For the best experience, open
https://m.punjabitribuneonline.com
on your mobile browser.
Advertisement

ਸਿੱਖ ਪੰਥ ਦਾ ਚਾਨਣ ਮੁਨਾਰਾ

04:08 AM Mar 19, 2025 IST
ਸਿੱਖ ਪੰਥ ਦਾ ਚਾਨਣ ਮੁਨਾਰਾ
Advertisement

Advertisement

ਗੁਰਚਰਨ ਕੌਰ ਥਿੰਦ

Advertisement
Advertisement

ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੁਨੀਆ ਭਰ ਵਿੱਚ ਸਿੱਖਾਂ ਦੇ ਪ੍ਰਮੁੱਖ ਧਾਰਮਿਕ ਅਸਥਾਨ ਵਜੋਂ ਜਾਣਿਆ ਜਾਂਦਾ ਹੈ ਅਤੇ ਦੇਸ਼ ਵਿਦੇਸ਼ ਤੋਂ ਸਿੱਖ ਹੀ ਨਹੀਂ ਬਲਕਿ ਹੋਰ ਧਰਮਾਂ ਦੇ ਪੈਰੋਕਾਰ ਵੀ ਇੱਸ ਪਵਿੱਤਰ ਅਸਥਾਨ ਦੇ ਦਰਸ਼ਨਾਂ ਲਈ ਆਉਂਦੇ ਹਨ। ਪ੍ਰਤੀ ਦਿਨ ਲੱਖਾਂ ਦੀ ਗਿਣਤੀ ਵਿੱਚ ਸੰਗਤ ਪਰਿਕਰਮਾ ਕਰਦੀ ਇਸ ਚਹੁੰ ਦਰਵਾਜ਼ਿਆਂ ਵਾਲੀ ਜਾਤ-ਪਾਤ ਰਹਿਤ ਅਦਭੁੱਤ ਧਾਰਮਿਕ ਇਮਾਰਤ ਅੰਦਰ ਦਾਖਲ ਹੋਣ ਲਈ ਘੰਟਿਆਂ ਬੱਧੀ ਕਤਾਰਾਂ ਵਿੱਚ ਖੜ੍ਹ ਕੇ ਇੰਤਜ਼ਾਰ ਕਰਦੀ ਹੈ। ਇੱਹ ਤੱਥ ਸੱਚ ਦਰਸਾਉਣ ਜਾਂ ਦੁਹਰਾਉਣ ਦੀ ਕੋਈ ਬਹੁਤੀ ਜ਼ਰੂਰਤ ਨਹੀਂ ਪ੍ਰੰਤੂ ਇਹ ਦੱਸਣ ਦੀ ਲੋੜ ਜ਼ਰੂਰ ਹੈ ਕਿ ਇਸੇ ਧਾਰਮਿਕ ਸ਼ਰਧਾ ਵਾਲੇ ਸਥਾਨ ਦੇ ਐਨ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸ਼ਾਨਾਮੱਤੀ ਇਮਾਰਤ ਅੰਦਰ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ। ਜਿੱਥੇ ਸਾਰੀ ਸੰਗਤ ਜਾਵੇ ਜਾਂ ਨਾ, ਪਰ ਗੁਰੂ ਨਾਮ ਲੇਵਾ ਸਿੱਖ ਜ਼ਰੂਰ ਉੱਥੇ ਜਾ ਨਤਮਸਤਕ ਹੁੰਦੇ ਹਨ ਕਿਉਂਕਿ ਉਹ ਇਸ ਅਸਥਾਨ ਦੀ ਅਹਿਮੀਅਤ ਤੋਂ ਜਾਣੂ ਹੁੰਦੇ ਹਨ।
ਜੇ ਅਹਿਮੀਅਤ ਜਾਣਦੇ ਹਨ ਤਾਂ ਫਿਰ ਇਹ ਵੀ ਪੱਕਾ ਹੈ ਕਿ ਉਹ ਇਸ ਦੇ ਇਤਿਹਾਸ ਤੋਂ ਵੀ ਵਾਕਿਫ਼ ਹੋਣਗੇ, ਪ੍ਰੰਤੂ ਲੱਗਦਾ ਹੈ ਕਿ ਸਮਿਆਂ ਦੀ ਧੂੜ ਅਜਿਹੇ ਥਾਵਾਂ ਦੇ ਇਤਿਹਾਸ ਨੂੰ ਅਜੋਕੇ ਸਮਿਆਂ ਦੀ ਚਕਾਚੌਂਧ ਵਿੱਚ ਇਸ ਤਰ੍ਹਾਂ ਧੁੰਦਲਾ ਦਿੰਦੀ ਹੈ ਕਿ ਬਹੁ-ਗਿਣਤੀ ਲਈ ਇਹ ਮਹਿਜ਼ ਸਾਹਮਣੇ ਪੈਸੇ ਰੱਖ ਕੇ ਮੱਥਾ ਟੇਕਣ ਵਾਲੇ ਸਥਾਨ ਹੀ ਬਣ ਜਾਂਦੇ ਹਨ। ਇਸ ਦੇ ਸਾਹਮਣੇ ਸਿੱਖੀ ਦੀ ਆਨ ਤੇ ਸ਼ਾਨ ਦੇ ਝੂਲਦੇ ਮੀਰੀ ਤੇ ਪੀਰੀ ਦੇ ਦੋ ਨਿਸ਼ਾਨ ਸਾਹਿਬ, ਜਿਨ੍ਹਾਂ ਦੁਆਲੇ ਲੋਕ ਸ਼ਰਧਾਵਸ ਪਰਿਕਰਮਾ ਕਰਦੇ ਹਨ, ਸੰਗਮਰਮਰ ਨੂੰ ਪਲੋਸਦੇ ਮੱਥਾ ਟੇਕਦੇ ਹਨ, ਪਰ ਸ਼ਾਇਦ ਕਦੇ ਸਿਰ ਉੱਪਰ ਕਰ ਕੇ ਇਨ੍ਹਾਂ ਦੀ ਉਚਾਈ ਵੱਲ ਵੇਖਦੇ ਨਹੀਂ ਹੋਣੇ, ਨਹੀਂ ਤਾਂ ਸਭ ਨੂੰ ਜਾਣਨ ਦੀ ਜਗਿਆਸਾ ਹੁੰਦੀ ਕਿ ਇਹ ਦੋ ਨਿਸ਼ਾਨ ਸਾਹਿਬ ਕਿਉਂ? ਤੇ ਇੱਕ, ਦੂਜੇ ਨਾਲੋਂ ਥੋੜ੍ਹਾ ਜਿਹਾ ਛੋਟਾ ਕਿਉਂ?
ਜਦੋਂ ਹੋਸ਼ ਸੰਭਾਲੀ ਅਤੇ ਦਰਬਾਰ ਸਾਹਿਬ ਜਾਣ ਦਾ ਸਬੱਬ ਬਣਦਾ ਤਾਂ ਇਸ ਸਥਾਨ ’ਤੇ ਨਤਮਸਤਕ ਹੋ ਕੇ ਇਸ ਦੇ ਇਤਿਹਾਸ ਨੂੰ ਜਾਣਨ ਦਾ ਉਪਰਾਲਾ ਕੀਤਾ। ਹੌਲੀ ਹੌਲੀ ਸਿੱਖੀ ਦੇ ਭਗਤੀ ਤੇ ਸ਼ਕਤੀ ਦੇ ਪ੍ਰਤੀਕ ਇਨ੍ਹਾਂ ਨਿਸ਼ਾਨ ਸਾਹਿਬਾਨ ਦੀ ਉਚਾਈ ਦੀ ਬੁਲੰਦੀ ਤੇ ਭਗਤੀ ਦਾ ਸ਼ਕਤੀ ਤੋਂ ਉੱਚਾ ਤੇ ਸੁੱਚਾ ਹੋਣਾ ਸਮਝ ਵਿੱਚ ਪੈਣ ਲੱਗ ਪਿਆ। ਹੁਣ ਜਦੋਂ ਵੀ ਪੰਜਾਬ ਜਾਈਦਾ ਹੈ ਤਾਂ ਦਰਬਾਰ ਸਾਹਿਬ ਅੰਮ੍ਰਿਤਸਰ ਜਾਣ ਦੀ ਖਿੱਚ ਪ੍ਰਬਲ ਹੋਣ ਲੱਗਦੀ ਹੈ। ਜੋੜੇ ਉਤਾਰ ਦਰਸ਼ਨੀ ਡਿਉਢੀ ਦੇ ਅੰਦਰ ਪੈਰ ਧਰਦਿਆਂ ਹੀ ਇੱਕ ਪਵਿੱਤਰ ਝੁਣਝੁਣੀ ਪੂਰੇ ਜਿਸਮ ਨੂੰ ਲਰਜ਼ਾ ਦਿੰਦੀ ਹੈ ਅਤੇ ਸਿਰ ਖ਼ੁਦ ਬਖ਼ੁਦ ਉਸ ਇਮਾਰਤ ਅੱਗੇ ਝੁਕ ਜਾਂਦਾ ਹੈ। ਇਸ ਵਾਰ ਜਦੋਂ ਗਏ ਤਾਂ ਕੁਝ ਰੁਝੇਵਿਆਂ ਕਰਕੇ ਅੰਮ੍ਰਿਤਸਰ ਦੇ ਪਾਸਿਓਂ-ਪਾਸਿਓਂ ਲੰਘ ਕੇ ਲਾਹੌਰ ਚਲੇ ਗਏ ਜਿੱਥੇ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਸ਼ਾਮਲ ਹੋਣਾ ਸੀ ਅਤੇ ਵਾਪਸੀ ’ਤੇ ਵੀ ਇੰਜ ਹੀ ਬਾਈਪਾਸ ਰਾਹੀਂ ਆ ਗਏ। ਦਰਬਾਰ ਸਾਹਿਬ ਜਾਣ ਦਾ ਸਬੱਬ ਨਾ ਬਣ ਸਕਿਆ ਤੇ ਫਿਰ ਇਹ ਆਉਣਾ ਕੋਈ ਦੋ ਮਹੀਨੇ ਟਲਦਾ ਹੀ ਰਿਹਾ।
ਖ਼ੈਰ! ਵਾਪਸ ਆਉਣ ਤੋਂ ਦਸ ਕੁ ਦਿਨ ਪਹਿਲਾਂ ਅੰਮ੍ਰਿਤਸਰ ਆਏ ਤਾਂ ਹੋਰ ਕੰਮਾਂ ਤੋਂ ਪਹਿਲਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਗਏ। ਹਮੇਸ਼ਾਂ ਵਰਗਾ ਅਨੁਭਵ ਸੀ। ਪਰਿਕਰਮਾ ਵਿੱਚ ਦਾਖਲ ਹੁੰਦਿਆਂ ਹੀ ਦਰਬਾਰ ਸਾਹਿਬ ਸਾਹਮਣੇ ਕਰੀਬ ਅੱਧਾ ਕਿਲੋਮੀਟਰ ਲੰਮੀਆਂ ਲਾਈਨਾਂ ਵੇਖ ਅੰਦਰ ਜਾਣ ਦਾ ਹੌਸਲਾ ਜਿਹਾ ਨਾ ਪਵੇ। 2023 ਵਿੱਚ ਅਸੀਂ ਦੁਪਹਿਰ ਬਾਅਦ ਦਰਬਾਰ ਸਾਹਿਬ ਗਏ ਸਾਂ ਤਾਂ ਸਾਨੂੰ ਅੰਦਰ ਪਹੁੰਚਣ ਲਈ ਦੋ ਘੰਟੇ ਲੱਗ ਗਏ ਤੇ ਉੱਪਰੋਂ ਭੀੜ ਤੇ ਧੱਕੇ ਐਨੇ ਕਿ ਮਸਾਂ ਹੀ ਮੱਥਾ ਟੇਕ ਕੇ ਬਾਹਰ ਨਿਕਲੇ। ਸੋ ਸਿਹਤ ਨਾਸਾਜ਼ ਹੋਣ ਕਰਕੇ ਅਸੀਂ ਬਾਹਰੋਂ ਹੀ ਨਤਮਸਤਕ ਹੋ ਸ੍ਰੀ ਅਕਾਲ ਤਖ਼ਤ ਸਾਹਿਬ ਅੰਦਰ ਜਾ ਕੇ ਮੱਥਾ ਟੇਕਿਆ। ਅੰਦਰ ਖੜ੍ਹੇ ਹੋ ਕੇ ਦਰਬਾਰ ਸਾਹਿਬ ਦੀ ਇਮਾਰਤ ਅਤੇ ਝੂਲਦੇ ਦੋ ਨਿਸ਼ਾਨ ਸਾਹਿਬ ਦੀ ਅਲੌਕਿਕਤਾ ਦੇ ਦਰਸ਼ਨ ਕੀਤੇ। ਪ੍ਰਸ਼ਾਦ ਲੈ ਪੌੜੀਆਂ ਹੇਠਾਂ ਉਤਰਦਿਆਂ ਹੀ ਇੱਕ ਪਾਸੇ ਢਾਡੀ ਜੱਥੇ ਸਿੱਖਾਂ ਦੀ ਬਹਾਦਰੀ ਦਾ ਵਿਖਿਆਨ ਕਰ ਰਹੇ ਸਨ ਅਤੇ ਸਾਹਮਣੇ ਜੁੜੀ ਸੰਗਤ ਸੁਣ ਰਹੀ ਸੀ। ਥੋੜ੍ਹੀ ਦੂਰ ਗਏ ਤਾਂ ਮਨੋਹਰ ਗੁਰਬਾਣੀ ਕੀਰਤਨ ਦੀ ਬੁਲੰਦ ਆਵਾਜ਼ ਸਪੀਕਰਾਂ ਰਾਹੀਂ ਕੰਨਾਂ ਵਿੱਚ ਰਸ ਘੋਲ ਰਹੀ ਸੀ। ਕੁਝ ਵੀ ਰਲਗੱਡ ਨਹੀਂ ਹੋ ਰਿਹਾ ਸੀ। ਢਾਡੀ ਵਾਰਾਂ ਸੁਣਨ ਵਾਲੇ ਬਹਾਦਰੀ ਦੀਆਂ ਵਾਰਾਂ ਨਾਲ ਨਿਹਾਲ ਹੋ ਰਹੇ ਸਨ ਅਤੇ ਕੀਰਤਨ ਦਾ ਆਨੰਦ ਮਾਣਨ ਵਾਲੇ ਪਰਿਕਰਮਾ ਵਿੱਚ ਹੱਥ ਜੋੜੀਂ ਬੈਠੇ ਸਰਸ਼ਾਰ ਹੋ ਰਹੇ ਸਨ।
ਕਿਹੜਾ ਮਨ ਹੈ ਜਿਹੜਾ ਇਸ ਮਹਾਨ ਅਸਥਾਨ ਦੀ ਇਸ ਵਿਲੱਖਣਤਾ ਤੋਂ ਜਾਣੂ ਨਹੀਂ ਹੋਣਾ ਚਾਹੇਗਾ? ਤੇ ਜਿਹੜਾ ਜਾਣ ਜਾਵੇਗਾ ਉਹ ਫਿਰ ਇਸ ਤੋਂ ਬੇਮੁੱਖ ਕਿਵੇਂ ਹੋ ਜਾਵੇਗਾ? ਇਨ੍ਹਾਂ ਸੁਆਲਾਂ ਦਾ ਜੁਆਬ ਲੱਭਣ ਜਾਂ ਦੇਣ ਤੋਂ ਪਹਿਲਾਂ ਆਓ ਇੱਕ ਵਾਰ ਇਸ ਸਥਾਨ ਦੇ ਇਤਿਹਾਸ ’ਤੇ ਝਾਤੀ ਮਾਰ ਲਈਏ। ਗੁਰੂ ਨਾਨਕ ਦੇਵ ਜੀ ਨੇ ਸਿੱਖੀ ਦਾ ਬੂਟਾ ਲਾਇਆ ਜੋ ਆਪਣੇ ਕ੍ਰਿਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ ਦੇ ਤਿੰਨ ਸਿਧਾਂਤਾਂ ਅਨੁਸਾਰ ਸਰਬ-ਸਾਂਝੀਵਾਲਤਾ ਦਾ ਉਪਦੇਸ਼ ਦਿੰਦਾ ਸੀ। ਅਗਲੇ ਚਾਰ ਗੁਰੂ ਸਾਹਿਬਾਨ ਨੇ ਇਸ ਸਿਧਾਂਤ ’ਤੇ ਚੱਲਦੇ ਇਸ ਬੂਟੇ ਨੂੰ ਸਿੰਜਿਆ ਤੇ ਵੱਡਾ ਕੀਤਾ, ਪਰ ਸਿੱਖੀ ਦਾ ਵਧਦਾ ਫੁੱਲਦਾ ਇਹ ਬੂਟਾ ਬ੍ਰਿਖ ਬਣਦਾ ਵੇਖ ਸਮੇਂ ਦੀ ਮੁਗ਼ਲ ਹਕੂਮਤ ਦੀਆਂ ਅੱਖਾਂ ਵਿੱਚ ਰੜਕਣ ਲੱਗ ਪਿਆ। ਕੁਝ ਉਨ੍ਹਾਂ ਦੀ ਸ਼ਾਹੀ ਤਖ਼ਤ ਦੀ ਲੜਾਈ ਲਈ ਆਪਣੀ ਪਰਿਵਾਰਕ ਖਾਨਾਜੰਗੀ ਤੇ ਕੁਝ ਸਾਡੇ ਆਪਣਿਆਂ ਦੀ ਖਹਿਬਾਜ਼ੀ ਨੇ ਧਾਰਮਿਕ ਤੇ ਰਾਜਸੀ ਹਕੂਮਤ ਦਰਮਿਆਨ ਗਲਤਫ਼ਹਿਮੀਆਂ ਦੀਆਂ ਦੀਵਾਰਾਂ ਖੜ੍ਹੀਆਂ ਕਰ ਦਿੱਤੀਆਂ। ਫਲਸਰੂਪ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਵਿੱਚ ਬਾਦਸ਼ਾਹ ਜਹਾਂਗੀਰ ਦੇ ਹੁਕਮ ਨਾਲ ਅਕਹਿ ਤੇ ਅਸਹਿ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ।
ਦਿੱਲੀ ਵੱਲ ਰਵਾਨਾ ਹੋਣ ਤੋਂ ਪੰਜ ਦਿਨ ਪਹਿਲਾਂ ਗੁਰੂ ਅਰਜਨ ਦੇਵ ਜੀ ਨੇ ਹਕੂਮਤ ਦੀ ਬਦਨੀਅਤ ਨੂੰ ਸਮਝਦੇ ਹੋਏ ਆਪਣੇ ਇਕਲੌਤੇ ਪੁੱਤਰ ਹਰਗੋਬਿੰਦ ਨੂੰ ਗੁਰਗੱਦੀ ਦਾ ਜਾਂ-ਨਸ਼ੀਂ ਥਾਪ ਦਿੱਤਾ ਅਤੇ ਨਾਲ ਹੀ ਉਨ੍ਹਾਂ ਨੂੰ ਆਪਣੇ ਨਾਲ ਹਥਿਆਰਬੰਦ ਰੱਖਿਅਕ ਰੱਖਣ ਦਾ ਮਸ਼ਵਰਾ ਦਿੱਤਾ। ਉਸ ਸਮੇਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਉਮਰ ਕੇਵਲ ਗਿਆਰਾਂ ਸਾਲ ਸੀ ਅਤੇ ਉਨ੍ਹਾਂ ਨੇ ਭਾਈ ਗੁਰਦਾਸ ਜੀ ਤੋਂ ਧਾਰਮਿਕ ਸਿੱਖਿਆ ਅਤੇ ਬਾਬਾ ਬੁੱਢਾ ਜੀ ਤੋਂ ਤਲਵਾਰਬਾਜ਼ੀ ਅਤੇ ਤੀਰਅੰਦਾਜ਼ੀ ਦੀ ਸਿੱਖਿਆ ਪ੍ਰਾਪਤ ਕਰ ਲਈ ਸੀ। ਇਸ ਉਮਰ ਤੱਕ ਉਹ ਕਈ ਭਾਸ਼ਾਵਾਂ, ਧਾਰਮਿਕ ਫਿਲਾਸਫੀ, ਖਗੋਲ ਵਿਗਿਆਨ ਤੇ ਘੋੜ-ਸਵਾਰੀ ਵਿੱਚ ਨਿਪੁੰਨ ਹੋ ਚੁੱਕੇ ਸਨ। ਮਈ 1606 ਵਿੱਚ ਆਪਣੇ ਗੁਰ-ਪਿਤਾ ਦੀ ਸ਼ਹੀਦੀ ਉਪਰੰਤ ਉਨ੍ਹਾਂ ਭਾਈ ਗੁਰਦਾਸ ਅਤੇ ਬਾਬਾ ਬੁੱਢਾ ਜੀ ਨਾਲ ਮਿਲ ਕੇ 15 ਜੂਨ 1606 ਨੂੰ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਨੌਂ ਫੁੱਟ ਉੱਚਾ ਪੱਕਾ ਥੜ੍ਹਾ ਉਸਾਰਿਆ। ਜਦੋਂ 24 ਜੂਨ 1606 ਨੂੰ ਬਾਬਾ ਬੁੱਢਾ ਜੀ ਨੇ ਉਨ੍ਹਾਂ ਨੂੰ ਗੁਰਗੱਦੀ ਦਾ ਤਿਲਕ ਲਗਾਇਆ ਤਾਂ ਗੁਰੂ ਹਰਗੋਬਿੰਦ ਨੇ ਇਸ ਥੜ੍ਹੇ ’ਤੇ ਬੈਠ ਕੇ ਮੀਰੀ ਤੇ ਪੀਰੀ (ਦੁਨਿਆਵੀ ਅਤੇ ਰੂਹਾਨੀ) ਦੋ ਤਲਵਾਰਾਂ ਪਹਿਨੀਆਂ ਅਤੇ ਇਸ ਥੜ੍ਹੇ ਨੂੰ ਅਕਾਲ ਤਖ਼ਤ ਭਾਵ ਜੁਗੋ ਜੁਗ ਅਟੱਲ ਤਖ਼ਤ, ਦਾ ਨਾਂ ਦਿੱਤਾ। ਉਪਰੰਤ ਆਪਣੀ ਗੁਰ-ਗੱਦੀ ਦੀ ਰਾਖੀ ਲਈ ਅੰਮ੍ਰਿਤਸਰ ਸ਼ਹਿਰ ਦੇ ਬਾਹਰਵਾਰ ਲੋਹ-ਗੜ੍ਹ ਨਾਂ ਦਾ ਕਿਲ੍ਹਾ ਉਸਾਰ ਕੇ ਸਿੱਖਾਂ ਨੂੰ ਫੌਜੀ ਸਿਖਲਾਈ ਦੇਣੀ ਸ਼ੁਰੂ ਕੀਤੀ। ਭਾਈ ਗੁਰਦਾਸ ਜੀ ਅਕਾਲ ਤਖ਼ਤ ਦੇ ਪਹਿਲੇ ਜਥੇਦਾਰ ਥਾਪੇ ਗਏ ਜੋ ਇਸ ਸਥਾਨ ਤੋਂ ਸਿੱਖ ਸੰਗਤਾਂ ਲਈ ਹੁਕਮਨਾਮੇ ਜਾਰੀ ਕਰਦੇ।
ਇਹ ਹੈ ਪੰਜ ਸਦੀਆਂ ਪਹਿਲਾਂ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਇਤਿਹਾਸ ਜੋ ਕਿ ਸਿੱਖਾਂ ਦੀ ਆਜ਼ਾਦ ਹਸਤੀ ਤੇ ਪ੍ਰਭੂਸੱਤਾ ਦਾ ਪ੍ਰਤੀਕ ਹੈ। ਉਸ ਸਮੇਂ ਜਦੋਂ ਕੇਵਲ ਬਾਦਸ਼ਾਹ ਹੀ ਤਖ਼ਤ ’ਤੇ ਬੈਠਣਾ ਆਪਣਾ ਅਧਿਕਾਰ ਸਮਝਦੇ ਸਨ, ਇੱਕ ਦਰਵੇਸ਼ ਨੇ ਤਖ਼ਤ ਉਸਾਰ ਕੇ ਅਤੇ ਉੁਸ ਉੱਪਰ ਬੈਠ ਕੇ ਹਕੂਮਤ ਨੂੰ ਆਪਣੀ ਆਜ਼ਾਦ ਧਾਰਮਿਕ ਅਤੇ ਰਾਜਸੀ ਹਸਤੀ ਹੋਣ ਦੀ ਚੁਣੌਤੀ ਦਿੱਤੀ। ਆਕਾਲ ਤਖ਼ਤ ਸਾਹਮਣੇ ਝੂਲਦੇ ਦੋ ਨਿਸ਼ਾਨ ਸਾਹਿਬ ਸਿੱਖਾਂ ਦੀ ਮੀਰੀ ਤੇ ਪੀਰੀ ਦੇ ਪ੍ਰਤੀਕ ਬਣ ਲਹਿਰਾਏ। ਕਦੇ ਧਿਆਨ ਨਾਲ ਵੇਖਿਆ ਹੋਵੇ ਤਾਂ ਜ਼ਰੂਰ ਪਤਾ ਹੋਣਾ ਕਿ ਇੱਕ ਨਿਸ਼ਾਨ ਸਾਹਿਬ ਦੂਜੇ ਨਾਲੋਂ ਥੋੜ੍ਹਾ ਜਿਹਾ ਛੋਟਾ ਹੈ। ਗੁਰੂ ਸਾਹਿਬ ਨੇ ਪੀਰੀ ਦਾ ਨਿਸ਼ਾਨ ਸਾਹਿਬ ਉੱਚਾ ਅਤੇ ਮੀਰੀ ਦਾ ਨਿਸ਼ਾਨ ਸਾਹਿਬ ਨੀਵਾਂ ਰੱਖਿਆ। ਜੋ ਰੂਹਾਨੀ ਸੋਚ ਤੇ ਸੂਝ ਨੂੰ ਦੁਨਿਆਵੀ ਸੋਚ ਤੇ ਰਾਜਸੀ ਤਾਕਤ ਉੱਪਰ ਕੁੰਡੇ ਦੇ ਰੂਪ ਵਿੱਚ ਦਰਸਾਉਂਦਾ ਹੈ, ਭਾਵ ਭਗਤੀ ਸ਼ਕਤੀ ਤੋਂ ਉੱਪਰ ਹੈ। ਸਿੱਖਾਂ ਲਈ ਰਾਜਸੀ ਸੱਤਾ ਦੀ ਹਿਰਸ ਕਦੇ ਵੀ ਹਾਵੀ ਨਹੀਂ ਹੋਣੀ ਚਾਹੀਦੀ ਅਤੇ ਹਮੇਸ਼ਾਂ ਰੱਬ ਦੀ ਰਜ਼ਾ ਵਿੱਚ ਰਹਿਣਾ ਗੁਰੂ ਜੀ ਦਾ ਉਪਦੇਸ਼ ਹੈ।
ਉਪਰੰਤ ਸੱਤਵੇਂ ਗੁਰੂ ਰਾਮ ਰਾਇ ਅਤੇ ਅੱਠਵੇਂ ਗੁਰੂ ਹਰਕ੍ਰਿਸ਼ਨ ਸਾਹਿਬ ਇਸ ਗੁਰਗੱਦੀ ਅਤੇ ਅਕਾਲ ਤਖ਼ਤ ਸਾਹਿਬ ਦੇ ਵਾਰਿਸ ਬਣੇ। ਨੌਵੇਂ ਗੁਰੂ ਤੇਗ ਬਹਾਦਰ ਜੀ ਦੇ ਗੁਰਗੱਦੀ ’ਤੇ ਬੈਠਣ ਤੱਕ ਪ੍ਰਿਥੀ ਚੰਦ ਵਰਗੇ ਮੀਣਿਆਂ ਦਾ ਇਸ ਸਥਾਨ ’ਤੇ ਕਬਜ਼ਾ ਹੋ ਚੁੱਕਾ ਸੀ। ਸੋ ਉਨ੍ਹਾਂ ਨੇ ਅੰਮ੍ਰਿਤਸਰ ਤੋਂ ਦੂਰ ਪਹਾੜੀਆਂ ਵਿੱਚ ਜਗ੍ਹਾ ਖ਼ਰੀਦ ਕੇ ਆਪਣੀ ਮਾਤਾ ਨਾਨਕੀ ਜੀ ਦੇ ਨਾਂ ’ਤੇ ਨਗਰ ਵਸਾਇਆ ਜੋ ਬਾਅਦ ਵਿੱਚ ਅਜੋਕੇ ਆਨੰਦਪੁਰ ਸਾਹਿਬ ਦੇ ਨਾਂ ਨਾਲ ਜਾਣਿਆ ਜਾਣ ਲੱਗਾ। ਇਸੇ ਸਥਾਨ ’ਤੇ ਨੌਂ ਸਾਲ ਦੀ ਉਮਰ ਵਿੱਚ ਆਪਣੇ ਪਿਤਾ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਦੇ ਬਾਅਦ ਬਾਲ ਗੁਰੂ ਗੋਬਿੰਦ ਰਾਏ ਨੇ ਗੁਰਗੱਦੀ ਸੰਭਾਲੀ ਅਤੇ ਸੰਨ 1699 ਦੀ ਵਿਸਾਖੀ ਵਾਲੇ ਦਿਨ ਜਾਤ-ਪਾਤ ਤੇ ਊਚ-ਨੀਚ ਦਾ ਖੰਡਨ ਕਰਦੇ ਖਾਲਸਾ ਪੰਥ ਦੀ ਸਾਜਨਾ ਕੀਤੀ। ਇਸ ਤਰ੍ਹਾਂ ਸਿੱਖ ਨੂੰ ਸਿੰਘ (ਸ਼ੇਰ) ਤੇ ਸਿੱਖੀ ਨੂੰ ਸਿੱਖ-ਪੰਥ ਦਾ ਦਰਜਾ ਹਾਸਲ ਹੋ ਗਿਆ। ਗੁਰੂ ਗੋਬਿੰਦ ਸਿੰਘ ਜੀ ਨੇ ਸਮੇਂ ਦੀ ਹਕੂਮਤ ਦੇ ਜ਼ੁਲਮਾਂ ਤੇ ਵਧੀਕੀਆਂ ਨੂੰ ਜੰਗਾਂ ਤੇ ਯੁੱਧਾਂ ਵਿੱਚ ਜਿੱਤ ਹਾਸਲ ਕਰਕੇ ਮੂੰਹ ਤੋੜਵਾਂ ਜੁਆਬ ਦਿੱਤਾ ਅਤੇ ਸਿੱਖਾਂ ਦੀ ਆਜ਼ਾਦ ਹਸਤੀ ਤੇ ਪ੍ਰਭੂਸੱਤਾ ਦੀ ਰਵਾਇਤ ਨੂੰ ਕਾਇਮ ਰੱਖਿਆ।
