੀ ਦਾ ਖੇਤਰ ਰਾਜਸੱਤਾ ਹੈ ਤਾਂ ਅਜੋਕੀ ਸਿੱਖ ਸਿਆਸਤ ਵਿੱਚ ਉਪਰੋਕਤ ਦੋਵੇਂ ਟਕਰਾਅ ਵਿੱਚ ਹਨ। ਦੋਵਾਂ ਖੇਤਰਾਂ ਨੂੰ ਵੰਡਣ ਵਾਲੀ ਲਕੀਰ ਬਹੁਤ ਬਾਰੀਕ ਹੈ। ਸਿੱਖ ਫਲਸਫ਼ੇ ਵਿੱਚ ਪੀਰੀ ਗੁਰਬਾਣੀ ਤੋਂ ਸੇਧਿਤ ਵਿਚਾਰਧਾਰਾ ਹੈ। ਅਕਾਲ ਤਖਤ ਦਾ ਜਥੇਦਾਰ ਇਸ ਦਾ ਉਹ ਨੁਮਾਇੰਦਾ ਹੈ ਜਿਹੜਾ ਇਸ ਵਿਚਾਰਧਾਰਾ ਅਤੇ ਪੀਰੀ ਵਿਚਕਾਰ ਸਰਬਉੱਚ ਕੇਂਦਰ ਹੈ ਅਤੇ ਜਿਸ ਦੇ ਹੁਕਮਨਾਮੇ ਨੂੰ ਪੀਰੀ ਦੇ ਹੁਕਮਨਾਮੇ ਵਾਂਗ ਪ੍ਰਵਾਨ ਕੀਤਾ ਜਾਂਦਾ ਰਿਹਾ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮੇਂ ਅਤਿ ਲੋੜੀਂਦੀ ਜੀਵਨ ਜਾਚ ਦੀ ਨੀਂਹ ਰੱਖੀ। ਪੰਜਵੇਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਸਪੱਸ਼ਟ ਹੋ ਗਿਆ ਸੀ ਕਿ ਆਉਣ ਵਾਲਾ ਸਮਾਂ ਸੁਖਾਵਾਂ ਨਹੀਂ ਹੋਵੇਗਾ। ਨਤੀਜੇ ਵਜੋਂ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਆਪਣੇ ਹਥਿਆਰਬੰਦ ਦਸਤਿਆਂ ਦੀ ਅਗਵਾਈ ਕਰਦਿਆਂ ਚਾਰ ਵਾਰ ਮੁਗ਼ਲਾਂ ਨਾਲ ਆਹਮੋ-ਸਾਹਮਣੇ ਹੋਣਾ ਪਿਆ ਅਤੇ ਗਵਾਲੀਅਰ ਦੇ ਕਿਲ੍ਹੇ ਵਿੱਚ ਨਜ਼ਰਬੰਦੀ ਵੀ ਕੱਟਣੀ ਪਈ। ਇਨ੍ਹਾਂ ਹਾਲਾਤ ਵਿੱਚ ਉਨ੍ਹਾਂ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਦਾ ਪਹਿਨਣ ਅਤੇ ਅਕਾਲ ਤਖਤ ਦੀ ਸਥਾਪਨਾ ਰਾਹੀਂ ਸਿੱਖ ਸੰਗਤ ਦੀ ਜੀਵਨ ਜਾਚ ਵਿੱਚ ਇੱਕ ਨਵਾਂ ਅਧਿਆਇ ਜੋੜ ਦਿੱਤਾ। ਉਨ੍ਹਾਂ ਦੇ ਸਮੇਂ ਵੀ ਮੀਰੀ ਪੀਰੀ ਦਾ ਟਕਰਾਅ ਹੀ ਸੀ ਪਰ ਇਹ ਟਕਰਾਅ ਮੁਗ਼ਲਾਂ ਦੀ ਮੀਰੀ ਨਾਲ ਸੀ, ਜੋ ਅੱਤਿਆਚਾਰ ਦਾ ਰੂਪ ਲੈ ਰਹੀ ਸੀ। ਸਮਾਂ ਇਕਸਾਰ ਨਹੀਂ ਰਹਿੰਦਾ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਖਾਲਸਾ ਸਾਜਿਆ। ਇਸ ਪੜਾਅ ਤੱਕ ਸਿੱਖ ਧਰਮ ਵਿੱਚ ਮੀਰੀ ਰੱਖਿਆਤਮਕ ਹੀ ਸੀ। ਗੁਰੂ ਸਾਹਿਬ ਤੋਂ ਬਾਅਦ ਇਸ ਖਿੱਤੇ ਦੇ ਸਿਆਸੀ ਮਾਹੌਲ ਵਿੱਚ ਮੁਗ਼ਲ ਸਾਮਰਾਜ ਦੇ ਕਮਜ਼ੋਰ ਹੋਣ ਅਤੇ ਬਾਹਰੀ ਹਮਲਿਆਂ ਦੇ ਸਿੱਟੇ ਵਜੋਂ ਪੈਦਾ ਹੋਈ ਅਸਥਿਰਤਾ ਕਾਰਨ ਸਿੱਖ ਸੰਗਤ ਅਤੇ ਪੰਥ ਦੇ ਜ਼ਿੰਮੇ ਆ ਪਈ ਭੂਮਿਕਾ ਨਿਭਾਉਂਦਿਆਂ ਅਤੇ ਵਿਚਰਦਿਆਂ ਸਿੱਖਾਂ ਦੀ ਲੀਡਰਸ਼ਿਪ ਨੇ ਸਥਾਨਕ ਰੂਪ ਭਾਵੇਂ ਲੈ ਲਏ, ਪਰ ਆਪਸੀ ਮਤਭੇਦ ਵੀ ਉੱਭਰਨ ਲੱਗੇ। ਇਹ ਆਪਸੀ ਮਤਭੇਦ ਮੀਰੀ ਦੇ ਖੇਤਰ ਵਿੱਚ ਸਨ। ਪੀਰੀ ਦੇ ਖੇਤਰ ਵਿੱਚ ਮਤਭੇਦ ਨਹੀਂ ਸਨ ਕਿਉਂਕਿ ਛੋਟੇ ਛੋਟੇ ਖਿੱਤਿਆਂ ਦੀ ਪ੍ਰਸ਼ਾਸਨਿਕ ਜ਼ਿੰਮੇਵਾਰੀ ਇਨ੍ਹਾਂ ਸਥਾਨਕ ਲੀਡਰਾਂ ਨੂੰ ਮਿਲਣੀ ਸ਼ੁਰੂ ਹੋ ਗਈ ਸੀ। ਆਪਸੀ ਮੱਤਭੇਦ ਮਿਟਾਉਣ ਲਈ ਲੋੜੀਂਦਾ ਕੇਂਦਰ ਸ੍ਰੀ ਅਕਾਲ ਤਖਤ ਦੇ ਰੂਪ ਵਿੱਚ ਪਹਿਲਾਂ ਹੀ ਮੌਜੂਦ ਸੀ। ਪੀਰੀ ਭਾਵ ਅਕਾਲ ਤਖਤ ਉੱਤੇ ਆ ਕੇ ਸਿੱਖ ਲੀਡਰਸ਼ਿਪ ਦੇ ਆਪਸੀ ਮਤਭੇਦ ਨਿੱਬੜ ਜਾਂਦੇ ਸਨ। ਇਹ ਘਟਨਾ ‘ਮੀਰੀ ਨੂੰ ਪੀਰੀ ਦੇ ਸੁਨੇਹੇ ਅਨੁਸਾਰ ਚੱਲਣਾ ਪਵੇਗਾ’ ਦੇ ਸਿਧਾਂਤ ਉੱਤੇ ਮੋਹਰ ਹੀ ਸਮਝੀ ਜਾਣੀ ਚਾਹੀਦੀ ਹੈ, ਜਦੋਂ ਮਹਾਰਾਜਾ ਰਣਜੀਤ ਸਿੰਘ ਕੋੜਿਆਂ ਦੀ ਸਜ਼ਾ ਲੈਣ ਲਈ ਸ੍ਰੀ ਅਕਾਲ ਤਖਤ ਦੇ ਸਨਮੁੱਖ ਪੇਸ਼ ਹੋ ਗਿਆ। ਇਸ ਤਰ੍ਹਾਂ ਮੀਰੀ ਨੇ ਪੀਰੀ ਦੀ ਅਗਵਾਈ ਅੱਗੇ ਝੁਕਣਾ ਹੀ ਸੀ।
ਮਤਭੇਦ ਹੋ ਸਕਦੇ ਹਨ ਪਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪ੍ਰਬੰਧ ਉਸ ਸਮੇਂ ਦੇ ਰਾਜਿਆਂ ਵਿੱਚੋਂ ਆਲਮੀ ਪੱਧਰ ਉੱਤੇ ਸਰਬੋਤਮ ਮੰਨਿਆ ਜਾਂਦਾ ਹੈ। ਇਸ ਦਾ ਅਰਥ ਹੈ ਕਿ ਮਹਾਰਾਜੇ ਨੇ ਆਪਣੀ ਮੀਰੀ ਨੂੰ ਪੀਰੀ ਭਾਵ ਗੁਰਬਾਣੀ ਦੀ ਸੇਧ ਵਿੱਚ ਚਲਾਇਆ। ਸਪੱਸ਼ਟ ਕਰਨ ਲਈ ਸੰਖੇਪ ਵਿੱਚ ਦੱਸਣਾ ਬਣਦਾ ਹੈ ਕਿ ਸਿੱਖ ਧਰਮ ਵਿੱਚ ਪੀਰੀ ਜਿੱਥੇ ਅਧਿਆਤਮਵਾਦ ਹੈ ਉੱਥੇ ਵਿਅਕਤੀ ਦੇ ਨਿਤਾਪ੍ਰਤੀ ਜੀਵਨ ਜਿਊਣ ਲਈ ਇੱਕ ਸੇਧ ਵੀ ਹੈ। ਪੀਰੀ ਇਸ ਜੀਵਨ ਜਾਚ ਅਨੁਸਾਰ ਪ੍ਰਸ਼ਾਸਨ ਨੂੰ ਚਲਾਉਣ ਲਈ ਮਾਰਗਦਰਸ਼ਨ ਵੀ ਹੈ। ਜੇਕਰ ਪ੍ਰਸ਼ਾਸਨਿਕ ਜ਼ਿੰਮੇਵਾਰੀ ਨਿਭਾਉਂਦਿਆਂ ਪੀਰੀ ਦਾ ਸੁਨੇਹਾ ਤਿਆਗ ਦਿੱਤਾ ਜਾਵੇਗਾ ਤਾਂ ਸਿੱਖ ਜਗਤ ਦੀ ਭਾਵਨਾ ਆਹਤ ਹੋਵੇਗੀ।
ਮੌਜੂਦਾ ਸਮੇਂ ਵਿੱਚ ਇਹੋ ਵਾਪਰ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਸਿੱਖ ਜਗਤ ਵੱਲੋਂ ਚੁਣੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੀ ਕਠਪੁਤਲੀ ਬਣਾਇਆ, ਫਿਰ ਅਕਾਲ ਤਖਤ ਅਤੇ ਬਾਕੀ ਤਖਤ ਸਾਹਿਬਾਨ ਦੇ ਮੁਖੀਆਂ ਨੇ ਅਕਾਲੀ ਦਲ ਸਾਹਮਣੇ ਇੰਨੀ ਅਧੀਨਗੀ ਦਾ ਵਿਖਾਵਾ ਕੀਤਾ ਕਿ ਅਕਾਲ ਤਖਤ ਅਤੇ ਬਾਕੀ ਤਖਤ ਸਾਹਿਬਾਨ ਦੇ ਜਥੇਦਾਰ ਖ਼ੁਦ ਪੀਰੀ ਦੀ ਭੂਮਿਕਾ ਨਿਭਾਉਣ ਤੋਂ ਅਸਮਰੱਥ ਹੋ ਗਏ। ਸਿੱਖ ਜਗਤ ਦੇ ਇੱਕ ਵੱਡੇ ਹਿੱਸੇ ਦੇ ਮਨਾਂ ਵਿੱਚ ਅਕਾਲ ਤਖਤ ਸਾਹਿਬ ਪ੍ਰਤੀ ਅਥਾਹ ਸ਼ਰਧਾ ਅਤੇ ਸਤਿਕਾਰ ਹੈ। ਇਸ ਲਈ ਮੀਰੀ ਭਾਵ ਸੱਤਾਧਾਰੀ ਹੁੰਦਿਆਂ ਅਕਾਲੀ ਦਲ ਇਸ ਸੰਸਥਾ ਦੇ ਅਹੁਦੇਦਾਰਾਂ ਦੀ ਨਿਯੁਕਤੀ ਕਰਨ ਦੇ ਬਾਵਜੂਦ ਇਸ ਨਾਲ ਟਕਰਾਅ ਦਾ ਜੋਖ਼ਮ ਨਹੀਂ ਸੀ ਉਠਾਉਂਦਾ।
ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਸਿੱਖ ਧਰਮ ਤੋਂ ਸੇਧ ਲੈਣ ਦਾ ਦਾਅਵਾ ਕਰਦਾ ਸੀ ਜਿਸ ਦਾ ਹੀਜ-ਪਿਆਜ ਇਸ ਦੇ ਨੇਤਾਵਾਂ ਦੀ ਜੀਵਨ ਸ਼ੈਲੀ ਅਤੇ ਸਰਕਾਰ ਨੂੰ ਚਲਾਉਣ ਦੀਆਂ ਨੀਤੀਆਂ ਨੇ ਫਰੋਲ ਦਿੱਤਾ। ਗੋਲਕ ਭਾਵ ਸਰਕਾਰੀ ਖ਼ਜ਼ਾਨਾ ਅਮੀਰਾਂ ਲਈ ਰਿਆਇਤਾਂ ਦਿੰਦਾ ਰਿਹਾ ਜਦੋਂਕਿ ਸੂਬੇ ਦੀ ਆਬਾਦੀ ਦਾ ਵੱਡਾ ਹਿੱਸਾ ਰੁਜ਼ਗਾਰ ਅਤੇ ਮਿਆਰੀ ਸਿੱਖਿਆ ਤੋਂ ਵਾਂਝਾ ਹੁੰਦਾ ਗਿਆ। ਸਿੱਖ ਧਰਮ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਕਰਨ ਦੀ ਸਖ਼ਤ ਮਨਾਹੀ ਹੈ, ਪਰ ਨਸ਼ਿਆਂ ਦੇ ਫੈਲੇ ਜਾਲ ਨੇ ਸਿੱਖਾਂ ਦੀ ਔਲਾਦ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਰਾਜ ਵਿੱਚ ਅਮਨ ਕਾਨੂੰਨ ਦੀ ਹਾਲਤ ਵਿਗੜਦੀ ਗਈ। ਭ੍ਰਿਸ਼ਟਾਚਾਰ ਦੀ ਜਕੜ ਨਿਰੰਤਰ ਵਧਦੀ ਗਈ। ਇਹ ਅਤਿ ਮਹੱਤਵਪੂਰਨ ਤੱਥ ਹੈ ਕਿ ਵੋਟਾਂ ਲੈਣ ਲਈ ਅਕਾਲੀ ਦਲ ਦੀ ਧਾਰਮਿਕ ਅਪੀਲ ਮੁਕੰਮਲ ਰੂਪ ਵਿੱਚ ਬੇਅਸਰ ਹੋ ਗਈ ਹੈ। ਉੱਧਰ ਪੀਰੀ ਦੀ ਨੁਮਾਇੰਦਗੀ ਕਰਦਾ ਅਕਾਲ ਤਖਤ ਅਤੇ ਬਾਕੀ ਤਖਤਾਂ ਦੇ ਜਥੇਦਾਰਾਂ ਨੇ ਰਾਜਸੱਤਾ ਰਾਹੀਂ ਮੀਰੀ ਦੀ ਨੁਮਾਇੰਦਗੀ ਕਰਦੇ ਅਕਾਲੀ ਦਲ ਨੂੰ ਕਿਸੇ ਵੀ ਮੰਚ ਤੋਂ ਉਪਰੋਕਤ ਗਿਰਾਵਟ ਵੱਲ ਇਸ਼ਾਰਾ ਤੱਕ ਨਾ ਕੀਤਾ; ਹਾਲਾਂਕਿ ਸਿੱਖਾਂ ਦੇ ਵੱਡੇ ਵੱਡੇ ਇਕੱਠਾਂ ਵਿੱਚ ਇਹ ਦੋਵੇਂ ਧਿਰਾਂ ਇੱਕ ਮੰਚ ਤੋਂ ਸੰਗਤਾਂ ਦੇ ਰੂ-ਬ-ਰੂ ਹੁੰਦੀਆਂ ਰਹੀਆਂ। ਇਹ ਸੱਚ ਉਸ ਵੱਡੇ ਸੱਚ ਦਾ ਹਿੱਸਾ ਹੈ ਕਿ ਅਕਾਲ ਤਖਤ ਸਮੇਤ ਬਾਕੀ ਤਖਤ ਸਾਹਿਬਾਨ ਦੇ ਜਥੇਦਾਰ ਅਤੇ ਅਕਾਲੀ ਦਲ ਦੀ ਹੱਥਠੋਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖ਼ੁਦ ਧਾਰਮਿਕ ਮੁਹਾਜ਼ ਉੱਤੇ ਸਿਫਰ ਕਾਰਗੁਜ਼ਾਰੀ ਵਿਖਾ ਰਹੇ ਹਨ। ਸਿੱਖੀ ਦਾ ਪ੍ਰਚਾਰ ਡੇਰਿਆਂ ਅਤੇ ਬਾਬਿਆਂ ਦੇ ਹੱਥਾਂ ਵਿੱਚ ਹੈ। ਇਹ ਲੋਕ ਸਿੱਖ ਜਗਤ ਹੀ ਕਿਉਂ, ਸਾਰੀ ਲੋਕਾਈ ਨੂੰ ਦੱਸਣ ਕਿ ਸਿੱਖ ਸਿਧਾਂਤਾਂ ਦਾ ਕਿਹੜਾ ਪ੍ਰਚਾਰ ਕਰਦੇ ਹਨ? ਸਿੱਖ ਧਰਮ ਦੀ ਰਾਖੀ ਅਤੇ ਸਿੱਖੀ ਦੇ ਪ੍ਰਚਾਰ ਦਾ ਕੰਮ ਗੰਡਾਸੇ, ਬਰਛੇ ਅਤੇ ਤਲਵਾਰਾਂ ਵਾਲਿਆਂ ਹਵਾਲੇ ਕਰ ਰੱਖਿਆ ਜਾਪਦਾ ਹੈ। ਫਿਰ ਜਾਪਣ ਲੱਗਿਆ ਕਿ ਅਕਾਲ ਤਖਤ ਅਤੇ ਬਾਕੀ ਜਥੇਦਾਰ ਸਾਹਿਬਾਨ ਨੇ ਅਕਾਲੀ ਦਲ ਦੀ ਬਿਮਾਰੀ ਉਦੋਂ ਸਹੀ ਬੁੱਝੀ, ਜਦੋਂ ਉਨ੍ਹਾਂ ਸਾਰੇ ਅਕਾਲੀ ਦਲਾਂ ਨੂੰ ਆਪੋ ਆਪਣੇ ਚੁੱਲ੍ਹੇ ਸਮੇਟਣ ਨੂੰ ਕਹਿ ਕੇ ਨਵੀਂ ਲੀਡਰਸ਼ਿਪ ਚੁਣ ਕੇ ਦੇਣ ਦਾ ਐਲਾਨ ਕਰ ਦਿੱਤਾ।
ਯੂਰੋਪ ਦੀ ਰੀਸੇ ਦੁਨੀਆ ਦੇ ਲਗਭਗ ਸਾਰੇ ਦੇਸ਼ਾਂ ਦੀ ਰਾਜਨੀਤੀ ਨੇ ਧਰਮ ਨੂੰ ਉਸ ਦੇ ਖੇਤਰ ਤੱਕ ਸੀਮਤ ਕਰ ਕੇ ਆਪਣੇ ਆਪ ਨੂੰ ਧਰਮ ਦੀ ਦਖਲਅੰਦਾਜ਼ੀ ਤੋਂ ਮੁਕਤ ਕਰਾ ਲਿਆ ਹੈ। ਭਾਰਤ ਵਿੱਚ ਭਾਜਪਾ ਅਤੇ ਅਕਾਲੀ ਦਲ ਧਰਮ ਤੋਂ ਪ੍ਰੇਰਨਾ ਲੈਣ ਦਾ ਦਾਅਵਾ ਕਰਦੀਆਂ ਸਿਆਸੀ ਪਾਰਟੀਆਂ ਹਨ। ਅਕਾਲੀ ਪਾਰਟੀ ਸਿੱਖ ਧਰਮ ਤੋਂ ਪ੍ਰੇਰਨਾ ਲੈਣ ਦਾ ਦਾਅਵਾ ਕਰਦੀ ਹੈ ਜਿਸ ਦੇ ਸਮਾਜਿਕ ਅਤੇ ਆਰਥਿਕ ਨਜ਼ਰੀਏ ਵਿੱਚ ਮਨੁੱਖੀ ਬਰਾਬਰੀ, ਧਾਰਮਿਕ ਸੁਤੰਤਰਤਾ, ਸਹਿਣਸ਼ੀਲਤਾ, ਸੇਵਾ ਅਤੇ ਭਾਈ ਲਾਲੋਆਂ ਨਾਲ ਖੜ੍ਹਨਾ ਅਤੇ ਉਨ੍ਹਾਂ ਦਾ ਪੱਖ ਪੂਰਨਾ ਸ਼ੁਮਾਰ ਹੈ। ਇਸ ਨਜ਼ਰੀਏ ਨੂੰ ਸਮਾਜਵਾਦ ਦੇ ਨੇੜੇ, ਆਧੁਨਿਕ ਅਤੇ ਅਗਾਂਹਵਧੂ ਕਿਹਾ ਜਾ ਸਕਦਾ ਹੈ। ਦੂਜੇ ਪਾਸੇ, ਭਾਜਪਾ ਦੀ ਪ੍ਰੇਰਨਾ ਸ਼ਕਤੀ ਆਰ.ਐੱਸ.ਐੱਸ. ਹੈ, ਜੋ ਹਿੰਦੂ ਧਰਮ ਦੇ ਦੇਵੀ ਦੇਵਤਿਆਂ ਅਤੇ ਅਨੇਕਾਂ ਅਵਤਾਰਾਂ ਤੋਂ ਪ੍ਰੇਰਨਾ ਲੈਣ ਦਾ ਦਾਅਵਾ ਕਰਦੀ ਹੈ। ਅਕਾਲੀ ਦਲ ਨੂੰ ਜਦੋਂ ਵੀ ਰਾਜਸੱਤਾ ਮਿਲੀ ਹੈ, ਇਸ ਨੇ ਆਪਣੇ ਪ੍ਰੇਰਨਾ ਸ੍ਰੋਤ ਸਿੱਖ ਧਰਮ ਦੇ ਆਰਥਿਕ ਅਤੇ ਸਮਾਜਿਕ ਅਸੂਲਾਂ ਨਾਲ ਵਫਾ ਨਹੀਂ ਕੀਤੀ। ਇਹ ਪਾਰਟੀ ਆਪਣੇ ਪ੍ਰੇਰਨਾ ਸ੍ਰੋਤ ਤੋਂ ਸੇਧ ਲੈਂਦੀ ਰਹਿਣ ਦੀ ਥਾਂ ਉਸ ਨਾਲ ਦਗਾ ਕਰਨ ਕਰਕੇ ਹੀ ਰਸਾਤਲ ਵਿੱਚ ਜਾ ਚੁੱਕੀ ਹੈ? ਇਹ ਪਾਰਟੀ ਉਪਰੋਕਤ ਪ੍ਰੇਰਨਾ ਸਰੋਤ ਦੇ ਸਹਾਰੇ ਹਾਲੇ ਲੰਮਾ ਸਮਾਂ ਵਧੀਆ ਚੱਲ ਸਕਦੀ ਸੀ।