ਸੰਨ 1708 ਵਿੱਚ ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਉਪਰੰਤ ਗੁਰੂ ਦੇ ਵਰੋਸਾਏ ਸਿੱਖ ਬੰਦਾ ਸਿੰਘ ਬਹਾਦਰ ਨੇ ਪੰਜਾਬ ਵੱਲ ਮੂੰਹ ਕੀਤਾ ਅਤੇ ਮੁਗ਼ਲ ਹਕੂਮਤ ਦੀ ਇੱਟ ਨਾਲ ਇੱਟ ਖੜਕਾ ਕੇ ਖਾਲਸਾ-ਰਾਜ ਸਥਾਪਤ ਕੀਤਾ, ਜਿਸ ਵਿੱਚ ਕਰੀਬ ਅੱਠ ਸਾਲ ਖਾਲਸਾ ਪੰਥ ਦਾ ਬੋਲਬਾਲਾ ਰਿਹਾ। ਵਕਤ ਦੀ ਹਕੂਮਤ ਵੱਲੋਂ ਇਸ ਯੋਧੇ ਨੂੰ ਅਕਿਹ ਕਸ਼ਟ ਦੇ ਕੇ ਸ਼ਹੀਦ ਕਰ ਦੇਣ ਤੋਂ ਬਾਅਦ ਖਾਲਸਾ-ਪੰਥ ਔਝੜ ਰਾਹਾਂ ਦਾ ਪਾਂਧੀ ਹੋ ਨਿੱਬੜਿਆ। ਸੰਘਣੇ ਲੱਖੀ ਜੰਗਲਾਂ ਵਿੱਚ ਰਹਿਣ ਲਈ ਮਜਬੂਰ ਸਿੱਖਾਂ ਦੇ ਘੋੜਿਆਂ ਦੀਆਂ ਕਾਠੀਆਂ ਹੀ ਉਨ੍ਹਾਂ ਦੇ ਰੈਣ ਬਸੇਰੇ ਬਣ ਗਏ। ਲੱਖਪਤ ਤੇ ਅਬਦਾਲੀ ਵਰਗੇ ਸਾਸ਼ਕਾਂ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖ ਦਿੱਤੇ, ਪਰ ਸਿੱਖਾਂ ਦੇ ਹੌਸਲੇ ਬੁਲੰਦ ਅਤੇ ਗੁਰੂ ਦਾ ਥਾਪਿਆ ਸਿੱਖ-ਪੰਥ ਚੜ੍ਹਦੀ ਕਲਾ ਵਿੱਚ ਰਿਹਾ। ਉਹ ਅਗਵਾਈ ਲਈ ਅੰਮ੍ਰਿਤਸਰ ਦੇ ਪਵਿੱਤਰ ਸਥਾਨ ’ਤੇ ਇਕੱਠੇ ਹੁੰਦੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਥਾਪੇ ਗਏ ਜਥੇਦਾਰ ਸਾਹਿਬ ਤੋਂ ਅਗਵਾਈ ਲੈਂਦੇ।
ਸਮਾਂ ਹਮੇਸ਼ਾਂ ਇੱਕੋ ਜਿਹਾ ਨਹੀਂ ਰਹਿੰਦਾ। ਛੋਟੀਆਂ ਛੋਟੀਆਂ ਮਿਸਲਾਂ ਬਣ ਉੱਭਰੇ ਸਿੱਖ ਸਰਦਾਰਾਂ ਨੂੰ ਇਕੱਠਾ ਕਰ ਯੋਧੇ ਰਣਜੀਤ ਸਿੰਘ ਨੇ ਸੰਨ 1799 ਨੂੰ ਲਾਹੌਰ ਦੇ ਕਿਲ੍ਹੇ ’ਤੇ ਕਬਜ਼ਾ ਕਰ ਲਿਆ ਅਤੇ ਮਹਾਰਾਜਾ ਰਣਜੀਤ ਸਿੰਘ ਬਣ ਪੰਜਾਬ ਤੇ ਚਾਲੀ ਸਾਲ ਰਾਜ ਕੀਤਾ। ਆਪਣੇ ਰਾਜਸੀ ਤਖ਼ਤ ਦੀ ਅਥਾਹ ਤਾਕਤ ਹੋਣ ਦੇ ਬਾਵਜੂਦ ਉਨ੍ਹਾਂ ਅਕਾਲ ਤਖ਼ਤ ਸਾਹਿਬ ਦੀ ਆਜ਼ਾਦ ਹਸਤੀ ਤੇ ਪ੍ਰਭੂਸੱਤਾ ਨੂੰ ਕਦੇ ਚੁਣੌਤੀ ਦੇਣ ਦਾ ਸਾਹਸ ਨਾ ਕੀਤਾ। ਅਕਾਲ ਤਖ਼ਤ ਸਾਹਿਬ ਦੇ ਕਾਇਮ ਮੁਕਾਮ ਜਥੇਦਾਰ ਅਕਾਲੀ ਫੂਲਾ ਸਿੰਘ ਵੱਲੋਂ ਮਹਾਰਾਜੇ ਦੀਆਂ ਬੱਜਰ ਗਲਤੀਆਂ ਲਈ ਉਨ੍ਹਾਂ ਨੂੰ ਤਨਖਾਹ ਲਗਾਈ ਗਈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਹੁਕਮ ਨੂੰ ਰੱਬੀ ਹੁਕਮ ਮੰਨ ਮਹਾਰਾਜੇ ਨੇ ਸਿਰ ਮੱਥੇ ਮੰਨਿਆ ਅਤੇ ਕੋਰੜਿਆਂ ਦੀ ਸਜ਼ਾ ਲਈ ਅਕਾਲ ਤਖ਼ਤ ਸਾਹਮਣੇ ਪੇਸ਼ ਹੋ ਗਏ। ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿੱਖ-ਪੰਥ ਲਈ ਅਹਿਮੀਅਤ ਦਾ ਸਾਡਾ ਸ਼ਾਨਾਮੱਤਾ ਇਤਿਹਾਸਕ ਪਿਛੋਕੜ ਹੈ।
ਸਿੱਖ-ਰਾਜ ਦੇ ਪਤਨ ਤੋਂ ਬਾਅਦ ਪੰਜਾਬ ਦਾ ਰਾਜ ਅੰਗਰੇਜ਼ਾਂ ਦੇ ਹੱਥ ਆ ਗਿਆ ਅਤੇ ਸਿੱਖ ਵੀ ਹੋਰਨਾਂ ਭਾਰਤੀਆਂ ਵਾਂਗ ਅੰਗਰੇਜ਼ਾਂ ਦੇ ਗੁਲਾਮ ਹੋ ਗਏ। ਅੰਗਰੇਜ਼ ਰਾਜ ਵੇਲੇ ਗੁਰਦੁਆਰਿਆਂ ਦੇ ਪ੍ਰਬੰਧ ਲਈ ‘ਗੁਰਦੁਆਰਾ ਐਕਟ’ ਬਣਾਇਆ ਗਿਆ ਜਿਸ ਅਨੁਸਾਰ ਬਾਅਦ ਵਿੱਚ ਗੁਰਦੁਆਰਿਆਂ ਦੀ ਸਾਂਭ ਸੰਭਾਲ ਲਈ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਹੋਂਦ ਵਿੱਚ ਆਈ। ਸਿੱਖਾਂ ਵੱਲੋਂ ‘ਅਕਾਲੀ ਪਾਰਟੀ’ ਨਾਂ ਦੀ ਆਪਣੀ ਰਾਜਨੀਤਿਕ ਪਾਰਟੀ ਦੀ ਨੀਂਹ ਵੀ ਉਨ੍ਹਾਂ ਸਮਿਆਂ ਵਿੱਚ ਰੱਖ ਲਈ ਗਈ। ਦੇਸ਼ ਦੀ ਆਜ਼ਾਦੀ ਵਿੱਚ ਅਕਾਲੀ ਪਾਰਟੀ ਦਾ ਆਪਣਾ ਜ਼ਿਕਰਯੋਗ ਯੋਗਦਾਨ ਰਿਹਾ। ਹਾਲਾਤ ਜੋ ਵੀ ਬਣੇ ਹੋਣ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਿੱਖਾਂ ਦੀ ਆਜ਼ਾਦ ਹਸਤੀ ਨੂੰ ਢਾਅ ਨਹੀਂ ਲੱਗੀ। ਸਿੱਖ ਪੰਥ ਦੇ ਵਿਕਾਸ ਜਾਂ ਸਮੇਂ ਦੀ ਲੋੜ ਕਹਿ ਲਓ, ਅੱਜ ਭਾਰਤ ਵਿੱਚ ਵੱਖ ਵੱਖ ਸਥਾਨਾਂ ’ਤੇ ਪੰਜ ਤਖ਼ਤ ਸਥਾਪਤ ਹਨ-ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ, ਤਖ਼ਤ ਸ੍ਰੀ ਕੇਸ ਗੜ੍ਹ ਸਾਹਿਬ, ਆਨੰਦਪੁਰ ਸਾਹਿਬ, ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋਂ, ਤਖ਼ਤ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ। ਇਨ੍ਹਾਂ ਪੰਜਾਂ ਤਖ਼ਤਾਂ ਵਿੱਚੋਂ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਸਥਾਪਤ ‘ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ’ ਸਰਵੋਤਮ ਹੈ, ਜਿਸ ਤੋਂ ਕੌਮ ਨੂੰ ਪ੍ਰੇਰਨਾ ਅਤੇ ਅਗਵਾਈ ਮਿਲਦੀ ਹੈ। ਇਸ ਤਖ਼ਤ ਦੇ ਜਥੇਦਾਰ ਸਾਹਿਬ ਦੀ ਨਿਯੁਕਤੀ ਉਪਰੰਤ ਉਨ੍ਹਾਂ ਨੂੰ ਗੁਰੂ ਦੁਆਰਾ ਵਰੋਸਾਏ ਜਥੇਦਾਰ ਦੀ ਹਸਤੀ ਦਾ ਦਰਜਾ ਪ੍ਰਾਪਤ ਹੋ ਜਾਂਦਾ ਹੈ। ਜਥੇਦਾਰ ਸਾਹਿਬ ਦਾ ਹੁਕਮਨਾਮਾ ਸੰਸਾਰ ਭਰ ਦੇ ਸਿੱਖਾਂ ਲਈ ਰੱਬੀ ਹੁਕਮ ਮੰਨਿਆ ਜਾਂਦਾ ਹੈ ਅਤੇ ਹੁਕਮਨਾਮੇ ਨੂੰ ਮੰਨਣਾ ਗੁਰੂ ਦਾ ਹੁਕਮ ਸਮਝਿਆ ਜਾਂਦਾ ਹੈ।
ਪ੍ਰੰਤੂ ਅਫ਼ਸੋਸ ਹੈ ਕਿ ਅੱਜ ਸਿੱਖ-ਪੰਥ ਅਤੇ ਅਕਾਲੀ ਪਾਰਟੀ ਨੂੰ ਚੁਣੌਤੀ ਭਰਪੂਰ ਸਮੇਂ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ। ਰਾਜਸੀ ਸੱਤਾ ਦੀ ਲਾਲਸਾ ਤੇ ਚਾਹਨਾ ਵਿੰਗੇ ਟੇਢੇ ਯਤਨਾਂ ਨਾਲ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਅਣਗੌਲਿਆ ਕਰਦੀ ਲੱਗਦੀ ਹੈ। ਯਾਦ ਰੱਖਣਾ ਚਾਹੀਦਾ ਹੈ ਕਿ ਇਨ੍ਹਾਂ ਚੁਣੌਤੀ ਭਰਪੂਰ ਸਮਿਆਂ ਵਿੱਚ ਵੀ ਭਵਿੱਖ ਵਿੱਚ ਇਤਿਹਾਸ ਦੇ ਪੰਨਿਆਂ ਦੀ ਇਬਾਰਤ ਬਣਨਾ ਹੈ। ਇਤਿਹਾਸ ਕਦੇ ਵੀ ਗ਼ਲਤੀਆਂ ਨੂੰ ਭੁੱਲਦਾ ਜਾਂ ਅੱਖੋਂ ਪਰੋਖੇ ਨਹੀਂ ਕਰਦਾ ਹੈ। ਅਜੇ ਬਹੁਤੀ ਦੇਰ ਨਹੀਂ ਹੋਈ, ਆਪਾਂ ਵਿੱਚੋਂ ਬਹੁਤਿਆਂ ਨੇ 1984 ਵਿੱਚ ਆਜ਼ਾਦ ਦੇਸ਼ ਦੀ ਸਰਕਾਰ ਵੱਲੋਂ ਸ੍ਰੀ ਦਰਬਾਰ ਸਾਹਿਬ ਉੱਪਰ ਫੌਜਾਂ ਤੇ ਟੈਂਕਾਂ ਨਾਲ ਹਮਲੇ ਨੂੰ ਅੱਖੀਂ ਵੇਖਿਆ ਸੀ। ਇਸ ਪਿੱਛੇ ਕਾਰਨ ਕੁਝ ਵੀ ਰਹੇ ਹੋਣ, ਗ਼ਲਤੀ ਕਿਸੇ ਧਿਰ ਦੀ ਵੀ ਹੋਵੇ, ਪਰ ਨੁਕਸਾਨ ਸਿੱਖਾਂ ਦਾ ਤੇ ਸਿੱਖ-ਪੰਥ ਦਾ ਹੋਇਆ। ਫਿਰ ਵੀ ਸਿਆਸਤਦਾਨਾਂ ਨੂੰ ਸਮਝ ਨਹੀਂ ਲੱਗਦੀ। ਉਹ ਰਾਜਸੀ ਲਾਭਾਂ ਲਈ ਕੌਮ ਦੇ ਵੱਕਾਰ ਨੂੰ ਦਾਅ ’ਤੇ ਲਾ ਕੇ ਆਪਣੇ ਰਾਜਨੀਤਿਕ ਹਿੱਤਾਂ ਲਈ ਕੁਝ ਵੀ ਕਰ ਗੁਜ਼ਰਨ ਨੂੰ ਤਿਆਰ ਹੋ ਜਾਂਦੇ ਹਨ। ਚਾਹੇ ਝੂਠੇ ਤੇ ਦੰਭੀ ਸਾਧਾਂ ਦੇ ਸੰਗ ਖੜ੍ਹੇ ਹੋਣਾ ਹੋਵੇ ਜਾਂ ਆਪਣੇ ਹੀ ਲੋਕਾਂ ’ਤੇ ਗੋਲੀਆਂ ਦੀ ਵਾਛੜ ਕਰਵਾ ਦੇਣੀ ਹੋਵੇ, ਗੁਰੇਜ਼ ਨਹੀਂ ਕੀਤਾ ਜਾਂਦਾ। ਵਾਹਿਗੁਰੂ ਇਨ੍ਹਾਂ ਨੂੰ ਸੁਮੱਤ ਬਖ਼ਸ਼ੇ!
ਸੰਪਰਕ: 403-402-9635

Advertisement
Author Image

Balwinder Kaur

View all posts

Advertisement