ਬੇਹੱਦ ਤੇਜ਼ ਰਫ਼ਤਾਰ ਨਾਲ ਵਾਪਰੇ ਘਟਨਾਕ੍ਰਮ ਨੇ ਸਥਿਤੀ ਨਾਜ਼ੁਕ ਦੌਰ ਵਿੱਚ ਧੱਕ ਦਿੱਤੀ ਹੈ। ਚੰਗਾ ਹੁੰਦਾ ਜੇਕਰ ਅਕਾਲੀ ਪਾਰਟੀ ਦੀ ਮੈਂਬਰਸ਼ਿਪ ਕਰਨ ਵਾਲੀ ਕਮੇਟੀ ਚੋਣ ਕਰਕੇ ਨਵੀਂ ਲੀਡਰਸ਼ਿਪ ਨੂੰ ਸਿੱਖ ਸਿਧਾਂਤਾਂ ਦੀ ਲੋਅ ਵਿੱਚ ਮੀਰੀ ਹਾਸਲ ਕਰਨ ਦਾ ਏਜੰਡਾ ਦੇ ਛੱਡਦੀ। ਹੋਰ ਵੀ ਚੰਗਾ ਹੁੰਦਾ, ਜੇਕਰ ਅਕਾਲ ਤਖਤ ਦੇ ਹੁਕਮ ਦਾ ਪਾਲਣ ਕਰਦਿਆਂ ਅਕਾਲੀ ਦਲ ਅੱਗੇ ਹੋ ਕੇ ਮੈਂਬਰਸ਼ਿਪ ਕਰਵਾਉਂਦਾ ਅਤੇ ਨਵੀਂ ਚੋਣ ਦਾ ਆਦਰ ਕਰਦਾ। ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਬਾਹਰ ਕਰਕੇ ਸਿੱਖ ਸਿਆਸਤ ਨੇ ਨਵੀਂ ਸ਼ੁਰੂਆਤ ਦਾ ਮੌਕਾ ਗੁਆ ਲਿਆ ਹੈ। ਇਹ ਅਕਾਲੀ ਲੀਡਰਸ਼ਿਪ ਦੀ ਵੱਡੀ ਭੁੱਲ ਹੈ। ਸੰਸਾਰ ਭਰ ਦੀ ਸਿੱਖ ਸੰਗਤ ਦੀ ਆਸਥਾ ਅਕਾਲ ਤਖਤ ਪ੍ਰਤੀ ਹੈ। ਸ੍ਰੀ ਅਕਾਲ ਤਖਤ ਦੀ ਆਭਾ ਸੰਸਾਰ ਭਰ ਵਿੱਚ ਸਿੱਖੀ ਦਾ ਸੁਨੇਹਾ ਪਹੁੰਚਾਉਂਦੀ ਹੈ। ਮਰਿਆਦਤ ਸੰਸਥਾਵਾਂ ਦੀ ਸਾਖ ਨੂੰ ਖੋਰਾ ਲਾਉਣਾ ਕਿਸੇ ਵੀ ਸੂਰਤ ਸਹੀ ਨਹੀਂ ਹੋਵੇਗਾ। ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦਾ ਇੱਕੋ ਇੱਕ ਨੁਮਾਇੰਦਾ ਦਲ ਬਣਨ ਦਾ ਮੌਕਾ ਗੁਆਉਂਦਾ ਜਾਪਦਾ ਹੈ।
ਸੰਪਰਕ: 94176-52947